ਕੁਦਰਤ ਦੀ ਵੱਡਮੁੱਲੀ ਦਾਤ ''''ਪਾਣੀ''''

05/10/2019 6:07:21 PM

ਜਲੰਧਰ—ਕਿਸ ਸ਼ਾਇਰ ਨੇ ਠੀਕ ਹੀ ਕਿਹਾ ਹੈ ਕਿ “ਧਰਤੀ ਹੇਠੋਂ ਮੁੱਕ ਗਿਆ ਜੇ ਅੰਮ੍ਰਿਤ ਵਰਗਾ ਪਾਣੀ ਇਸ ਧਰਤੀ ਤੇ ਜਿੰਦਗੀ ਵਾਲੀ ਹੋ ਜਾਊ ਖਤਮ ਕਹਾਣੀ“,ਅੱਜ ਸਾਡੇ ਪੰਜਾਬ ਸੂਬੇ ਦੇ ਕੁੱਲ 138 ਬਲਾਕਾਂ ਵਿੱਚੋ 109 ਬਲਾਕਾਂ ਨੂੰ ਬਲੈਕ ਘੋਸ਼ਿਤ ਕੀਤਾ ਜਾਂ ਚੁੱਕਿਆ ਹੈ,ਕਿਉਂਕਿ ਧਰਤੀ ਹੇਠਲੇ ਪਾਣੀ ਦਾ ਪੱਧਰ ਇਨ੍ਹਾ ਬਲਾਕਾਂ ਵਿੱਚ ਇਸ ਹੱਦ ਤੱਕ ਥੱਲੇ ਚੱਲਾ ਗਿਆ ਹੈ ਕਿ ਹੁਣ ਹੋਰ ਧਰਤੀ ਹੇਠਲੇ ਪਾਣੀ ਦੀ ਨਿਕਾਸੀ ਸਾਨੂੰ ਖਤਰਨਾਕ ਰੇਗਿਸਤਾਨ ਜਿਹੇ ਭਵਿੱਖ ਵੱਲ ਲਿਜਾਣ ਲਈ ਅੱਗ ਵਿੱਚ ਤੇਲ ਪਾਉਣ ਦਾ ਕੰਮ ਕਰ ਰਹੀ ਹੈ।

ਅੱਜ ਹਾਲਾਤ ਬੜੇ ਹੀ ਨਾਜ਼ੁਕ ਦੌਰ ਵਿੱਚੋ ਦੀ ਲੰਘ ਰਹੇ ਹਨ।ਇਸ ਗੱਲ ਵਿੱਚ ਵੀ ਪੂਰੀ ਸੱਚਾਈ ਹੈ ਕਿ ਪੰਜਾਬ ਦੀਆਂ ਖੇਤੀ ਖੇਤਰ ਵਿੱਚ ਮੱਲਾਂ ਨੂੰ ਪੂਰੇ ਵਿਸ਼ਵ ਪਾਸੋਂ ਸਲਾਹਿਆਂ ਗਿਆ ਹੈ। ਅੱਜ ਸਾਡੇ ਪੰਜਾਬ ਦੇ ਕਿਸਾਨਾਂ ਦਾ ਨਾਂਅ ਖੇਤੀ ਖੇਤਰ ਵਿੱਚ ਜੇਕਰ ਇੱਕ ਮਿਸਾਲ ਵਜੋਂ ਲਿਆ ਜਾਂਦਾ ਹੈ, ਤਾਂ ਇਸ ਵਿੱਚ ਸਾਡੇ ਮਿਹਨਤਕਸ਼ ਕਿਸਾਨਾਂ ਦੀ ਖੂਨ-ਪਸੀਨੇ ਦੀ ਮਿਹਨਤ ਤੇ ਕੁਦਰਤੀ ਵਸੀਲਿਆਂ ਦੀ ਕੁਰਬਾਨੀ ਵੀ ਹੈ। 