ਪ੍ਰਦੂਸ਼ਣ ਲਈ ਅਸੀਂ ਖੁਦ ਜ਼ਿੰਮੇਵਾਰ, 3 ਦਹਾਕਿਆਂ 'ਚ ਵਧ ਜਾਵੇਗਾ ਖਤਰਾ

01/14/2018 7:31:12 AM

ਜਲੰਧਰ (ਸੋਮਨਾਥ ਕੈਂਥ) - ਚੌਗਿਰਦਾ ਵਿਭਾਗ ਦੀ ਇਕ ਰਿਪੋਰਟ ਅਨੁਸਾਰ ਹਵਾ ਦੇ ਪ੍ਰਦੂਸ਼ਣ ਲਈ ਸਭ ਤੋਂ ਵੱਧ ਅਸੀਂ ਖੁਦ ਜ਼ਿੰਮੇਵਾਰ ਹਾਂ। ਚੌਗਿਰਦਾ ਵਿਭਾਗ ਤੋਂ ਇਲਾਵਾ ਨੈਸ਼ਨਲ ਇਨਵਾਇਰਨਮੈਂਟ ਇੰਜੀਨਅਰਿੰਗ ਰਿਸਰਚ ਇੰਸਟੀਚਿਊਟ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਮੁਤਾਬਕ 70 ਫੀਸਦੀ ਹਵਾ ਦਾ ਪ੍ਰਦੂਸ਼ਣ ਮਨੁੱਖ ਵੱਲੋਂ ਪੈਦਾ ਕੀਤੇ ਜਾਂਦੇ ਕਾਰਨਾਂ ਕਰ ਕੇ ਹੈ। ਇਹ ਵੀ ਸੱਚਾਈ ਹੈ ਕਿ ਬਾਹਰੀ ਪ੍ਰਦੂਸ਼ਣ ਕਾਰਨ ਵਧੇਰੇ ਉਨ੍ਹਾਂ ਘਰਾਂ ਵਿਚ ਹਵਾ ਦੇ ਪ੍ਰਦੂਸ਼ਣ ਦੀ ਮਾਤਰਾ ਵੱਧ ਹੈ, ਜਿਥੇ ਖਾਣਾ ਪਕਾਉਣ ਲਈ ਲੱਕੜ  ਅਤੇ ਪਾਥੀਆਂ ਦੀ ਵਰਤੋਂ ਕੀਤੀ ਜਾਂਦੀ ਹੈ।
ਹਵਾ ਦੇ ਪ੍ਰਦੂਸ਼ਣ ਸਬੰਧੀ ਜਾਰੀ ਇਕ ਰਿਪੋਰਟ ਮੁਤਾਬਕ ਘਰਾਂ ਵਿਚ ਚੁੱਲ੍ਹਿਆਂ ਤੋਂ ਨਿਕਲਣ ਵਾਲਾ ਧੂੰਆਂ ਸਿਗਰਟ ਦੇ ਧੂੰਏਂ ਨਾਲੋਂ 3 ਗੁਣਾ ਵੱਧ ਖਤਰਨਾਕ ਹੈ। ਜੇ ਹਵਾ ਵਿਚ ਇਨ੍ਹਾਂ ਸੋਮਿਆਂ ਨੂੰ ਖਤਮ ਜਾਂ ਕੰਟਰੋਲ ਨਾ ਕੀਤਾ ਗਿਆ ਤਾਂ ਤਿੰਨ ਦਹਾਕਿਆਂ ਵਿਚ ਇਹ ਖਤਰਾ ਡੇਢ ਗੁਣਾ ਹੋਰ ਵਧ ਜਾਵੇਗਾ।
ਆਈ. ਆਈ. ਟੀ. ਮੁੰਬਈ, ਹੈਲਥ ਇਫੈਕਟ ਇੰਸਟੀਚਿਊਟ ਬੋਸਟਨ (ਅਮਰੀਕਾ), ਵਾਂਗ  ਸ਼ੂਜਿਯਾਓ ਯੂਨੀਵਰਸਿਟੀ ਬੀਜਿੰਗ (ਚੀਨ) ਅਤੇ ਕੋਲੰਬੀਆ ਯੂਨੀਵਰਸਿਟੀ ਕੈਨੇਡਾ ਵਿਖੇ ਹੋਈਆਂ ਖੋਜਾਂ ਮੁਤਾਬਕ ਪ੍ਰਦੂਸ਼ਣ ਦਾ ਜਿੰਨਾ ਖਤਰਾ ਸ਼ਹਿਰਾਂ ਅਤੇ ਸਨਅਤੀ ਖੇਤਰਾਂ ਵਿਚ ਹੈ, ਓਨਾ ਹੀ ਖਤਰਾ ਪੇਂਡੂ ਇਲਾਕਿਆਂ ਵਿਚ ਵੀ ਹੈ। ਰਿਪੋਰਟਾਂ ਮੁਤਾਬਕ ਪ੍ਰਦੂਸ਼ਣ ਦੇ ਮੁੱਖ ਸੋਮਿਆਂ ਅਤੇ ਉਨ੍ਹਾਂ ਤੋਂ ਹੋਣ ਵਾਲੀਆਂ ਮੌਤਾਂ ਦਾ ਵੀ ਅਨੁਮਾਨ ਲਾਇਆ ਗਿਆ ਹੈ।
