ਘੱਗਰ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 3 ਫੁੱਟ ਵਹਿ ਰਿਹੈ ਉੱਪਰ, ਸਹਿਮੇ ਮਾਨਸਾ ਦੇ ਲੋਕ
Sunday, Jul 16, 2023 - 10:42 PM (IST)
ਸਰਦੂਲਗੜ੍ਹ/ਮਾਨਸਾ (ਸੰਦੀਪ ਮਿੱਤਲ)-ਘੱਗਰ ਦਾ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਪਾਣੀ ਦੇ ਵਧ ਰਹੇ ਪੱਧਰ ਨੂੰ ਲੈ ਕੇ ਅਜੇ ਵੀ ਖ਼ਤਰਾ ਬਣਿਆ ਹੋਇਆ ਹੈ। ਬੰਨ੍ਹ ਟੁੱਟਣ ਤੋਂ ਬਾਅਦ ਚਾਂਦਪੁਰਾ, ਗੋਰਖਨਾਥ, ਕੁਲਰੀਆਂ ਅਤੇ ਨੇੜਲੇ ਪਿੰਡਾਂ ਵਿਚ ਪਾਣੀ ਭਰ ਚੁੱਕਾ ਹੈ। ਉਧਰ ਦੂਜੇ ਪਾਸੇ ਸਰਦੂਲਗੜ੍ਹ ਵਿਖੇ ਵੀ 150 ਏਕੜ ਜ਼ਮੀਨ ’ਚ ਬੰਨ੍ਹ ਟੁੱਟਣ ਨਾਲ ਜ਼ਮੀਨ ਵਿਚ ਪਾਣੀ ਭਰਨ ਕਰਕੇ ਲੋਕਾਂ ਨੇ ਆਪਣੀ ਸੁਰੱਖਿਆ ਦੇ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਸ਼ਹਿਰ ਸਰਦੂਲਗੜ੍ਹ ਨੂੰ ਪਾਣੀ ਵਿਚ ਡੁੱਬਣ ਤੋਂ ਬਚਾਉਣ ਲਈ ਲੋਕ ਆਪ-ਮੁਹਾਰੇ ਬੰਨ੍ਹ ਬਣਾਉਣ ਦਾ ਕੰਮ ਕਰ ਰਹੇ ਹਨ। ਉਧਰ ਜ਼ਿਲ੍ਹਾ ਪ੍ਰਸਾਸ਼ਨ ਨੇ ਰਾਹਤ ਕੈਂਪ ਲਗਾ ਕੇ ਲੋਕਾਂ ਦੀ ਮੱਦਦ ਲਈ ਐੱਨ. ਡੀ. ਆਰ. ਐੱਫ. ਸਮੇਤ ਫੌਜ ਸੱਦ ਲਈ ਹੈ। ਫੌਜ ਨੇ ਹੁਣ ਮੋਰਚਾ ਸੰਭਾਲਿਆ ਹੋਇਆ ਹੈ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਚੰਡੀਗੜ੍ਹ ’ਚੋਂ ਮਿਲਿਆ ਬੰਬ ਸ਼ੈੱਲ, ਪੁਲਸ ਨੇ ਇਲਾਕਾ ਕੀਤਾ ਸੀਲ
ਘੱਗਰ ਵਿਚ 21 ਫੁੱਟ ਤੱਕ ਖਤਰੇ ਦਾ ਨਿਸ਼ਾਨ ਹੈ ਅਤੇ ਪਾਣੀ ਇਸ ਖਤਰੇ ਦੇ ਨਿਸ਼ਾਨ ਨੂੰ ਪਾਰ ਕਰਕੇ ਕਰੀਬ 24 ਫੁੱਟ ਤੱਕ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਇਹ ਪਾਣੀ 24 ਫੁੱਟ ਨੂੰ ਪਾਰ ਕਰ ਗਿਆ ਤਾਂ ਹਰਿਆਣਾ ਸਮੇਤ ਪੰਜਾਬ, ਮਾਨਸਾ ਦੇ ਪਿੰਡਾਂ ਵਿਚ ਵੱਡੀ ਤਬਾਹੀ ਮਚਾਏਗਾ, ਜਿਸ ਨੂੰ ਲੈ ਕੇ ਲੋਕਾਂ ਵਿਚ ਸਹਿਮ ਬਣਿਆ ਹੋਇਆ ਹੈ। ਜ਼ਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਦੱਸਿਆ ਕਿ ਘੱਗਰ ਦਾ ਪਾਣੀ ਖਤਰੇ ਦਾ ਨਿਸ਼ਾਨ ਟੱਪ ਚੁੱਕਾ ਹੈ। ਕਿਸੇ ਵੀ ਪਾਸੇ ਪਾਣੀ ਠੱਲ੍ਹਿਆ ਨਹੀਂ ਜਾ ਰਿਹਾ। ਜੇਕਰ ਪਾਣੀ ਦਾ ਲੈਵਲ ਥੋੜ੍ਹਾ ਜਿਹਾ ਹੋਰ ਵਧਿਆ ਤਾਂ ਘੱਗਰ ਕਿਸੇ ਵੀ ਪਾਸਿਓਂ ਟੁੱਟ ਸਕਦਾ ਹੈ। ਉਨ੍ਹਾਂ ਦੱਸਿਆ ਕਿ 1993 ਵਿਚ ਵੀ ਘੱਗਰ ਦੇ ਪਾਣੀ ਨੇ ਪੰਜਾਬ ਅਤੇ ਹਰਿਆਣਾ ਦੇ ਪਿੰਡਾਂ ਵਿਚ ਤਬਾਹੀ ਮਚਾਈ ਸੀ ਤੇ ਇਸ ਵਾਰ ਹਾਲਾਤ ਉਸ ਤੋਂ ਵੀ ਮਾੜੇ ਹਨ। ਮੋਫਰ ਦਾ ਕਹਿਣਾ ਹੈ ਕਿ ਚਾਂਦਪੁਰਾ ਬੰਨ੍ਹ ਟੁੱਟਣ ਤੋਂ ਬਾਅਦ ਉਥੋਂ ਦੇ ਪਿੰਡਾਂ ਵਿਚ ਜੋ ਪਾਣੀ ਭਰਿਆ ਹੈ, ਉਹ ਪਾਣੀ ਹਰਿਆਣਾ ਵਿਚ ਪੈਂਦੇ ਸਰਦਾਰੇਵਾਲਾ ਸਾਈਫਨ ’ਤੇ ਪਹੁੰਚ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੇ ਇਨ੍ਹਾਂ ਪ੍ਰਾਈਵੇਟ ਤੇ ਸਰਕਾਰੀ ਸਕੂਲਾਂ ’ਚ 17 ਤੇ 18 ਨੂੰ ਰਹੇਗੀ ਛੁੱਟੀ
ਸਰਦਾਰੇਵਾਲਾ ਸਾਈਫਨ ਦੀ ਇਹ ਹਾਲਤ ਹੈ ਕਿ ਉਸ ਦੇ ਸਾਈਫਨ ਬੰਦ ਪਏ ਹਨ, ਵੱਡੀ ਪੱਧਰ ’ਤੇ ਉਸ ਵਿਚ ਜੜ੍ਹੀ-ਬੂਟੀ ਉੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਅੱਕਾਂਵਾਲੀ, ਮੰਢਾਲੀ ਅਤੇ ਮਲਕੋ ਹੁੰਦਾ ਹੋਇਆ ਸਾਈਫਨ ’ਚ ਆਵੇਗਾ। ਜੇਕਰ ਇਸ ਦੀ ਸਫਾਈ ਕਰਵਾ ਕੇ ਸਾਈਫਨ ਨਾ ਖੋਲ੍ਹੇ ਗਏ ਤਾਂ ਕਿਸੇ ਵੀ ਪਾਸੇ ਪਾਣੀ ਦੀ ਨਿਕਾਸੀ ਨਹੀਂ ਹੋਵੇਗੀ। ਪਾਣੀ ਵੱਡੇ ਪੱਧਰ ’ਤੇ ਉਥੇ ਜਮ੍ਹਾ ਹੋਣ ਕਰਕੇ ਸਰਦਾਰੇਵਾਲਾ ਬੰਨ੍ਹ ਵੀ ਟੁੱਟ ਸਕਦਾ ਹੈ, ਜਿਸ ਦੀ ਲਪੇਟ ਵਿਚ ਹਰਿਆਣਾ ਦੇ ਕਈ ਪਿੰਡ ਆਉਣ ਤੋਂ ਇਲਾਵਾ ਮੋਫਰ, ਦਾਨੇਵਾਲਾ, ਦਾਨਗੜ੍ਹ ਸਮੇਤ ਕਰੀਬ 30 ਪਿੰਡ ਪਾਣੀ ਦੀ ਲਪੇਟ ਵਿਚ ਆ ਜਾਣਗੇ ਅਤੇ ਫਿਰ ਸਥਿਤੀ ਕੰਟਰੋਲ ਤੋਂ ਬਾਹਰ ਹੋ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਸ੍ਰੀ ਦਰਬਾਰ ਸਾਹਿਬ ਵਿਖੇ ਜਨਮ ਦਿਨ ਮੌਕੇ ਗੋਵਿੰਦਾ ਦੀ ਧੀ ਅਦਾਕਾਰਾ ਟੀਨਾ ਆਹੂਜਾ ਹੋਈ ਨਤਮਸਤਕ
ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘੱਗਰ ਦੇ ਕਿਨਾਰਿਆਂ ਦੀ ਸਫਾਈ ਕਰਵਾਈ ਜਾਵੇ। ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜੇਕਰ ਇਸ ਦੇ ਕਿਨਾਰੇ ਟੁੱਟ ਗਏ ਤਾਂ ਪਾਣੀ ਨੂੰ ਕਿਸੇ ਵੀ ਤਰ੍ਹਾਂ ਸੰਭਾਲਿਆ ਨਹੀਂ ਜਾ ਸਕੇਗਾ ਅਤੇ ਇਹ ਤਬਾਹੀ ਮਚਾ ਦੇਵੇਗਾ। ਮੋਫਰ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਪਾਸੇ ਕੋਈ ਗੌਰ ਨਾ ਕੀਤੀ ਤਾਂ ਉਹ ਮਜਬੂਰੀਵੱਸ ਕੋਈ ਵੀ ਫੈਸਲਾ ਲੈ ਸਕਦੇ ਹਨ ਕਿਉਂਕਿ ਆਪਣੇ ਪਿੰਡਾਂ ਨੂੰ ਪਾਣੀ ਵਿਚ ਡੁੱਬਦਾ ਉਹ ਨਹੀਂ ਦੇਖ ਸਕਦੇ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪਿੰਡ ਅਤੇ ਵਿਅਕਤੀ ਪਾਣੀ ਦੀ ਮਾਰ ਹੇਠ ਆ ਗਏ ਹਨ, ਸਰਕਾਰ ਉਨ੍ਹਾਂ ਦੇ ਡੰਗਰ ਪਸ਼ੂ ਦੇ ਚਾਰੇ, ਪਰਿਵਾਰਾਂ ਦੇ ਖਾਣ ਪੀਣ, ਰਹਿਣ ਸਹਿਣ ਅਤੇ ਦਵਾਈ ਬੂਟੀ ਦਾ ਪ੍ਰਬੰਧ ਕਰੇ। ਜਿਸ ਤਰ੍ਹਾਂ ਹਾਲਾਤ ਲਗਾਤਾਰ ਵਿਗੜ ਰਹੇ ਹਨ, ਉਸ ਨੂੰ ਦੇਖਦਿਆਂ ਹੜ੍ਹ ਪੀੜਤ ਵਿਅਕਤੀ ਸਰਕਾਰ ਵੱਲ ਦੇਖ ਰਹੇ ਹਨ।
ਮੋਫਰ ਨੇ ਘੱਗਰ ਦਾ ਦੌਰਾ ਕਰਕੇ ਸਰਕਾਰ ਤੋਂ ਕੀਤੀ ਨੁਕਸਾਨ ਲਈ ਮੁਆਵਜ਼ੇ ਦੀ ਮੰਗ
ਕਾਂਗਰਸ ਦੇ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫਰ ਨੇ ਐਤਵਾਰ ਨੂੰ ਵੀ ਘੱਗਰ ਬੰਨ੍ਹਾਂ ਦਾ ਦੌਰਾ ਕਰਕੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਾਣੀ ਦਾ ਪੱਧਰ ਵਧਣ ਨਾਲ ਜੋ ਬੰਨ੍ਹ ਟੁੱਟਣ ਦਾ ਖਤਰਾ ਬਣਿਆ ਹੋਇਆ ਹੈ, ਉਨ੍ਹਾਂ ਬੰਨ੍ਹਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਪਰਾਲੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਚਾਂਦਪੁਰਾ ਬੰਨ੍ਹ ਟੁੱਟਣ ਨਾਲ ਅੱਧੀ ਦਰਜਨ ਦੇ ਕਰੀਬ ਪਿੰਡ ਪਾਣੀ ਦੀ ਲਪੇਟ ਵਿਚ ਆ ਗਏ ਹਨ ਅਤੇ ਪਾਣੀ ਦਾ ਲਗਾਤਾਰ ਵਧਣਾ ਦੱਸਦਾ ਹੈ ਕਿ ਆਉਂਦੇ ਦਿਨਾਂ ਵਿਚ ਹੋਰ ਪਿੰਡਾਂ ਨੂੰ ਵੀ ਇਹ ਮਾਰ ਪੈ ਸਕਦੀ ਹੈ। ਮੋਫਰ ਨੇ ਕਿਹਾ ਕਿ ਵੈਸੇ ਤਾਂ ਪੰਜਾਬ ਸਰਕਾਰ ਨੂੰ ਹੜ੍ਹਾਂ ਤੋਂ ਪਹਿਲਾਂ ਬਾਰਿਸ਼ਾਂ ਦੇ ਮੌਸਮ ਨੂੰ ਦੇਖਦੇ ਹੋਏ ਇਸ ਦੇ ਪੁਖਤਾ ਪ੍ਰਬੰਧ ਕਰਨੇ ਚਾਹੀਦੇ ਸਨ ਪਰ ਹੁਣ ਸਮਾਂ ਨਿਕਲਣ ਤੋਂ ਬਾਅਦ ਇਹ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਕਿ ਪਾਣੀ ਦੀ ਮਾਰ ਹੋਰ ਪਿੰਡਾਂ ਨੂੰ ਨਾ ਪਵੇ।
ਮੋਫਰ ਨੇ ਖਦਸ਼ਾ ਪ੍ਰਗਟਾਇਆ ਕਿ ਜਿਹੜੇ ਪਿੰਡਾਂ ਵਿਚ ਪਾਣੀ ਭਰ ਗਿਆ ਹੈ। ਉੱਥੇ ਮਾਲ-ਪਸ਼ੂ ਦਾ ਨੁਕਸਾਨ ਹੋਣ ਤੋਂ ਇਲਾਵਾ ਬੀਮਾਰੀਆਂ ਫੈਲਣ ਦਾ ਡਰ ਵੀ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਨ੍ਹਾਂ ਬੀਮਾਰੀਆਂ ਦੀ ਰੋਕਥਾਮ ਲਈ ਸਰਕਾਰ ਅਗਾਊਂ ਤੋਂ ਪ੍ਰਬੰਧ ਕਰੇ ਤਾਂ ਜੋ ਵਕਤ ਦੇ ਮਾਰੇ ਲੋਕਾਂ ਨੂੰ ਗੰਭੀਰ ਬੀਮਾਰੀਆਂ ਨਾ ਘੇਰਨ। ਮੋਫਰ ਨੇ ਇਹ ਵੀ ਮੰਗ ਕੀਤੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਫਸਲ ਅਤੇ ਡੰਗਰ-ਪਸ਼ੂ ਦੇ ਨੁਕਸਾਨ ਵਜੋਂ ਘੱਟੋ-ਘੱਟ 50 ਹਜਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਜੋ ਕੁਦਰਤੀ ਕਰੋਪੀ ਦੀ ਮਾਰ ਹੇਠ ਆਏ ਕਿਸਾਨ ਆਪਣੀ ਜ਼ਿੰਦਗੀ ਦੀ ਲੀਹ ਨੂੰ ਥੋੜ੍ਹਾ-ਬਹੁਤ ਪੱਟੜੀ ’ਤੇ ਲਿਜਾ ਸਕਣ। ਉਨ੍ਹਾਂ ਨੇ ਕਈ ਕਿਸਾਨਾਂ ਨਾਲ ਗੱਲਬਾਤ ਕਰਕੇ ਹੋਏ ਨੁਕਸਾਨ ’ਤੇ ਵੀ ਵਿਚਾਰਾਂ ਕੀਤੀਆਂ। ਇਸ ਮੌਕੇ ਉਨ੍ਹਾਂ ਨਾਲ ਪੌਲੌਜੀਤ ਸਿੰਘ ਬਾਜੇਵਾਲਾ, ਕਾਕਾ ਗੰਢੂਆਂ, ਗੁਰਮੇਲ ਮਾਨ ਆਦਿ ਵੀ ਹਾਜ਼ਰ ਸਨ।