ਧੁੰਦ ਨਾਲ ਜਨਜੀਵਨ ਹੋਇਆ ਪ੍ਰਭਾਵਿਤ

Sunday, Jan 28, 2018 - 12:01 AM (IST)

ਧੁੰਦ ਨਾਲ ਜਨਜੀਵਨ ਹੋਇਆ ਪ੍ਰਭਾਵਿਤ

ਜਲਾਲਾਬਾਦ(ਬਜਾਜ)—ਇਲਾਕੇ ਵਿਚ ਬੀਤੇ ਦਿਨ ਹੋਈ ਬੂੰਦਾਂ-ਬਾਦੀ ਤੋਂ ਬਾਅਦ ਕਹਿਰ ਦੀ ਠੰਡ ਵਧਣ ਨਾਲ ਸ਼ੀਤ ਲਹਿਰ ਚੱਲ ਰਹੀ ਹੈ ਅਤੇ ਠੰਡ ਦੇ ਕਹਿਰ ਨਾਲ ਬੁਰੀ ਤਰ੍ਹਾਂ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਪਿਛਲੇ ਦੋ ਦਿਨਾਂ ਤੋਂ ਇਲਾਕੇ ਵਿਚ ਸੂਰਜ ਨੇ ਦਰਸ਼ਨ ਨਹੀਂ ਦਿੱਤੇ ਅਤੇ ਸੰਘਣੀ ਧੁੰਦ ਛਾਈ ਹੋਈ ਹੈ ਤੇ ਠੰਡ ਦੇ ਕਹਿਰ ਤੋਂ ਬਚਣ ਲਈ ਲੋਕਾਂ ਨੂੰ ਅੱਗ ਦਾ ਸਾਹਰਾ ਲੈਣਾ ਪੈ ਰਿਹਾ ਹੈ। ਠੰਡ ਦਾ ਕਹਿਰ ਵਧਣ ਨਾਲ ਆਵਾਰਾ ਫਿਰਦੇ ਪਸ਼ੂ ਵੀ ਸੜਕਾਂ 'ਤੇ ਠੱਰਦੇ ਵੇਖੇ ਜਾ ਰਹੇ ਹਨ। ਸ਼ੀਤ ਲਹਿਰ ਚੱਲਣ ਨਾਲ ਪਿੰਡਾਂ ਤੋਂ ਲੋਕਾਂ ਦਾ ਸ਼ਹਿਰ ਵੱਲ ਆਉਣਾ ਘੱਟ ਹੋ ਜਾਣ ਕਾਰਨ ਬਾਜ਼ਾਰਾਂ ਵਿਚ ਰੌਣਕਾਂ ਘੱਟ ਗਈਆਂ ਹਨ ਅਤੇ ਦੁਕਾਨਦਾਰ ਸਾਰਾ ਦਿਨ ਦੁਕਾਨਾਂ ਵਿਚ ਵਿਹਲੇ ਬੈਠ ਕੇ ਵਾਪਸ ਜਾ ਰਹੇ ਹਨ। ਇਸ ਲਈ ਦੁਕਾਨਦਾਰੀ 'ਤੇ ਵੀ ਬਹੁਤ ਅਸਰ ਪੈ ਰਿਹਾ ਹੈ। ਸੰਘਣੀ ਧੁੰਦ ਕਾਰਨ ਸੜਕਾਂ 'ਤੇ ਦਿਨ ਵੇਲੇ ਵੀ ਵਹਾਨ ਚਾਲਕ ਲਾਈਟਾਂ ਦਾ ਸਹਾਰਾ ਲੈ ਕੇ ਚੱਲ ਰਹੇ ਹਨ।  ਦੂਜੇ ਪਾਸੇ ਵਧੀ ਠੰਡ ਕਿਸਾਨਾਂ ਵੱਲੋਂ ਕਣਕ ਦੀ ਫਸਲ ਲਈ ਲਾਹੇਵੰਦ ਦੱਸੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਠੰਡ ਤੇ ਕੋਹਰਾ ਪੈਣ ਨਾਲ ਕਣਕ ਫੋਟ ਕਰੇਗੀ ਅਤੇ ਝਾੜ ਵਧਣ ਵਿਚ ਮਦਦ ਮਿਲੇਗੀ, ਜਦਕਿ ਕੋਹਰੇ ਦੇ ਕਹਿਰ ਨਾਲ ਸਬਜ਼ੀਆਂ ਦਾ ਨੁਕਸਾਨ ਹੋ ਰਿਹਾ ਹੈ ਅਤੇ ਕਿਸਾਨ ਭਰਾਵਾਂ ਨੇ ਮਿਰਚਾਂ, ਬੈਂਗਣਾਂ ਤੇ ਟਮਾਟਰਾਂ ਆਦਿ ਸਬਜ਼ੀਆਂ ਨੂੰ ਕੋਹਰੇ ਤੋਂ ਬਚਾਉਣ ਲਈ ਤਰਪੇਲਾਂ ਨਾਲ ਢੱਕਿਆ ਹੋਇਆ ਹੈ ਤਾਂ ਜੋ ਠੰਡ ਤੋਂ ਸਬਜ਼ੀਆਂ ਬਚ ਸਕਣ। ਇਸ ਤੋਂ ਇਲਾਵਾ ਠੰਡ ਦਾ ਪ੍ਰਭਾਵ ਮਜ਼ਦੂਰਾਂ 'ਤੇ ਵੀ ਪੈ ਰਿਹਾ ਹੈ ਕਿਉਂਕਿ ਮਜ਼ਦੂਰਾਂ ਨੂੰ ਮਜ਼ਦੂਰੀ ਕਰਨ ਨੂੰ ਨਹੀਂ ਮਿਲ ਰਹੀ ਹੈ ਅਤੇ ਉਹ ਵਿਹਲੇ ਆਪਣੇ ਘਰਾਂ ਵਿਚ ਬੈਠੇ ਹਨ।


Related News