ਗਰਮੀ : ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ

Tuesday, Jun 18, 2024 - 06:45 PM (IST)

ਗਰਮੀ : ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ

ਆਖਿਰ ਕੁਦਰਤ ਵੀ ਕਦੋਂ ਤੱਕ ਬਰਦਾਸ਼ਤ ਕਰੇ। ਉਸ ਨੇ ਵੀ ਜਵਾਬ ਦੇ ਦਿੱਤਾ। ਪਾਰਾ ਇਕ ਨਵਾਂ ਰਿਕਾਰਡ ਬਣਾ ਰਿਹਾ ਹੈ। ਹਾਲਾਤ ਸੱਚਮੁੱਚ ਮਾੜੇ ਤੋਂ ਬਹੁਤ ਮਾੜੇ ਹੋ ਰਹੇ ਹਨ। ਹੁਣ ਵੀ ਆਮ ਅਤੇ ਖਾਸ ਜੇ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਹੀਟ ਐਮਰਜੈਂਸੀ ਲਾਉਣੀ ਜ਼ਰੂਰੀ ਹੋਵੇਗੀ। ਉਂਝ ਵੀ ਭਾਰਤ ਸਮੇਤ ਸਮੁੱਚੀ ਦੁਨੀਆ ਦੇ ਬਹੁਤ ਸਾਰੇ ਇਲਾਕਿਆਂ ’ਚ ਹਾਲਾਤ ਅਜਿਹੇ ਹੀ ਹਨ। ਵਿਕਾਸ ਦੀ ਦੌੜ ’ਚ ਸਾਡੇ ਕੋਲੋਂ ਗ੍ਰੀਨ ਹਾਊਸ ਗੈਸਾਂ ਨੂੰ ਵੱਧ ਤੋਂ ਵੱਧ ਛੱਡਣ, ਕੁਦਰਤ ਦਾ ਸੰਤੁਲਨ ਵਿਗਾੜਨ ਦਾ ਕਿਤੇ ਸਮੁੱਚੀ ਮਨੁੱਖਤਾ ਨੂੰ ਭਾਰੀ ਨੁਕਸਾਨ ਨਾ ਸਹਿਣਾ ਪੈ ਜਾਏ।

ਦੇਸ਼ ਦੇ ਘੱਟੋ-ਘੱਟ 50 ਸ਼ਹਿਰਾਂ ’ਚ ਪਾਰੇ ਨੇ 45 ਡਿਗਰੀ ਨੂੰ ਪਾਰ ਕਰ ਲਿਆ ਹੈ। ਦਿੱਲੀ ਦਾ ਤਾਪਮਾਨ ਤਾਂ 50 ਡਿਗਰੀ ਨੂੰ ਵੀ ਛੂਹ ਚੁੱਕਾ ਹੈ। ਇਸ ਕਾਰਨ ਪੂਰੇ ਦੇਸ਼ ’ਚ ਸਨਸਨੀ ਫੈਲ ਗਈ ਸੀ। ਇਸ ਹਕੀਕਤ ਨੂੰ ਵੀ ਮੰਨਣਾ ਹੋਵੇਗਾ ਕਿ ਕਸਬਿਆਂ ਅਤੇ ਪਿੰਡਾਂ ਦੇ ਤਾਪਮਾਨ ਦਾ ਸਹੀ-ਸਹੀ ਅੰਕੜਾ ਮਿਲ ਜਾਏ ਤਾਂ ਸਾਬਿਤ ਹੋ ਜਾਏਗਾ ਕਿ ਭਿਆਨਕ ਗਰਮੀ ਦੇ ਸੇਕ ਦਾ ਮਾਹੌਲ ਦੇਸ਼ ਦੇ ਅੱਧੇ ਤੋਂ ਵੱਧ ਹਿੱਸੇ ’ਤੇ ਜੂਨ ਦਾ ਅੱਧਾ ਮਹੀਨਾ ਬੀਤ ਜਾਣ ਤੋਂ ਬਾਅਦ ਅਜੇ ਵੀ ਕਾਇਮ ਹੈ। ਅਜੇ 3-4 ਦਿਨ ਦੇਸ਼ ਦੇ ਕਈ ਹਿੱਸਿਆਂ ਜਿਨ੍ਹਾਂ ’ਚ ਪੰਜਾਬ, ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਦਿੱਲੀ ਸਮੇਤ ਕਈ ਹੋਰਨਾਂ ਥਾਵਾਂ ’ਤੇ ਲੂ ਦਾ ਅਲਰਟ ਹੈ।