ਘਰੇਲੂ ਪ੍ਰਦੂਸ਼ਣ ਦਾ ਪੱਧਰ ਖਤਰਨਾਕ ਰੂਪ ਧਾਰਨ ਕਰ ਚੁੱਕਾ ਹੈ। ਵਿਸ਼ਵ ਸਿਹਤ ਸੰਗਠਨ (ਡਬਲਯੂ. ਐੱਚ. ਓ. ) ਦੀ ਇਕ ਰਿਪੋਰਟ ਮੁਤਾਬਕ ਘਰਾਂ ਅੰਦਰ ਪੈਦਾ ਹੋਣ ਵਾਲਾ ਪ੍ਰਦੂਸ਼ਣ ਕੌਮਾਂਤਰੀ ਚੌਗਿਰਦੇ ਦੀ ਸਭ ਤੋਂ ਵੱਡੀ ਸਮੱਸਿਆ ਹੈ। ਦੁਨੀਆ ਭਰ ਵਿਚ ਘਰਾਂ 'ਚ ਹੋਣ ਵਾਲੇ ਪ੍ਰਦੂਸ਼ਣ ਕਾਰਨ 43 ਲੱਖ ਲੋਕਾਂ ਦੀ ਇਕ ਸਾਲ ਵਿਚ ਮੌਤ ਹੁੰਦੀ ਹੈ। ਇਹ ਦੁਨੀਆ ਭਰ ਵਿਚ ਇਕ ਸਾਲ ਵਿਚ ਕੁਦਰਤੀ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਵੀ 45 ਗੁਣਾ ਵਧ ਹੈ।
ਆਂਗਣਵਾੜੀ ਸੈਂਟਰਾਂ ਤੇ ਸਕੂਲਾਂ ਵਿਚ ਬੱਚਿਆਂ ਦੀ ਸਿਹਤ ਲਈ ਖਤਰਾ
ਜਿਨ੍ਹਾਂ ਆਂਗਣਵਾੜੀ ਸੈਂਟਰਾਂ ਵਿਚ ਭੋਜਨ ਪਕਾਉਣ ਲਈ ਠੋਸ ਬਾਲਣ ਜਿਵੇਂ ਸੁੱਕੀਆਂ ਲੱਕੜਾਂ ਅਤੇ ਪਾਥੀਆਂ ਦੀ ਵਰਤੋਂ ਕੀਤੀ ਜਾਂਦੀ ਹੈ, ਉਥੋਂ ਦੀ ਹਵਾ ਖਤਰਨਾਕ ਢੰਗ ਨਾਲ ਪ੍ਰਦੂਸ਼ਿਤ ਹੁੰਦੀ ਹੈ। ਇਸ ਨਾਲ ਬੱਚਿਆਂ ਦੀ ਸਿਹਤ 'ਤੇ ਮਾੜਾ ਅਸਰ ਪੈਂਦਾ ਹੈ। ਅਧਿਐਨ ਤੋਂ ਪਤਾ ਲੱਗਾ ਹੈ ਕਿ ਆਂਗਣਵਾੜੀ ਕੇਂਦਰਾਂ 'ਤੇ ਹਵਾ ਵਿਚ ਫੈਲੇ ਅਤਿਅੰਤ ਸੂਖਮ ਕਣਾਂ (ਪੀ. ਐੱਮ. 2.5) ਦਾ ਘਣਤਵ ਔਸਤ 2524 ਮਾਕ੍ਰੋ ਘਣ ਮੀਟਰ ਸੀ।
ਪੀ. ਐੱਮ. 10 ਦੀ ਮਾਤਰਾ 95 ਤੋਂ ਲੈ ਕੇ 13800 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਦਰਮਿਆਨ ਸੀ। ਇਨ੍ਹਾਂ ਸਭ ਆਂਗਣਵਾੜੀ ਕੇਂਦਰਾਂ ਵਿਚ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਪੈਮਾਨੇ ਤੋਂ ਕਿਤੇ ਵੱਧ ਹੈ। ਦੂਜੇ ਪਾਸੇ ਵਧੇਰੇ ਸਕੂਲਾਂ ਵਿਚ ਮਿਡ-ਡੇ ਮੀਲ ਬਣਾਉਣ ਲਈ ਗੈਸ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕਈ ਪੇਂਡੂ ਸਕੂਲਾਂ ਵਿਚ ਸਰਵੇਖਣ ਦੌਰਾਨ ਲੱਕੜਾਂ ਆਦਿ ਨਾਲ ਖਾਣਾ ਬਣਾਉਂਦਿਆਂ ਦੇਖਿਆ ਗਿਆ ਹੈ।