60 ਦੇ ਦਹਾਕੇ ਤੋਂ ਲੈ ਕੇ ਹੁਣ ਤੱਕ ਸਾਡੇ ਝੋਨੇ-ਕਣਕ ਦੇ ਫਸਲੀ ਚੱਕਰ ਨੇ ਦੇਸ਼ ਦੇ ਅੰਨ ਭੰਡਾਰ ਭਰਨ ਦਾ ਕੰਮ ਤਾਂ ਕੀਤਾ ਹੈ। ਇੱਕ ਸਟੱਡੀ ਅਨੁਸਾਰ ਪਿਛਲੇ ਲਗਭਗ 35 ਸਾਲਾਂ 'ਚ ਸੂਬੇ ਦਾ 85 ਫੀਸਦੀ ਪਾਣੀ ਹੇਠਲੇ ਪਾਣੀ ਦਾ ਪੱਧਰ ਡਿੱਗਿਆ ਹੈ। ਹੁਣ ਜੋ ਕੁਦਰਤੀ ਵਸੀਲਿਆਂ ਦੇ ਹਾਲਾਤ ਹਨ, ਉਹ ਮੌਜੂਦਾ ਫਸਲੀ ਘਣਤਾ ਦੇ ਮੱਦੇਨਜਰ ਪੰਜਾਬ ਦੇ ਕਿਸਾਨਾਂ ਦੀ ਪਾਣੀ ਦੀ ਕੁੱਲ ਲੋੜ 3581187 ਹੈਕ ਮੀਟਰ ਹੈ, ਜਦ ਕਿ ਉਪਲੱਬਧਤਾ 2165027 ਹੈਕ ਮੀਟਰ ਹੈ। ਇਹ ਤੱਥ ਦਰਸਾਉਂਦੇ ਹਨ ਕਿ ਜਰੂਰਤ ਤੇ ਉਪਲੱਬਧਤਾ ਦਰਮਿਆਨ ਇਹ ਪਾੜਾ 1416160 ਹੈਕ ਮੀਟਰ ਹੈ ਤੇ ਇਸ ਪਾੜੇ ਦਾ ਬੋਝ ਧਰਤੀ ਹੇਠਲੇ ਪਾਣੀ, ਤੇ ਲਗਾਤਾਰ ਪੈ ਰਿਹਾ ਹੈ ਭਾਵ ਕਿ ਅਸੀਂ ਜ਼ਮੀਨ ਦੇ ਹੇਠੋਂ 165 ਫੀਸਦੀ ਦੀ ਰਫਤਾਰ ਨਾਲ ਪਾਣੀ ਦਾ ਨਿਕਾਸ ਕਰ ਰਹੇ ਹਾਂ, ਜਿਸ ਕਰਕੇ ਸਾਡਾ ਸਾਲਾਨਾ ਧਰਤੀ ਹੇਠਲੇ ਪਾਣੀ ਦਾ ਪੱਧਰ 38 ਸੈਂਟੀਮੀਟਰ ਦੀ ਰਫਤਾਰ ਨਾਲ ਥੱਲੇ ਜਾ ਰਿਹਾ ਹੈ|

ਜਾਣਕਾਰਾਂ ਦਾ ਮੰਨਣਾ ਹੈ ਕਿ ਇਸ ਗੰਭੀਰ ਸਥਿਤੀ ਲਈ ਮੁੱਖ ਰੂਪ ਵਿੱਚ ਜਿੰਮੇਵਾਰ ਸਾਡੇ ਕਿਸਾਨਾਂ ਵੱਲੋ ਸਾਉਣੀ ਰੁੱਤੇ ਕਾਸ਼ਤ ਕੀਤੀ ਜਾਣ ਵਾਲੀ ਝੋਨੇ ਦੀ ਫਸਲ ਹੈ, 60 ਦੇ ਦਹਾਕੇ ਤੋਂ ਬਾਅਦ ਸੂਬੇ ਵਿੱਚ ਜਿੱਥੇ ਸਿੰਚਾਈ ਅਧੀਨ ਰਕਬੇ ਵਿੱਚ 38% ਤੋਂ 96% ਦਾ ਵਾਧਾ ਹੋਇਆ ਹੈ, ਉੱਥੇ ਝੋਨੇ ਦੀ ਕਾਸ਼ਤ ਅਧੀਨ ਰਕਬੇ ਵਿੱਚ 11.64 ਗੁਣਾ ਵਾਧਾ ਰਿਕਾਰਡ ਕੀਤਾ ਗਿਆ ਹੈ। ਖੇਤੀ ਸਾਇੰਸਦਾਨਾਂ ਦਾ ਮੰਨਣਾ ਹੈ ਕਿ ਝੋਨਾ ਮੁੱਖ ਰੂਪ ਵਿੱਚ ਪੰਜਾਬ ਦੀ ਧਰਤੀ ਤੇ ਪੈਦਾ ਕੀਤੀ ਜਾ ਸਕਣ ਵਾਲੀ ਫਸਲ ਨਹੀਂ ਹੈ। ਇਕ ਕਿੱਲੋ ਝੋਨਾ ਪੈਦਾ ਕਰਨ ਲਈ 3000 ਲੀਟਰ ਪਾਣੀ ਦੀ ਲੋੜ ਬਾਰੇ ਵੀ ਜਾਣਕਾਰ ਦੱਸਦੇ ਹਨ ਅਤੇ ਇਹ ਗੱਲ ਵੀ ਸਪੱਸਟ ਹੈ ਕਿ ਪੰਜਾਬੀ ਚੌਲਾਂ ਨਾਲੋਂ ਕਣਕ ਦੀ ਖਪਤ ਵਧੇਰੇ ਕਰਦੇ ਹਨ।ਸੋ ਕੁੱਲ ਮਿਲਾਂ ਕੇ ਇਸ ਗੱਲ ਵਿੱਚ ਚੋਖੀ ਮਜਬੂਤੀ ਨਜ਼ਰ ਆਉਂਦੀ ਹੈ ਕਿ ਝੋਨੇ ਦੀ ਫਸਲ ਪੰਜਾਬ ਦੇ ਪਾਣੀਆਂ ਨੂੰ ਖੋਰਾ ਲਗਾਉਣ ਵਿੱਚ ਮੋਹਰੀ ਹੈ। ਸਾਲ 1980-81 ਵਿੱਚ ਪੰਜਾਬ ਸੂਬੇ ਵਿੱਚ ਡੀਜ਼ਲ ਉੱਤੇ ਇਲੈਕਟ੍ਰੋਨਿਕ ਮੋਟਰਾਂ ਦੀ ਗਿਣਤੀ 6 ਲੱਖ ਦੇਕਰੀਬ ਸੀ, ਜੋ ਕਿ ਸਾਲ 2016-17 ਦੇ ਅੰਕੜੇ ਅਨੁਸਾਰ ਵੱਧ ਕਿ 14.19 ਲੱਖ ਤੱਕ ਪੁੱਜ ਚੁੱਕੀ ਹੈ। 

ਇੱਥੇ ਇਹ ਗੱਲ ਵੀ ਸਪੱਸਟ ਕੀਤੀ ਜਾ ਰਹੀ ਕਿ ਪੰਜਾਬ ਦੇ ਕਿਸਾਨਾਂ ਵੱਲੋ ਸਾਉਣੀ ਰੁੱਤੇ ਇਸ ਝੋਨੇ ਦੀ ਫਸਲ ਨੂੰ ਅਗੇਤਾ ਮਈ ਦੇ ਮਹੀਨੇ ਹੀ ਬੀਜਿਆ ਜਾਣਾ ਪਾਣੀ ਰੂਪੀ ਸਮੱਸਿਆ ਨੂੰ ਹੋਰ ਗੰਭੀਰ ਬਣਾ ਰਿਹਾ ਸੀ, ਝੋਨੇ ਦੀ ਅਗੇਤੀ ਲਵਾਈ ਕਾਰਨ ਇਸ ਫਸਲ ਤੇ 30% ਪਾਣੀ ਆਮ ਨਾਲੋ ਵਧੇਰੇ ਲੱਗਦਾ ਹੈ ਤੇ ਸਮੱਸਿਆ ਨੂੰ ਹੋਰ ਜਟਿਲ ਬਣਾ ਰਿਹਾ ਸੀ। ਕਈ ਕਿਸਾਨਾਂ ਵੱਲੋ ਨਾ ਸ਼ਿਫਾਰਸਸੁਦਾ ਕਿਸਮਾਂ ਦੀ ਬਿਜਾਈ ਕਰਕੇ ਭਾਵ ਪੂਸਾ 44 ਦੀ ਕਾਸ਼ਤ ਕਰ ਕੇ ਵੀ ਸਮੱਸਿਆ ਗੰਭੀਰ ਹੋ ਰਹੀ ਹੈ। ਪੰਜਾਬ ਸਬ-ਸੁਆਇਲ ਪ੍ਰੀਜਰਵੇਸ਼ਨ ਐਕਟ 2009 ਦੇ ਲਾਗੂ ਹੋਣ ਕਰਕੇ ਅਤੇ ਕਿਸਾਨਾਂ ਵੱਲੋਂ ਇਸ ਐਕਟ ਨੂੰ ਭਰਵਾ ਹੁੰਗਾਰਾ ਦੇਣ ਨਾਲ ਪੰਜਾਬ ਵਿੱਚ ਝੋਨੇ ਦੀ ਖੇਤੀ ਪਿਛਲੇ ਸਾਲ 20 ਜੂਨ ਤੋਂ ਆਰੰਭ ਕੀਤੀ ਗਈ ਸੀ, ਜਿਸ ਨਾਲ ਧਰਤੀ ਹੇਠਲੇ ਪਾਣੀ ਦੀ ਬੱਚਤ ਨੋਟ ਕੀਤੀ ਗਈ ਹੈ। ਖੇਤੀਬਾੜੀ ਸਾਇੰਸਦਾਨਾਂ ਨੇ ਇਸ ਗੱਲ ਦੀ ਖੋਜ ਵੀ ਕੀਤੀ ਹੈ ਕਿ ਝੋਨੇ ਦੀ 1 ਮਈ ਨੂੰ ਲਵਾਈ ਕਾਰਨ ਧਰਤੀ ਹੇਠਲੇ ਪਾਣੀ ਤੇ ਵਧੇਰੇ ਬੋਝ ਪੈਣ ਕਰਕੇ 70 ਸੈਂਟੀਮੀਟਰ ਪਾਣੀ ਥੱਲੇ ਜਾਂਦਾ ਹੈ, 10 ਮਈ ਨੂੰ ਲਵਾਈ ਕਰਨ ਕਰਕੇ 60 ਸੈਂਟੀਮੀਟਰ ,20 ਮਈ ਨੂੰ ਲਵਾਈ ਕਰਨ ਤੇ 50 ਸੈਟੀਮੀਟਰ,10 ਜੂਨ ਨੂੰ ਲਵਾਈ ਕਰਨ ਕਰਕੇ 10 ਸੈਟੀਮੀਟਰ ਧਰਤੀ ਹੇਠਲਾ ਪਾਣੀ ਥੱਲੇ ਜਾ ਸਕਦਾ ਤੇ ਜੇਕਰ ਇਹੀ ਝੋਨੇ ਦੀ ਫਸਲ 20 ਜੂਨ ਨੂੰ ਬੀਜੀ ਜਾਵੇ ਤਾਂ ਪਾਣੀ ਦਾ ਪੱਧਰ ਵੱਧ ਸਕਦਾ ਹੈ।

ਪੰਜਾਬ ਦੇ ਕੰਢੀ ਇਲਾਕੇ ਵਿੱਚ ਪਾਣੀ ਦੇ ਵਸੀਲਿਆਂ ਦੀ ਕਮੀ ਕੰਢੀ ਇਲਾਕੇ ਦੇ ਵਸਨੀਕਾਂ ਲਈ ਮੁਸ਼ਕਲਾਂ ਪੈਦਾ ਕਰ ਰਹੀ ਹੈ।ਭੂਮੀ ਤੇ ਪਾਣੀ ਰੱਖਿਆ ਵਿਭਾਗ ਵੱਲੋਂ ਇਕ ਚੈੱਕ ਡੈਮਾਂ ਦੇ ਰਾਹੀ ਵਾਟਰ ਹਾਰਵੈਸਟਿੰਗ ਤਕਨੀਕ ਰਾਹੀਂ ਪਾਣੀ ਨੂੰ ਇਕੱਠਾ ਕਰਕੇ ਇਸ ਨੀਮ ਪਹਾੜੀ ਇਲਾਕੇ ਨੂੰ ਸਿੰਜਣਯੋਗ ਬਣਾਇਆ ਜਾ ਰਿਹਾ ਹੈ।ਇਸ ਤਰ੍ਹਾਂ ਦੇ ਵਾਟਰ ਹਾਰਵੈਸਟਿੰਗ ਮਾਡਲਾਂ ਤਹਿਤ ਪਾਣੀ ਦੇ ਰੋੜ੍ਹ ਨੂੰ ਜਾਂ ਸਿੰਮ ਰਹੇ ਪਾਣੀ ਦੀ ਨਿਸ਼ਾਨਦੇਹੀ ਕਰਕੇ ਪਾਣੀ ਨੂੰ ਇਲਾਕੇ ਵਿੱਚ ਸਵੈ-ਸਹਾਇਕ ਸਮੂਹਾਂ ਰਾਹੀਂ ਪਿੰਡਾਂ ਵਿੱਚ ਵਰਤੋ ਹੇਠ ਲਿਆਂਦਾ ਜਾ ਰਿਹਾ ਹੈ। ਨੀਮ ਪਹਾੜੀ ਇਲਾਕਿਆਂ ਵਿੱਚ ਪਾਣੀ ਨਾਲ ਲੱਗਦੇ ਮੈਦਾਨੀ ਇਲਾਕਿਆਂ ਲਈ ਮਸ਼ਕਲਾਂ ਪੈਦਾ ਕਰਦਾ ਜਾਪਦਾ ਹੈ।ਇਹ ਪਾਣੀ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਹੋਰ ਲੱਗਦੇ ਜ਼ਿਲ੍ਹਿਆਂ ਵਿੱਚ ਚੋਆਂ ਦੀ ਸਕਲ ਵਿੱਚ ਵਹਿੰਦਾ ਸੀ ਤੇ ਨਾਲ ਲੱਗਦੇ ਪਿੰਡਾਂ ਲਈ ਪਾਣੀ ਦੇ ਵਸੀਲਿਆ ਨੂੰ ਭਰਪੂਰ ਕਰਨ ਦਾ ਕਾਰਨ ਬਣਦਾ ਸੀ ਪਰ ਹੁਣ ਇਨ੍ਹਾ ਪਿੰਡਾਂ ਵਿੱਚ ਵੀ ਪਾਣੀ ਦੀ ਕਮੀ ਦੀਆਂ ਸਮੱਸਿਆਵਾਂ ਆਮ ਨਜ਼ਰ ਆ ਰਹੀਆਂ ਹਨ। ਪੰਜਾਬ ਦੇ ਮੈਦਾਨੀ ਇਲਾਕਿਆ ਵਿਚ ਪਾਣੀ ਦੀ ਬੱਚਤ ਦੇ ਉਪਰਾਲੇ ਹੁਣ ਜੰਗੀ ਪੱਧਰ ਤੇ ਚਾਲੂ ਕਰਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ।ਅੱਜ ਪੰਜਾਬ ਵਿੱਚ ਪਾਣੀ ਦੀ ਬੱਚਤ ਸੰਬੰਧੀ ਨਵੀਆਂ ਤਕਨੀਕਾਂ ਸਿਫਾਰਸਾਂ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ ਲੇਜਰ ਲੈਵਲਿੰਗ ਤਕਨੀਕ, ਸਪਰਿੰਕਲਰ ਅਤੇ ਡਰਿਪ ਸਿੰਚਾਈ ਤਕਨੀਕ ਕੀਤੀ ਜਾ ਸਕਦੀ ਹੈ।