ਜਿਸ ਤਰ੍ਹਾਂ ਖਾਸ ਕਰ ਕੇ ਦੱਖਣੀ ਏਸ਼ੀਆ ’ਚ ਇਸ ਵਾਰ ਗਰਮੀ ਆਪਣੇ ਸਿਖਰ ’ਤੇ ਹੈ, ਇਹ ਹਾਲਾਤ ਚੰਗੇ ਨਹੀਂ ਕਹੇ ਜਾ ਸਕਦੇ। ਭਾਰਤ ਦੇ ਉੱਤਰ, ਮੱਧ ਤੇ ਪੱਛਮ ’ਚ ਪਾਰਾ 48 ਡਿਗਰੀ ਸੈਲਸੀਅਸ ਨੂੰ ਪਾਰ ਕਰ ਚੁੱਕਾ ਹੈ। ਇਹ ਭਾਵੇਂ ਅਜੇ ਆਮ ਹੈ ਪਰ ਬੇਹੱਦ ਖਤਰਨਾਕ ਵੀ ਹੈ। ਸ਼ਾਇਦ ਅਸੀਂ ਕੁਦਰਤ ਨਾਲ ਕੁਝ ਵਧੇਰੇ ਹੀ ਖਿਲਵਾੜ ਕਰ ਦਿੱਤਾ ਹੈ। ਜੀਵਾਸ਼ਮ ਫਿਊਲ ਨੂੰ ਅੰਨ੍ਹੇਵਾਹ ਸਾੜ ਕੇ ਧਰਤੀ ਅਤੇ ਆਸਮਾਨ ਤੱਕ ਦਾ ਮਿਜਾਜ਼ ਅਸੀਂ ਵਿਗਾੜ ਦਿੱਤਾ ਹੈ। ਲੋਕ ਇਹ ਗੱਲ ਕਿਉਂ ਨਹੀਂ ਸਮਝਦੇ ਕਿ ਜੋ ਤਬਾਹੀ ਵਾਲੀ ਗਰਮੀ ਪੈ ਰਹੀ ਹੈ, ਉਹ ਕੁਦਰਤੀ ਬਿਲਕੁਲ ਨਹੀਂ ਹੈ।

ਤਰੱਕੀ ਦੇ ਨਾਂ ’ਤੇ ਕੋਲਾ, ਤੇਲ ਅਤੇ ਗੈਸ ਦੇ ਟਿਕਾਣਿਆਂ ਰਾਹੀਂ ਉਤਪਾਦਨ ਦੀ ਦੌੜ ’ਚ ਦਿਨ-ਰਾਤ ਕੁਦਰਤੀ ਸੋਮਿਆਂ ਦਾ ਬੇਹਿਸਾਬ ਇਸਤੇਮਾਲ ਇਕੱਲਾ ਮੁੱਖ ਕਾਰਨ ਹੈ ਪਰ ਅਫਸੋਸ ਇਹ ਹੈ ਕਿ ਕਾਰਨ ਜਾਣ ਕੇ ਵੀ ਉਸ ਨੂੰ ਠੀਕ ਕਰਨ ਦੀ ਬਜਾਏ ਕੁਝ ਕਰਨ ਦੇ, ਚੁਗਿਰਦੇ ਵਾਲੀਆਂ ਜਾਂ ਉਨ੍ਹਾਂ ਲਈ ਕੰਮ ਕਰਨ ਵਾਲੇ ਸੰਗਠਨਾਂ ਦਾ ਮੂੰਹ ਵੇਖੀਏ।

