ਡਰੇਨਾਂ ਦੀ ਸਫਾਈ ਨਾ ਕਰਵਾਉਣ ਕਾਰਨ ਡੁੱਬਿਆ ਸੈਂਕੜੇ ਏਕੜ ਝੋਨਾ

Sunday, Jul 22, 2018 - 08:35 AM (IST)

ਡਰੇਨਾਂ ਦੀ ਸਫਾਈ ਨਾ ਕਰਵਾਉਣ ਕਾਰਨ ਡੁੱਬਿਆ ਸੈਂਕੜੇ ਏਕੜ ਝੋਨਾ

ਸੰਗਰੂਰ (ਬੇਦੀ, ਹਰਜਿੰਦਰ, ਵਿਵੇਕ ਸਿੰਧਵਾਨੀ, ਯਾਦਵਿੰਦਰ) – ਨੇਡ਼ਲੇ ਵੱਖ-ਵੱਖ ਪਿੰਡਾਂ ਲੱਡਾ, ਅਕੋਈ ਸਾਹਿਬ, ਥਲੇਸ, ਸਾਰੋਂ, ਫਤਹਿਗਡ਼੍ਹ ਛੰਨਾ, ਬਡਰੁੱਖਾਂ, ਦੁੱਗਾਂ ਵਿਖੇ ਡਰੇਨਾਂ ਦੀ ਸਫ਼ਾਈ ਨਾ ਹੋਣ  ਕਾਰਨ   ਪਿੰਡਾਂ ਦੇ ਵੱਡੀ ਗਿਣਤੀ ਵਿਚ ਕਿਸਾਨਾਂ ਦੀਆਂ ਫਸਲਾਂ ਪਾਣੀ ’ਚ ਡੁੱਬ ਗਈਆਂ ਹਨ। ਪਿੰਡ ਦੇ ਰਸਤਿਆਂ ਲਈ ਡਰੇਨਾਂ ਦੇ ਜੋ ਪੁਲ ਬਣੇ ਹੋਏ ਹਨ,  ਉਨ੍ਹਾਂ ਦੇ  ਅੱਗੇ ਵੱਡੇ ਪੱਤਿਆਂ ਵਾਲੀ ਬੂਟੀ  ਡਾਫ ਲੱਗਣ ਕਰ ਕੇ ਪਾਣੀ ਰੁਕ ਗਿਆ। ਬਰਸਾਤੀ ਪਾਣੀ  ਡਰੇਨ ਵਿਚ ਪਿੱਛੋਂ ਹੀ ਬਹੁਤ ਜ਼ਿਆਦਾ ਆਉਣ ਕਾਰਨ ਅਤੇ ਡਾਫ ਲੱਗਣ ਕਰ ਕੇ ਡਰੇਨ ਦਾ ਪਾਣੀ ਖੇਤਾਂ ਵਿਚ ਚਲਾ ਗਿਆ ਅਤੇ ਝੋਨੇ ਦੀਆਂ ਫਸਲਾਂ ਦਾ ਨੁਕਸਾਨ ਹੋ ਰਿਹਾ ਹੈ। ਪਿੰਡ ਸਾਰੋਂ ਦੇ ਬਾਬਾ ਸੁਖਦੇਵ ਸਿੰਘ, ਗੁਰਵਿੰਦਰ ਸਿੰਘ, ਧਰਮੀਤ ਸਿੰਘ, ਮਨਪ੍ਰੀਤ ਸਿੰਘ, ਜਸਪਾਲ ਸਿੰਘ, ਹਰਬੰਸ ਸਿੰਘ ਅਕੋਈ ਸਾਹਿਬ, ਅਵਤਾਰ ਸਿੰਘ ਅਤੇ ਥਲੇਸ ਦੇ ਸਾਬਕਾ ਸਰਪੰਚ ਵਰਿਆਮ ਸਿੰਘ ਚੰਦਡ਼ ਸਣੇ ਨੇਡ਼ਲੇ ਪਿੰਡਾਂ ਦੇ ਕਿਸਾਨਾਂ ਨੇ ਕਿਹਾ ਕਿ ਜੇਕਰ ਡਰੇਨੇਜ ਵਿਭਾਗ ਪਹਿਲਾਂ ਹੀ ਡਰੇਨਾਂ ਦੀ ਸਫ਼ਾਈ ਕਰਵਾ ਲੈਂਦਾ ਤਾਂ ਉਨ੍ਹਾਂ ਦੀਆਂ ਫਸਲਾਂ ਦਾ ਨੁਕਸਾਨ ਨਾ ਹੁੰਦਾ।
ਪਿੰਡ ਦੇ ਲੋਕਾਂ ਨੇ ਪੱਲਿਓਂ ਪੈਸੇ ਇਕੱਠੇ ਕਰ ਕੇ ਸੰਗਰੂਰ ਤੋਂ ਜੇ. ਸੀ. ਬੀ. ਮੰਗਵਾ ਕੇ ਪੁਲ ਦੇ ਅੱਗਿਓਂ ਵੱਡੇ-ਵੱਡੇ ਪੱਤਿਆਂ ਵਾਲੀ ਬੂਟੀ ਨੂੰ ਕੱਢਣਾ ਸ਼ੁਰੂ ਕੀਤਾ  ਅਤੇ ਕਈ ਘੰਟਿਆਂ ਤੱਕ ਇਹ ਕਾਰਵਾਈ ਚੱਲਦੀ ਰਹੀ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਡਰੇਨ ਵਿਭਾਗ ਦੀ ਅਣਗਹਿਲੀ ਕਾਰਨ ਸਮੇਂ ਸਿਰ ਡਰੇਨ ਦੀ ਸਫਾਈ ਨਾ ਕਰਵਾਉਣ ਕਾਰਨ ਕਿਸਾਨਾਂ ਦੀਆਂ ਫਸਲਾਂ ਦਾ  ਨੁਕਸਾਨ ਹੋਇਆ ਹੈ। ਸਰਕਾਰ ਨੂੰ ਚਾਹੀਦਾ ਹੈ ਕਿ  ਵਿਭਾਗ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਫਿਕਸ ਕਰ ਕੇ ਫਸਲਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਾਈ ਜਾਵੇ।  ਸਡ਼ਕਾਂ ਦੇ ਆਲੇ-ਦੁਆਲੇ ਬਣੀਆਂ ਪੁਲੀਆਂ ਨੂੰ ਖੁੱਲ੍ਹਾ ਕਰਵਾਇਆ ਜਾਵੇ, ਤਾਂ ਜੋ ਕਿਸਾਨਾਂ ਦੀਆਂ ਫਸਲਾਂ ਦਾ ਕੁਝ ਬਚਾਅ ਹੋ ਸਕੇ।

 


Related News