ਲੇਜਰ ਲੈਵਲਿੰਗ ਤਕਨੀਕ ਰਾਹੀਂ ਖੇਤਾਂ ਨੂੰ ਸਮਤਲ ਕੀਤਾ ਜਾਂਦਾ ਹੈ ਤੇ ਇਸ ਤਰ੍ਹਾਂ ਪਾਣੀ ਦੀ 30% ਤੱਕ ਬੱਚਤ ਕੀਤੀ ਜਾ ਸਕਦੀ ਹੈ। ਡਰਿੱਪ ਸਿੰਚਾਈ ਤਕਨੀਕ ਰਾਹੀਂ ਤੁਪਕਾ-ਤੁਪਕਾ ਪਾਣੀ ਨਾਲ ਫਸਲਾਂ ਨੂੰ ਸਿੰਜਣ ਨਾਲ ਲੱਗਭਗ 50% ਤੱਕ ਪਾਣੀ ਬਚਾਇਆ ਜਾ ਸਕਦਾ ਹੈ,ਭਾਵੇਂ ਅਜਿਹੀ ਤਕਨੀਕ ਨਾਲ ਪੈਸਾ ਜ਼ਿਆਦਾ ਲੱਗਦਾ ਹੈ ਪਰ ਜੇਕਰ ਕਿਸਾਨ ਭੂਮੀ ਰੱਖਿਆ ਵਿਭਾਗ ਨਾਲ ਤਾਲਮੇਲ ਪੈਦਾ ਕਰੇ ਤਾਂ ਸਬਸਿਡੀ ਵੀ ਪਰਾਪਤ ਕੀਤੀ ਜਾ ਸਕਦੀ ਹੈ। ਸਬਜੀਆਂ ਦੀ ਕਾਸ਼ਤ ਅਤੇ ਬਾਗਾਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਤੁਪਕਾ ਸਿੰਚਾਈ ਤਕਨੀਕ ਕਾਫੀ ਫਾਇਦੇਮੰਦ ਸਾਬਤ ਹੋ ਸਕਦੀ ਹੈ, ਇਸੇ ਤਰ੍ਹਾਂ ਫੁਹਾਰਾ ਸਿੰਚਾਈ ਤਕਨੀਕ ਵੀ ਫਸਲਾਂ ਲਈ ਪਾਣੀ ਦੀ ਬੱਚਤ ਦਾ ਇਕ ਅਹਿਮ ਤਰੀਕਾ ਹੈ। ਸਾਡੇ ਕਿਸਾਨਾਂ ਵੱਲੋ ਜਿਆਦਾਤਰ ਖੇਤਾਂ ਵਿੱਚ ਫਲੱਡ ਸਿੰਚਾਈ ਤਰੀਕਿਆਂ ਨੂੰ ਹੀ ਅਪਣਾਇਆਂ ਜਾਂਦਾ ਹੈ ਭਾਵ ਖੇਤਾਂ ਵਿੱਚ ਪਾਣੀ ਨੂੰ ਖੁੱਲ੍ਹਾਂ ਛੱਡਣ ਨਾਲ ਅਸੀਂ ਮਿਹਨਤ ਤੋ ਤਾਂ ਬਚ ਜਾਂਦੇ ਹਾਂ ਪਰ ਪਾਣੀ ਦੀ ਵਾਸ਼ਪੀਕਰਨ ਅਤੇ ਹੋਰ ਕਾਰਨਾਂ ਕਰਕੇ ਦੁਰਵਰਤੋ ਵੱਧਦੀ ਹੈ। ਜੇਕਰ ਇਹੋ ਹੀ ਪਾਣੀ ਖੇਤਾਂ ਵਿੱਚ ਛੋਟੇ ਕਿਆਰੇ ਬਣਾ ਕੇ ਜਾਂ ਅੰਡਰ-ਗਰਾਉਂਡ ਪਾਈਪਾਂ ਰਾਹੀਂ ਲਗਾਇਆ ਜਾਵੇ ਤਾਂ 20 ਤੋ 25% ਤੱਕ ਪਾਣੀ ਬਚਾਇਆ ਜਾ ਸਕਦਾ ਹੈ। ਇਸੇ ਤਰਾਂ ਟਰੈਂਚ ਵਿਧੀ ਰਾਹੀਂ ਗੰਨਾ ਅਤੇ ਫਸਲਾਂ ਦੀ ਬੈਂਡ ਤੇ ਬਿਜਾਈ ਕਰਨ ਨਾਲ 40% ਤੱਕ ਪਾਣੀ ਬਚ ਸਕਦਾ ਹੈ। ਇਸੇ ਤਰ੍ਹਾਂ ਝੋਨੇ ਵਿੱਚ ਟੇਨਸੀਉਮੀਟਰ ਦੀ ਤਕਨੀਕ ਰਾਹੀਂ ਅਸੀਂ ਝੋਨੇ ਵਿੱਚ ਪਾਣੀ ਦੀ ਲੋੜ ਦੀ ਜਾਂਚ ਕਰਕੇ ਜੇਕਰ ਲਾਈਏ ਤਾਂ 20% ਤੱਕ ਪਾਣੀ ਬਚ ਸਕਦਾ ਹੈ।ਮਾਹਿਰਾਂ ਅਨੁਸਾਰ ਝੋਨੇ ਦੀ ਫਸਲ ਵਿੱਚ ਪਹਿਲਾਂ 15 ਦਿਨ ਹੀ ਪਾਣੀ ਖਿਲਾਰਨ ਦੀ ਜਰੂਰਤ ਹੈ ਬਾਅਦ ਵਿੱਚ ਲੋੜ ਅਨੁਸਾਰ ਪਾਣੀ ਭਾਵ ਪਹਿਲਾਂ ਪਾਣੀ ਜੀਰਨ ਤੋਂ ਬਾਅਦ ਤੇ ਤਰੇੜਾ ਪਾਟਣ ਤੋਂ ਪਹਿਲਾਂ ਪਾਣੀ ਲਗਾਇਆ ਜਾਵੇ ਤਾਂ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।

ਪਿੰਡਾਂ ਵਿੱਚ ਛੱਪੜਾ ਦੀ ਘੱਟ ਰਹੀ ਗਿਣਤੀ ਵੀ ਸਮੱਸਿਆ ਨੂੰ ਗੰਭੀਰ ਬਣਾ ਰਹੀ ਹੈ। ਪਿੰਡਾਂ ਦਾ ਵਾਧੂ ਪਾਣੀ ਜੇਕਰ ਛੱਪੜਾ ਵਿੱਚ ਇਕੱਠਾ ਹੁੰਦਾ ਹੈ ਤਾਂ ਜਿੱਥੇ ਇਹ ਪਾਣੀ ਜਮੀਨ ਵਿੱਚ ਰਿਚਾਰਜਿੰਗ ਦਾ ਕੰਮ ਕਰਦਾ ਹੈ, ਉੱਥੇ ਇਸ ਪਾਣੀ ਨੂੰ ਲਿਫਟ ਤਕਨੀਕ ਰਾਹੀਂ ਵੀ ਲਾਗਲੇ ਖੇਤਾਂ ਨੂੰ ਸਿੰਜਿਆ ਜਾ ਸਕਦਾ ਹੈ, ਇਸੇ ਤਰ੍ਹਾਂ ਮੱਛੀ ਪਾਲਣ ਫਾਰਮ ਵੀ ਪਾਣੀ ਤੇ ਤਲ ਨੂੰ ਉੱਚਾ ਚੁੱਕਣ ਵਿੱਚ ਸਹਾਈ ਸਾਬਤ ਹੋ ਸਕਦੇ ਹਨ| ਬਰਸਾਤੀ ਪਾਣੀ ਨੂੰ ਇਕੱਠਾ ਕਰਨਾ ਜਾਂ ਫਿਰ ਘਰਾਂ ਦੀਆਂ ਛੱਤਾਂ ਤੇ ਇਕੱਠੇ ਬਰਸਾਤੀ ਪਾਣੀ ਨੂੰ ਜਮੀਨ ਹੇਠਾਂ ਭੇਜਣ ਦੇ ਉਪਰਾਲੇ ਜਮੀਨ ਰੂਪੀ ਪਾਣੀ ਦੇ ਬੈਂਕ ਵਰਗੇ ਖਾਤੇ ਨੂੰ ਉਚਿਆਉਣ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ। ਪਾਣੀ ਬਚਾਉਣ ਲਈ ਇਸ ਸਾਂਝੀ ਮੁਹਿੰਮ ਨੂੰ ਮਾਨਵਤਾ ਦੀ ਭਲਾਈ ਲਈ ਜੰਗੀ ਪੱਧਰ ਤੇ ਚਲਾਉਣ ਦੀ ਲੋੜ ਹੈ। ਇਸ ਮੁਹਿੰਮ ਵਿੱਚ ਇਕਲੇ ਪੇਂਡੂ ਵੀਰ ਜਾਂ ਕਿਸਾਨ ਹੀ ਸ਼ਾਮਲ ਨਹੀਂ ਹਨ , ਸਗੋਂ ਸ਼ਹਿਰੀ ਵਸਨੀਕ ਵੀ ਪਾਣੀ ਬਚਾਉਣ ਦੀ ਇਸ ਮੁਹਿੰਮ ਵਿੱਚ ਸ਼ਾਮਲ ਹੋਣੇ ਚਾਹੀਦੇ ਹਨ। ਇਹ ਆਮ ਵੇਖਣ ਵਿੱਚ ਆਉਂਦਾ ਹੈ ਕਿ ਸ਼ੇਵ ਬਣਾਉਣ ਵੇਲੇ ਪਾਣੀ ਦੀ ਦੁਰਵਰਤੋਂ ਅਕਸਰ ਨਜ਼ਰਅੰਦਾਜ਼ ਕੀਤੀ ਜਾਂਦੀ ਹੈ। ਕਾਰ ਜਾ ਮੋਟਰਸਾਈਕਲ ਨੂੰ ਧੋਣ ਵੇਲੇ ਵੀ ਅਸੀ ਪਾਣੀ ਨੂੰ ਅਜਾਂਈ ਗਵਾਉਂਦੇ ਹਾਂ। ਲੋੜ ਹੈ ਥੋੜ੍ਹਾ ਵਿਚਾਰ ਕਰਨ ਦੀ ਤੇ ਉਨ੍ਹਾ ਸਾਰੇ ਉਦਮਾਂ ਨੂੰ ਆਪਣੀ ਖੇਤੀ ਜਾ ਕਾਰ ਵਿਹਾਰ ਵਿੱਚ ਅਪਣਾਉਣ ਦੀ , ਜਿਨ੍ਹਾਂ ਸਦਕਾ ਅਸੀ ਇਸ ਪਾਣੀ-ਰੂਪੀ ਖਜਾਨੇ ਨੂੰ ਬਚਾ ਸਕੀਏ।   
*ਡਾਂ. ਨਰੇਸ਼ ਕੁਮਾਰ ਗੁਲਾਟੀ
*ਖੇਤੀਬਾੜੀ ਅਫਸਰ ਜਲੰਧਰ


Iqbalkaur

Content Editor

Related News