ਇਕ ਗਰਮ ਟਾਪੂ ਦੇ ਸ਼ਹਿਰ ’ਚ ਤਬਦੀਲ ਹੁੰਦੀ ਦਿੱਲੀ ਦੇ ਔਸਤ ਤਾਪਮਾਨ ’ਤੇ ਕਦੇ ਕਿਸੇ ਨੇ ਵਿਚਾਰ ਕੀਤਾ ਹੈ? ਇਹ 10 ਸਾਲ ’ਚ 7 ਡਿਗਰੀ ਵਧਿਆ ਹੈ। 2014 ਦੇ ਮਈ ਦਾ ਔਸਤ ਤਾਪਮਾਨ ਲੱਗਭਗ 30.33 ਡਿਗਰੀ ਦਰਮਿਆਨ ਸੀ ਜੋ ਹੁਣ ਲੱਗਭਗ 40 ਤੋਂ ਵੀ ਪਾਰ ਹੋ ਗਿਆ ਹੈ। ਕੀ ਤੁਸੀਂ ਕਦੇ ਧਿਆਨ ਦਿੱਤਾ ਹੈ ਕਿ ਇਸ ਵਾਰ ਦਾ ਮੌਸਮ ਦਾ ਮਿਜਾਜ਼ ਕੁਝ ਵੱਖਰੀ ਕਿਸਮ ਦਾ ਹੈ। ਕਦੋਂ ਅਪ੍ਰੈਲ ’ਚ ਹਲਕੀ ਗਰਮੀ ਨੇ ਦਸਤਕ ਦੇਣੀ ਸੀ ਤਾਂ ਅਪ੍ਰੈਲ-ਮਈ ਦੇ ਪਹਿਲੇ ਪੰਦਰਵਾੜੇ ਪਿੱਛੋਂ ਕਦੇ ਬੱਦਲ, ਕਦੇ ਮੀਂਹ ਤਾਂ ਕਦੇ ਠੰਢੀਆਂ ਹਵਾਵਾਂ ਨੇ ਲੋਕਾਂ ਨੂੰ ਰਾਹਤ ਪਹੁੰਚਾਈ।

ਉਸ ਤੋਂ ਬਾਅਦ ਮਈ ਦੇ ਅਖੀਰ ਤੋਂ ਹੁਣ ਤੱਕ ਮੌਸਮ ਦਾ ਬਦਲਦਾ ਰੁਖ ਸਮਝ ਨਹੀਂ ਆ ਰਿਹਾ। ਇਹ ਪਤਾ ਨਹੀਂ ਲੱਗ ਰਿਹਾ ਕਿ ਆਖਿਰ ਹੁਣ ਤੱਕ ਮੌਸਮ ’ਚ ਇੰਨੀ ਭਿਆਨਕ ਤਬਦੀਲੀ ਕਿਉਂ ਹੋਈ ਹੈ। ਹੌਲੀ-ਹੌਲੀ ਵਧਣ ਵਾਲਾ ਤਾਪਮਾਨ ਇਕਦਮ ਓਵਨ ਵਾਂਗ ਕੁਝ ਹੀ ਘੰਟਿਆਂ ’ਚ ਝੁਲਸਾਉਣ ਵਾਲੀ ਅਜਿਹੀ ਸਥਿਤੀ ’ਚ ਕਿਵੇਂ ਪਹੁੰਚ ਗਿਆ? ਲੋਕ ਛੱਤਾਂ ’ਤੇ ਕਿਤੇ ਰੋਟੀ, ਕਿਤੇ ਪਾਪੜ, ਕਿਤੇ ਪੂੜੀ ਤਾਂ ਕਿਤੇ ਆਮਲੇਟ ਬਣਾਉਂਦੇ ਹੋਏ ਰੀਲ ਅਤੇ ਵੀਡੀਓ ਪੋਸਟ ਕਰਨ ਲੱਗੇ।

ਚਿਕਿਤਸਾ ਸ਼ਾਸਤਰੀ ਵੀ ਮੰਨਦੇ ਹਨ ਕਿ ਮਨੁੱਖੀ ਸਰੀਰ ਅਤੇ ਪਸ਼ੂ-ਪੰਛੀ ਵੀ ਇਕ ਹੱਦ ਤੱਕ ਤਾਪਮਾਨ ਸਹਿ ਸਕਦੇ ਹਨ, ਉਸ ਤੋਂ ਬਾਅਦ ਸਰੀਰ ਖੁਦ ’ਤੇ ਕੰਟਰੋਲ ਨਹੀਂ ਕਰ ਸਕਦਾ। ਘੱਟੋ-ਘੱਟ 48 ਤੋਂ 50 ਡਿਗਰੀ ਸੈਲਸੀਅਸ ’ਚ ਧੁੱਪ ’ਚ ਤਾਂ ਬਿਲਕੁਲ ਵੀ ਨਹੀਂ। ਕੁਝ ਵੀ ਹੋ ਸਕਦਾ ਹੈ। ਦਿਲ ਦਾ ਦੌਰਾ ਪੈਣ ਤੋਂ ਦਿਲ ਦੀ ਧੜਕਣ ਰੁਕਣ ਅਤੇ ਗਰਮੀ ਦੇ ਦੂਜੇ ਗੰਭੀਰ ਮਾੜੇ ਪ੍ਰਭਾਵ ਵੀ ਜ਼ਿੰਦਗੀ ਲਈ ਵੱਡਾ ਖਤਰਾ ਬਣ ਸਕਦੇ ਹਨ।