ਮੈਡੀਕਲ ਹਿਸਟਰੀ ਦੱਸੇਗੀ ਕਿ ਮਰੀਜ਼ ਪ੍ਰਦੂਸ਼ਣ ਕਾਰਨ ਹੈ ਕਿੰਨਾ ਪ੍ਰਭਾਵਿਤ
ਕਿਸੇ ਬੀਮਾਰੀ ਲਈ ਪ੍ਰਦੂਸ਼ਣ ਕਿੰਨਾ ਜ਼ਿੰਮੇਵਾਰ ਹੈ, ਇਸ ਦਾ ਪਤਾ ਲਾਉਣ ਲਈ ਏਮਜ਼ ਨੇ ਇਕ ਅਧਿਐਨ ਸ਼ੁਰੂ ਕੀਤਾ ਹੈ। ਏਮਜ਼ ਦੇ ਨਿਰਦੇਸ਼ਕ ਡਾ. ਰਣਦੀਪ ਗੁਲੇਰੀਆ ਨੇ ਦੱਸਿਆ ਕਿ ਏਮਜ਼ ਵਿਖੇ ਦਾਖਲ ਹੋਣ ਵਾਲੇ ਮਰੀਜ਼ਾਂ ਕੋਲੋਂ ਇਸ ਸਬੰਧੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦੌਰਾਨ ਮਰੀਜ਼ ਕੋਲੋਂ ਪੁੱਛਿਆ ਜਾਂਦਾ ਹੈ ਕਿ ਉਨ੍ਹਾਂ ਦੇ ਘਰ ਵਿਚ ਭੋਜਣ ਤਿਆਰ ਕਰਨ ਲਈ ਕਿਹੜੇ ਬਾਲਣ ਦੀ ਵਰਤੋਂ ਕੀਤੀ ਜਾਂਦੀ ਹੈ, ਰੌਸ਼ਨੀ ਦਾ ਸੋਮਾ ਕੀ ਹੈ ਅਤੇ ਕਿਸ ਤਰ੍ਹਾਂ ਦਾ ਕੰਮ ਉਹ ਕਰਦਾ ਹੈ। ਇੰਝ ਇਹ ਪਤਾ ਕਰਨਾ ਸੌਖਾ ਹੋ ਜਾਂਦਾ ਹੈ ਕਿ ਕਈ ਮਰੀਜ਼ ਪ੍ਰਦੂਸ਼ਣ ਕਾਰਨ ਕਿੰਨਾ ਪ੍ਰਭਾਵਿਤ ਹੈ।
ਹਵਾ ਦੇ ਪ੍ਰਦੂਸ਼ਣ ਲਈ ਮਨੁੱਖ ਵੱਲੋਂ ਪੈਦਾ ਕੀਤੇ 6 ਕਾਰਨ ਜ਼ਿੰਮੇਵਾਰ
ਆਈ. ਆਈ. ਟੀ. ਮੁੰਬਈ, ਹੈਲਥ ਇਫੈਕਟ ਇੰਸਟੀਚਿਊਟ ਬੀਜਿੰਗ (ਚੀਨ) ਅਤੇ ਕੋਲੰਬੀਆ ਯੂਨੀਵਰਸਿਟੀ (ਕੈਨੇਡਾ) ਵਿਚ ਹੋਏ ਅਧਿਐਨ ਮੁਤਾਬਕ
ਘਰਾਂ 'ਚ ਬਾਲਣ ਸਾੜਨਾ
2.7 ਲੱਖ ਲੋਕਾਂ ਦੀ ਮੌਤ ਅਤੇ 74.7 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ 2015 'ਚ
* 5.3 ਲੱਖ ਮੌਤਾਂ, 2050 'ਚ 1.07 ਕਰੋੜ ਕੰਮ ਦੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ।
* ਉੱਜਵਲ ਯੋਜਨਾ ਅਧੀਨ 6 ਕਰੋੜ ਕੁਨੈਕਸ਼ਨ ਦਿੱਤੇ।
ਖੇਤੀਬਾੜੀ ਉਤਪਾਦਨ ਸਾੜਨੇ
88 ਹਜ਼ਾਰ ਲੋਕਾਂ ਦੀ ਮੌਤ, 18 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ 2015 'ਚ
* 2.03 ਲੱਖ ਮੌਤਾਂ, 42 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ 2050 'ਚ।
* ਕਈ ਸੂਬਿਆਂ 'ਚ ਪਰਾਲੀ ਸਾੜਨ 'ਤੇ ਰੋਕ ਲਾਈ ਜਾ ਚੁੱਕੀ ਹੈ।
ਸਨਅਤੀ ਕੋਲਾ
83 ਹਜ਼ਾਰ ਲੋਕਾਂ ਦੀ ਮੌਤ ਅਤੇ 22 ਲੱਖ ਕੰਮ ਵਾਲੇ ਦਿਨਾਂ ਦਾ ਲੱਗਾ ਚੂਨਾ 2015 ਸਾਲ ਦੌਰਾਨ।
* 3.65 ਲੱਖ ਮੌਤਾਂ, 74 ਕਰੋੜ ਕੰਮ ਵਾਲੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ 2050 'ਚ।
* ਪਰਫਾਰਮ, ਅਚੀਵ ਐਂਡ ਟਰੇਡ ਪ੍ਰੋਗਰਾਮ ਲਾਗੂ ਕਰਨ 'ਤੇ ਜ਼ੋਰ।
ਟਰਾਂਸਪੋਰਟ
66ਹਜ਼ਾਰ ਲੋਕਾਂ ਦੀ ਮੌਤ, 12.9 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ 2015 'ਚ।
* 64 ਹਜ਼ਾਰ ਮੌਤਾਂ, 13.2 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ 2050 'ਚ।
* 2020 ਵਿਚ ਸਰਕਾਰ ਵੱਲੋਂ ਬੀ. ਏ.-6 ਨਾਮੀ ਲਾਗੂ ਕੀਤਾ ਜਾਵੇਗਾ।
ਤਾਪ ਬਿਜਲੀ ਘਰ
43 ਹਜ਼ਾਰ ਲੋਕਾਂ ਦੀ ਮੌਤ, 22.6 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ 2015 'ਚ।
* 8.3 ਲੱਖ ਮੌਤਾਂ, 1.68 ਕਰੋੜ ਕੰਮ ਵਾਲੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ 2050 'ਚ।
* ਬਿਜਲੀ ਘਰਾਂ ਲਈ ਸਖਤ ਪੈਮਾਨੇ ਲਾਗੂ।
ਧੂੜ
1 ਲੱਖ ਮੌਤਾਂ, 27 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ 2015 'ਚ।
* 7.43 ਲੱਖ ਮੌਤਾਂ, 1.51 ਲੱਖ ਕੰਮ ਵਾਲੇ ਦਿਨਾਂ ਦਾ ਨੁਕਸਾਨ ਹੋਣ ਦਾ ਡਰ 2050 'ਚ।
* ਉਸਾਰੀ ਵਾਲੀ ਥਾਂ 'ਤੇ ਧੂੜ ਨੂੰ ਕੰਟਰੋਲ ਵਿਚ ਕਰਨ 'ਤੇ ਜ਼ੋਰ।


Related News