ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਵੱਢ ਛੱਡਿਆ 24 ਸਾਲਾ ਮੁੰਡਾ, ਕਾਰਨ ਜਾਣ ਰਹਿ ਜਾਓਗੇ ਹੈਰਾਨ

02/21/2017 4:42:31 PM

ਬਨੂੜ (ਅਮਨਦੀਪ) : ਨੇੜਲੇ ਪਿੰਡ ਨੰਡਿਆਲੀ ਵਿਖੇ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ 24 ਸਾਲਾ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਦਕਿ 22 ਸਾਲਾ ਰਿੰਕੂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਜ਼ਖਮੀ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਿਥੇ ਜ਼ਖਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਪੁਲਸ ਨੇ ਮ੍ਰਿਤਕ ਦੇ ਪਿਤਾ ਅਮੀਰ ਚੰਦ ਦੇ ਬਿਆਨਾਂ ਦੇ ਆਧਾਰ ''ਤੇ 7 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਸੀ ਹੋਈ।
ਏ. ਐੱਸ. ਆਈ ਹਰਜਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 19 ਫ਼ਰਵਰੀ ਦੀ ਸ਼ਾਮ ਲਗਭਗ 7.30 ਵਜੇ ਜਗਦੀਸ਼ ਕੁਮਾਰ ਅਤੇ ਰਿੰਕੂ ਪਿੰਡ ਵਿਚ ਲੱਗੀ ਕੁਲਚਿਆਂ ਦੀ ਰੇਹੜੀ ਤੋਂ ਛੋਲੇ ਕੁਲਚੇ ਖਾ ਰਹੇ ਸਨ। ਇੰਨੇ ਵਿਚ ਪਿੰਡ ਦਾ ਵਸਨੀਕ ਗੁਰਮੇਲ ਸਿੰਘ ਮੋਟਰਸਾਈਕਲ ''ਤੇ ਸਵਾਰ ਹੋ ਕੇ ਉਥੇ ਆ ਗਿਆ, ਉਸ ਨੇ ਰੇਹੜੀ ਵਾਲੇ ਨੂੰ ਰੇਹੜੀ ਅੱਗੇ ਕਰਨ ਲਈ ਕਿਹਾ। ਇੰਨੇ ਵਿਚ ਜਗਦੀਸ਼ ਕੁਮਰ ਤੇ ਰਿੰਕੂ ਦੀ ਕਿਸੇ ਗੱਲ ਨੂੰ ਲੈ ਕੇ ਗੁਰਮੇਲ ਨਾਲ ਤਕਰਾਰ ਹੋ ਗਈ। ਤਕਰਾਰਬਾਜ਼ੀ ਲੜਾਈ ਝਗੜੇ ਵਿਚ ਬਦਲ ਗਈ। ਕਿਸੇ ਨੇ ਇਸ ਲੜਾਈ ਦੀ ਇਤਲਾਹ ਪੁਲਸ ਨੂੰ ਦੇ ਦਿੱਤੀ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਸੂਚਨਾ ਮਿਲਦੇ ਹੀ ਪੁਲਸ ਪਾਰਟੀ ਨਾਲ ਮੌਕੇ ''ਤੇ ਪੁੱਜ ਗਏ। ਪੁਲਸ ਨੂੰ ਵੇਖ ਕੇ ਜਗਦੀਸ਼ ਕੁਮਾਰ ਤੇ ਰਿੰਕੂ ਉਥੋਂ ਭਂੱਜ ਨਿਕਲੇ। ਘਟਨਾ ਤੋਂ ਬਾਅਦ ਜਗਦੀਸ਼ ਤੇ ਰਿੰਕੂ ਆਪਣੇ ਖੇਤਾਂ ਵਿਚ ਚਲੇ ਗਏ ਰਾਤ ਨੂੰ ਗੁਰਮੇਲ ਸਿੰਘ ਦੇ ਲੜਕਿਆਂ ਨੂੰ ਜਗਦੀਸ਼ ਤੇ ਰਿੰਕੂ ਦਾ ਆਪਣੇ ਖੇਤਾ ਵਿਚ ਹੋਣ ਦਾ ਪਤਾ ਲੱਗ ਗਿਆ ਤਾਂ ਗੁਰਮੇਲ ਸਿੰਘ ਦੇ ਤਿੰਨੇ ਲੜਕੇ ਆਪਣੇ ਸਾਥੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਖੇਤਾ ਵਿਚ ਪੁੱਜ ਗਏ।
ਦੋਸ਼ੀਆਂ ਨੇ ਜਾਂਦੇ ਹੀ ਜਗਦੀਸ਼ ਅਤੇ ਰਿੰਕੂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਦੋਵਾਂ ਬੁਰੀ ਤਰ੍ਹਾਂ ਜ਼ਖ਼ਮੀ ਕਰ ਦਿੱਤਾ। ਹਮਲੇ ਦੀ ਸੂਚਨਾ ਜਗਦੀਸ਼ ਕੁਮਾਰ ਦੇ ਪਰਿਵਾਰਕ ਮੈਂਬਰਾ ਨੂੰ ਮਿਲੀ ਤਾਂ ਉਹ ਮੌਕੇ ''ਤੇ ਪੁੱਜ ਗਏ, ਹਮਲਾਵਰ ਪਰਿਵਾਰਕ ਮੈਂਬਰਾ ਨੂੰ ਆਉਂਦੇ ਵੇਖ ਮੌਕੇ ਤੋਂ ਭੱਜ ਨਿਕਲੇ। ਜ਼ਖ਼ਮੀਆਂ ਨੂੰ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਪਹੁੰਚਾਇਆ ਗਿਆ। ਜਿਥੇ 20 ਫਰਵਰੀ ਦੀ ਰਾਤ ਨੂੰ ਜਗਦੀਸ਼ ਕੁਮਾਰ ਨੇ ਦਮ ਤੋੜ ਦਿੱਤਾ ਤੇ ਜ਼ਖ਼ਮੀ ਰਿੰਕੂ ਚੰਡੀਗੜ੍ਹ ਦੇ ਸੈਕਟਰ 32 ਦੇ ਜਨਰਲ ਹਸਪਤਾਲ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ। ਜਾਂਚ ਅਧਿਕਾਰੀ ਹਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਮ੍ਰਿਤਕ ਜਗਦੀਸ਼ ਕੁਮਾਰ ਦੇ ਪਿਤਾ ਅਮੀਰ ਚੰਦ ਦੇ ਬਿਆਨਾਂ ਦੇ ਅਧਾਰ ''ਤੇ 8 ਹਮਲਾਵਰਾਂ ਜਿਨ੍ਹਾਂ ਵਿਚ ਗਰਮੇਲ ਸਿੰਘ, ਕੁਲਦੀਪ ਸਿੰਘ, ਕਾਕਾ ਸਿੰਘ, ਚਰਨਜੀਤ ਸਿੰਘ, ਚਰਨ ਸਿੰਘ, ਕ੍ਰਿਸ਼ਨ ਸਿੰਘ, ਭਿੰਦਰ ਸਿੰਘ, ਗੋਲਡੀ ਸਾਰੇ ਵਸਨੀਕ ਪਿੰਡ ਨੰਡਿਆਲੀ ਵਿਰੁੱਧ ਧਾਰਾ ਮੁਕੱਦਮਾ ਦਰਜ ਕਰ ਲਿਆ ਹੈ।


Gurminder Singh

Content Editor

Related News