ਸੰਘਣੇ ਕੋਹਰੇ ਦੀ ਚਾਦਰ ''ਚ ਲਿਪਟਿਆ ਮਹਾਨਗਰ ਜ਼ੀਰੋ ਵਿਜ਼ੀਬਿਲਟੀ ਕਾਰਨ ਰੇਂਗਦੇ ਨਜ਼ਰ ਆਏ ਵਾਹਨ
Tuesday, Jan 02, 2018 - 05:03 AM (IST)

ਲੁਧਿਆਣਾ(ਸਲੂਜਾ)-ਇਸ ਠੰਡ ਦੇ ਮੌਸਮ ਵਿਚ ਅੱਜ ਪਹਿਲੀ ਵਾਰ ਸ਼ਾਮ ਢਲਦੇ ਹੀ ਸਥਾਨਕ ਮਹਾਨਗਰ ਹੌਲੀ-ਹੌਲੀ ਸੰਘਣੇ ਕੋਹਰੇ ਦੀ ਚਾਦਰ ਵਿਚ ਲਿਪਟ ਕੇ ਰਹਿ ਗਿਆ। ਵਿਜ਼ੀਬਿਲਟੀ ਨਾਂਹ ਦੇ ਬਰਾਬਰ ਰਹਿਣ ਨਾਲ ਸੜਕਾਂ 'ਤੇ ਵਾਹਨਾਂ ਦੀ ਰਫਤਾਰ ਇਕਦਮ ਮੱਧਮ ਪੈ ਗਈ। ਸੀਤ ਲਹਿਰ ਦੇ ਵਧੇ ਕਹਿਰ ਕਾਰਨ ਸਵੇਰ ਅਤੇ ਰਾਤ ਸਮੇਂ ਸਰੀਰ ਨੂੰ ਝੰਜੋੜ ਕੇ ਰੱਖ ਦੇਣ ਵਾਲੀ ਠੰਡ ਕਾਰਨ ਹਰ ਕੋਈ ਕੰਬਦਾ ਨਜ਼ਰ ਆ ਰਿਹਾ ਸੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਜ਼ਿਆਦਾ ਤੋਂ ਜ਼ਿਆਦਾ ਤਾਪਮਾਨ ਦਾ ਪਾਰਾ 19.6 ਅਤੇ ਘੱਟੋ-ਘੱਟ 5.4 ਡਿਗਰੀ ਸੈਲਸੀਅਸ ਰਿਹਾ। ਸਵੇਰ ਸਮੇਂ ਹਵਾ ਵਿਚ ਨਮੀ ਦੀ ਮਾਤਰਾ 97 ਅਤੇ ਸ਼ਾਮ ਨੂੰ 61 ਫੀਸਦੀ ਰਹੀ, ਜਦੋਂ ਕਿ ਦਿਨ ਦੀ ਲੰਬਾਈ 10 ਘੰਟੇ 10 ਮਿੰਟ ਰਹੀ। ਮੌਸਮ ਮਾਹਿਰਾਂ ਨੇ ਆਉਣ ਵਾਲੇ 24 ਘੰਟਿਆਂ ਦੌਰਾਨ ਮੌਸਮ ਦੇ ਮਿਜ਼ਾਜ ਸਬੰਧੀ ਇਹ ਜਾਣਕਾਰੀ ਦਿੱਤੀ ਹੈ ਕਿ ਲੁਧਿਆਣਾ ਸਮੇਤ ਨਾਲ ਲਗਦੇ ਹੋਰਨਾਂ ਇਲਾਕਿਆਂ ਵਿਚ ਆਸਮਾਨ 'ਤੇ ਬੱਦਲ ਛਾਏ ਰਹਿ ਸਕਦੇ ਹਨ।