ਚੰਗੀ ਖ਼ਬਰ : ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਨਾਲ ਬਿਜਲੀ ਬਿੱਲ ਹੋਏ ਜ਼ੀਰੋ

Tuesday, Feb 16, 2021 - 03:58 PM (IST)

ਚੰਗੀ ਖ਼ਬਰ : ਪੰਜਾਬ ਦੇ ਪਹਿਲੇ ਸੂਰਜੀ ਊਰਜਾ ਆਧਾਰਿਤ ਜਲ ਸਪਲਾਈ ਪ੍ਰਾਜੈਕਟ ਨਾਲ ਬਿਜਲੀ ਬਿੱਲ ਹੋਏ ਜ਼ੀਰੋ

ਚੰਡੀਗੜ੍ਹ : ਜ਼ਿਲ੍ਹਾ ਜਲੰਧਰ ਦੇ ਆਦਮਪੁਰ ਬਲਾਕ ਦੇ ਪਿੰਡਾਂ ਜਗਰਾਵਾਂ, ਮੁਰਾਦਪੁਰ ਅਤੇ ਤਲਵਾੜਾ ਗੋਲ 'ਚ ਸੂਰਜੀ ਊਰਜਾ ’ਤੇ ਆਧਾਰਿਤ ਜਲ ਸਪਲਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ ਹੈ। ਪੰਜਾਬ ਸਰਕਾਰ ਵੱਲੋਂ 'ਹਰ ਘਰ ਪਾਣੀ, ਹਰ ਘਰ ਸਫ਼ਾਈ' ਮਿਸ਼ਨ ਤਹਿਤ ਲੋਕਾਂ ਨੂੰ ਜਲ ਸਪਲਾਈ ਦੀਆਂ ਨਿਰਵਿਘਨ ਅਤੇ ਬਿਹਤਰ ਸਹੂਲਤਾਵਾਂ ਮੁਹੱਈਆ ਕਰਨ ਦੇ ਮਕਸਦ ਨਾਲ ਜਲ ਸਪਲਾਈ ਮਹਿਕਮੇ ਵੱਲੋਂ ਇਹ ਪਹਿਲ ਕਦਮੀ ਕੀਤੀ ਗਈ ਹੈ। ਇਸ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦੇ ਬਿਜਲੀ ਬਿੱਲ ਜ਼ੀਰੋ ਹੋ ਗਏ ਹਨ। ਇਸ ਪਾਇਲਟ ਪ੍ਰਾਜੈਕਟ ਦੀ ਲਾਗਤ 67.71 ਲੱਖ ਰੁਪਏ ਹੈ।

ਇਹ ਵੀ ਪੜ੍ਹੋ : ਪੁੱਠੀ ਪੈ ਗਈ ਆਸ਼ਕ ਨਾਲ ਮਿਲ ਕੇ ਪਤੀ ਖ਼ਿਲਾਫ਼ ਚੱਲੀ ਚਾਲ, ਸੋਚਿਆ ਨਹੀਂ ਸੀ ਇੰਝ ਪਾਸਾ ਪਲਟ ਜਾਵੇਗਾ
ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਬੁਲਾਰੇ ਨੇ ਦੱਸਿਆ ਕਿ ਹਰ ਘਰ ਪਾਣੀ ਦਾ ਕੁਨੈਕਸ਼ਨ ਦੇਣ ਲਈ ਇਨ੍ਹਾਂ ਪਿੰਡਾਂ 'ਚ 150 ਮੀਟਰ ਡੂੰਘੇ ਟਿਊਬਵੈੱਲਾਂ ਅਤੇ 25000 ਲੀਟਰ ਸਮਰੱਥਾ ਵਾਲੀਆਂ ਪਾਣੀ ਦੀਆਂ ਟੈਂਕੀਆਂ ਨਾਲ ਸੂਰਜੀ ਊਰਜਾ ਆਧਾਰਿਤ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਸਿਸਟਮ ਰਾਹੀਂ ਬਿਜਲੀ ਪੈਦਾ ਹੁੰਦੀ ਹੈ, ਜਿਸ ਨੂੰ ਪੰਪ ਚਲਾਉਣ ਅਤੇ ਪਿੰਡ ਵਾਸੀਆਂ ਦੇ ਘਰਾਂ ਤੱਕ ਪਾਣੀ ਦੀ ਸਪਲਾਈ ਲਈ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪਤੀ ਨੇ ਦਰਿੰਦਗੀ ਦੀਆਂ ਹੱਦਾਂ ਟੱਪੀਆਂ, ਮੰਗ ਪੂਰੀ ਨਾ ਕਰਨ 'ਤੇ ਪਤਨੀ ਦਾ ਕੀਤਾ ਅਜਿਹਾ ਹਾਲ

ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਆਧਾਰਿਤ ਇਸ ਪ੍ਰਾਜੈਕਟ ਸਦਕਾ ਇਨ੍ਹਾਂ ਪਿੰਡਾਂ ਦੀਆਂ ਪੰਚਾਇਤਾਂ ਦਾ ਬਿਜਲੀ ਬਿੱਲ ਜ਼ੀਰੋ ਹੋ ਗਿਆ ਹੈ। ਹੁਣ ਇਨ੍ਹਾਂ ਪੰਚਾਇਤਾਂ ਨੂੰ ਜਲ ਸਪਲਾਈ ਪ੍ਰਾਜੈਕਟ ’ਤੇ ਬਿਜਲੀ ਦਾ ਕੋਈ ਬਿੱਲ ਨਹੀਂ ਮਿਲ ਰਿਹਾ ਅਤੇ ਇਸ ਪੈਸੇ ਨੂੰ ਪਿੰਡ ਦੇ ਹੋਰ ਵਿਕਾਸ ਕਾਰਜਾਂ ’ਤੇ ਖ਼ਰਚ ਕੀਤਾ ਜਾ ਰਿਹਾ ਹੈ। ਜਗਰਾਵਾਂ ਪਿੰਡ ਦੀ ਸਰਪੰਚ ਹਰਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ 'ਚ ਸੂਰਜੀ ਊਰਜਾ ਨਾਲ ਚੱਲਣ ਵਾਲੇ ਪ੍ਰਾਜੈਕਟ ਦੀ ਬਦੌਲਤ ਜਿੱਥੇ ਪੰਚਾਇਤ ਬਿਜਲੀ ਬਿੱਲ ਦੇ ਭਾਰ ਤੋਂ ਮੁਕਤ ਹੋ ਗਈ ਹੈ, ਉੱਥੇ ਲੋਕਾਂ ਨੂੰ ਵੀ ਪੀਣ ਯੋਗ ਸਾਫ਼ ਪਾਣੀ ਵੀ ਮਿਲਣ ਲੱਗਾ ਹੈ।

ਇਹ ਵੀ ਪੜ੍ਹੋ : ਬੇਅਬਾਦ ਪਲਾਟ ’ਚੋਂ ਮਿਲਿਆ 'ਮਨੁੱਖੀ ਪਿੰਜਰ', ਸਿਰ ਨਾਲੋਂ ਵੱਖ ਪਿਆ ਸੀ ਧੜ

ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਪਿੰਡ 'ਚ ਲੱਗੇ ਨਲਕਿਆਂ ਦੇ ਪਾਣੀ ਦੀ ਵਰਤੋਂ ਕਰਨੀ ਪੈਂਦੀ ਸੀ। ਇਹ ਪਾਣੀ ਗੰਧਲਾ ਹੋਣ ਕਾਰਨ ਬੀਮਾਰ ਹੋਣ ਦਾ ਡਰ ਬਣਿਆ ਰਹਿੰਦਾ ਸੀ। ਹਰਜੀਤ ਕੌਰ ਨੇ ਇਸ ਪ੍ਰਾਜੈਕਟ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਪ੍ਰਗਟ ਕੀਤਾ ਹੈ। ਇਸੇ ਤਰ੍ਹਾਂ ਤਲਵਾੜਾ ਅਤੇ ਮੁਰਾਦਪੁਰ ਪਿੰਡ ਦੇ ਲੋਕਾਂ ਨੂੰ ਪੀਣ ਯੋਗ ਸਾਫ਼ ਪਾਣੀ ਲਈ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਸੂਰਜੀ ਊਰਜਾ ਆਧਾਰਿਤ ਇਸ ਪ੍ਰਾਜੈਕਟ ਕਾਰਣ ਪਿੰਡ ਦੇ ਘਰਾਂ 'ਚ ਸਾਫ-ਸੁਥਰਾ ਪਾਣੀ ਪੁੱਜਣ ਲੱਗਾ ਹੈ। ਕਾਬਿਲੇਗੌਰ ਹੈ ਕਿ ਜਲ ਸਪਲਾਈ ਅਤੇ ਸੈਨੀਟੇਸ਼ਨ ਮਹਿਕਮੇ ਵੱਲੋਂ ਪੰਜਾਬ 'ਚ ਪਹਿਲੀ ਵਾਰ ਸ਼ੁਰੂ ਕੀਤਾ ਗਿਆ ਇਹ ਪ੍ਰਾਜੈਕਟ ਸਫਲਤਾਪੂਰਵਕ ਚੱਲ ਰਿਹਾ ਹੈ। ਇਸ ਪ੍ਰਾਜੈਕਟ ਅਧੀਨ ਜਗਰਾਵਾਂ-ਮੁਰਾਦਪੁਰ ਦੇ 141 ਘਰਾਂ ਅਤੇ ਤਲਵਾੜਾ ਗੋਲ ਦੇ 102 ਘਰਾਂ ਨੂੰ ਫ਼ਾਇਦਾ ਪਹੁੰਚਿਆ ਹੈ।    
ਲੋਕਾਂ ਨੂੰ ਸਾਫ਼ ਪਾਣੀ ਦੇਣਾ ਸਾਡੀ ਜ਼ਿੰਮੇਵਾਰੀ : ਰਜ਼ੀਆ ਸੁਲਤਾਨਾ
ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਹੈ ਕਿ ਪੰਜਾਬ ਦੇ ਹਰੇਕ ਵਾਸੀ ਨੂੰ ਉਨ੍ਹਾਂ ਦੇ ਘਰਾਂ ਤੱਕ ਸ਼ੁੱਧ ਪੀਣ ਵਾਲਾ ਪਾਣੀ, ਸਵੱਛਤਾ ਅਤੇ ਹੋਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣਾ ਸਾਡਾ ਫਰਜ਼ ਹੈ। ਉਨ੍ਹਾਂ ਕਿਹਾ ਕਿ ਇਕ ਸਾਲ ਅੰਦਰ ਸਾਰੇ ਪੰਜਾਬ 'ਚ ਚੱਲ ਰਹੇ ਪ੍ਰਾਜੈਕਟ ਮੁਕੰਮਲ ਕਰਨ ਦਾ ਟੀਚਾ ਹੈ ਤਾਂ ਜੋ ਸੂਬੇ ਦੀ 100 ਫ਼ੀਸਦੀ ਪੇਂਡੂ ਵੱਸੋਂ ਨੂੰ ਸਾਫ਼ ਪਾਣੀ ਦਿੱਤਾ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
    

    


author

Babita

Content Editor

Related News