ਲੜਕੀਆਂ ਨੂੰ ਖੇਡਾਂ ਦੇ ਖੇਤਰ ’ਚ ਅੱਗੇ ਲਿਜਾਣ ਲਈ ਦੇਵਾਂਗੇ ਬਿਹਤਰ ਸਹੂਲਤਾਂ : ਬੀਬੀ ਜਗੀਰ ਕੌਰ
Sunday, Mar 14, 2021 - 01:38 AM (IST)
ਅੰਮ੍ਰਿਤਸਰ/ਜਲੰਧਰ, (ਦੀਪਕ, ਰਾਹੁਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲੜਕੀਆਂ ਲਈ ਸਥਾਪਿਤ ਕੀਤੀ ਜਾ ਰਹੀ ਖੇਡ ਅਕੈਡਮੀ ਲਈ 2 ਦਿਨਾ ਖੇਡ ਟਰਾਇਲਾਂ ਦੀ ਸ਼ੁਰੂਆਤ ਅੱਜ ਪੀ. ਏ. ਪੀ. ਗਰਾਊਂਡ ਜਲੰਧਰ ਵਿਖੇ ਹੋਈ, ਜਿਸ ਦਾ ਉਦਘਾਟਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਕੀਤਾ ਗਿਆ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਲੜਕੀਆਂ ਲਈ ਵੱਖਰਾ ਸਪੋਰਟਸ ਡਾਇਰੈਕਟੋਰੇਟ ਸਥਾਪਿਤ ਕਰਦਿਆਂ ਖੇਡ ਅਕੈਡਮੀ ਚਲਾਉਣ ਦਾ ਐਲਾਨ ਕੀਤਾ ਸੀ। ਇਸੇ ਤਹਿਤ ਹੀ ਅੱਜ ਲਏ ਗਏ ਟਰਾਇਲਾਂ ਸਮੇਂ ਵੱਡੀ ਗਿਣਤੀ ’ਚ ਲੜਕੀਆਂ ਨੇ ਸ਼ਮੂਲੀਅਤ ਕੀਤੀ। ਹਾਕੀ, ਬਾਸਕਟਬਾਲ ਅਤੇ ਐਥਲੈਟਿਕਸ ਲਈ ਟਰਾਇਲ ਦੇਣ ਪੁੱਜੀਆਂ ਲਡ਼ਕੀਆਂ ’ਚ ਭਾਰੀ ਉਤਸ਼ਾਹ ਸੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਅੱਜ ਪੂਰੀ ਦੁਨੀਆ ’ਚ ਲੜਕੀਆਂ ਆਪਣੀ ਕਾਬਲੀਅਤ ਕਰ ਕੇ ਵੱਖ-ਵੱਖ ਖੇਤਰਾਂ ’ਚ ਵੱਡੀਆਂ ਮੱਲਾਂ ਮਾਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨ ਨੇ ਔਰਤਾਂ ਨੂੰ ਮਹਾਨ ਦਰਜਾ ਦਿੱਤਾ ਸੀ। ਸ਼੍ਰੋਮਣੀ ਕਮੇਟੀ ਵੱਲੋਂ ਜਿਥੇ ਹਰ ਸਾਲ ਸਕੂਲਾਂ ਕਾਲਜਾਂ ਦੀਆਂ ਖ਼ਾਲਸਈ ਖੇਡਾਂ ਕਰਵਾਈਆਂ ਜਾਂਦੀਆਂ ਹਨ, ਉੱਥੇ ਹੀ ਹੁਣ ਲੜਕੀਆਂ ਲਈ ਵੱਖਰਾ ਡਾਇਰੈਕਟੋਰੇਟ ਖੇਡਾਂ ਸਥਾਪਤ ਕਰਕੇ ਅਕੈਡਮੀ ਬਣਾਈ ਜਾ ਰਹੀ ਹੈ, ਤਾਂ ਜੋ ਹੁਨਰਮੰਦ ਲੜਕੀਆਂ ਖੇਡਾਂ ਦੇ ਖੇਤਰ ’ਚ ਅੱਗੇ ਵੱਧ ਸਕਣ। ਬੀਬੀ ਜਗੀਰ ਕੌਰ ਨੇ ਕਿਹਾ ਕਿ ਲੜਕੀਆਂ ਦੀ ਖੇਡ ਅਕੈਡਮੀ ਲਈ ਹਰ ਤਰ੍ਹਾਂ ਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਚੰਗੇ ਕੋਚਾਂ ਦੁਆਰਾ ਖੇਡ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਕੈਡਮੀ ਲਈ ਸਲਾਹਕਾਰ ਵਜੋਂ ਵੱਖ-ਵੱਖ ਖੇਡਾਂ ’ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੱਲਾਂ ਮਾਰਨ ਵਾਲੀਆਂ ਖਿਡਾਰਨਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਅੱਜ ਲਏ ਗਏ ਟਰਾਇਲਾਂ ਦੌਰਾਨ ਬਾਸਕਟਬਾਲ ਲਈ ਅਰਜਨਾ ਐਵਾਰਡੀ ਸੱਜਣ ਸਿੰਘ ਚੀਮਾ ਅਤੇ ਨੈਸ਼ਨਲ ਚੈਪੀਅਨ ਬੀਬੀ ਹਰਪ੍ਰੀਤ ਕੌਰ ਬਰਨਾਲਾ ਨੇ ਚੋਣਕਾਰ ਵਜੋਂ ਸੇਵਾਵਾਂ ਨਿਭਾਈਆਂ। ਇਸੇ ਤਰ੍ਹਾਂ ਹਾਕੀ ਲਈ ਬੀਬੀ ਰਾਜਬੀਰ ਕੌਰ ਸਾਬਕਾ ਕਪਤਾਨ ਭਾਰਤੀ ਹਾਕੀ ਟੀਮ ਅਤੇ ਬੀਬੀ ਸੁਰਜੀਤ ਸਿੰਘ ਹਾਕੀ ਓਲੰਪੀਅਨ, ਜਦਕਿ ਐਥਲੈਟਿਕਸ ਲਈ ਬੀਬੀ ਕਮਲਜੀਤ ਕੌਰ ਅਤੇ ਸ਼੍ਰੀ ਵਿਕਾਸ (ਦੋਨੋਂ ਸੀਨੀਅਰ ਕੋਚ ਪੰਜਾਬ ਪੁਲਸ) ਨੇ ਜ਼ਿੰਮੇਵਾਰੀ ਨਿਭਾਈ।
ਇਸ ਮੌਕੇ ਅੰਤ੍ਰਿੰਗ ਕਮੇਟੀ ਮੈਂਬਰ ਅਜਮੇਰ ਸਿੰਘ ਖੇੜਾ, ਮੀਤ ਸਕੱਤਰ ਤੇਜਿੰਦਰ ਸਿੰਘ ਪੱਡਾ, ਸ਼੍ਰੀਮਤੀ ਸੁਮਤੀ ਕੰਵਰ, ਸ਼੍ਰੀਮਤੀ ਪੂਨਮ ਅਰੋੜਾ, ਬੀਬੀ ਪ੍ਰਮਿੰਦਰ ਕੌਰ ਪੰਨੂ, ਗੁਰਮੀਤ ਸਿੰਘ ਹਾਕੀ ਸਲਾਹਕਾਰ, ਭੁਪਿੰਦਰ ਸਿੰਘ, ਪ੍ਰੇਮ ਸਿੰਘ, ਸੁਰਜੀਤ ਸਿੰਘ, ਪ੍ਰਕਾਸ਼ ਸਿੰਘ (ਸਾਰੇ ਹਾਕੀ ਕੋਚ), ਮੈਨੇਜਰ ਰੇਸ਼ਮ ਸਿੰਘ ਅਤੇ ਸਰਬਜੀਤ ਸਿੰਘ ਧੂੰਦਾ ਹਾਜ਼ਰ ਸਨ।