ਸੋਚੋ ਜਿਨ੍ਹਾਂ ਦਾ ਪੇਟ ਦੀ ਖਾਤਿਰ ਤਿੱਖੀ ਧੁੱਪ ਜਾਂ ਸਿਖਰ ਦੁਪਹਿਰ ਵੇਲੇ ਬਾਹਰ ਰਹਿਣਾ ਮਜਬੂਰੀ ਹੈ, ਉਨ੍ਹਾਂ ਦਾ ਕੀ ਬਣੇਗਾ? ਦਿੱਲੀ ਦੇ ਰਾਜਪਾਲ ਦਾ ਹੁਕਮ ਹੈ ਕਿ ਦਿੱਲੀ ’ਚ ਮਜ਼ਦੂਰਾਂ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਨਖਾਹ ਸਮੇਤ ਛੁੱਟੀ ਦਿੱਤੀ ਜਾਏ। ਇਹ ਸ਼ਲਾਘਾਯੋਗ ਹੈ। ਸਿਰਫ ਇਸ ਦੀ ਪਾਲਣਾ ਸਖਤੀ ਨਾਲ ਹੋਵੇ ਅਤੇ ਭਿਆਨਕ ਗਰਮੀ ਵਾਲੀਆਂ ਸਾਰੀਆਂ ਥਾਵਾਂ ’ਤੇ ਇਸ ਨੂੰ ਲਾਗੂ ਕੀਤਾ ਜਾਏ।

ਲੱਗਦਾ ਨਹੀਂ ਕਿ ਹੀਟ ਸਟ੍ਰੋਕ ਅਤੇ ਤਾਪਮਾਨ ਦੇ ਵਧਦੇ ਰਿਕਾਰਡ ਪਿੱਛੋਂ ਹੁਣ ਲੂ ਤੋਂ ਪ੍ਰਭਾਵਿਤ ਖੇਤਰਾਂ ’ਚ ਵੀ ਦੁਪਹਿਰ 12 ਵਜੇ ਤੋਂ 3 ਵਜੇ ਨਹੀਂ ਸਗੋਂ ਸ਼ਾਮ 4 ਤੋਂ 5 ਵਜੇ ਤੱਕ ਤਾਲਾਬੰਦੀ ਹੋਣੀ ਚਾਹੀਦੀ ਹੈ।

ਦਫਤਰਾਂ ਦਾ ਵੀ ਮਈ ਤੋਂ ਜੂਨ ’ਚ ਮੀਂਹ ਆਉਣ ਤੱਕ ਦਾ ਸ਼ਡਿਊਲ ਬਦਲਣਾ ਜ਼ਰੂਰੀ ਹੈ ਪਰ ਸਕੂਲੀ ਬੱਚਿਆਂ ਨਾਲ ਪੂਰਾ ਇਨਸਾਫ ਸਭ ਤੋਂ ਜ਼ਰੂਰੀ ਹੈ। ਜਿਸ ਤਰ੍ਹਾਂ ਪਹਿਲਾਂ 30 ਜੂਨ ਤੱਕ ਸਕੂਲ ਬੰਦ ਰਹਿੰਦੇ ਸਨ ਅਤੇ ਬੱਚੇ ਪੂਰੀ ਤਰ੍ਹਾਂ ਧੁੱਪ ਤੋਂ ਸੁਰੱਖਿਅਤ ਰਹਿੰਦੇ ਸਨ, ਉਹੀ ਰੂਟੀਨ ਮੁੜ ਤੋਂ ਲਾਗੂ ਕਰਨੀ ਚਾਹੀਦੀ ਹੈ।

ਇਹੀ ਅਸਲੀ ਗਰਮੀ ਦੀ ਛੁੱਟੀ ਕਹਾਏਗੀ। ਹੁਕਮਰਾਨਾਂ ਅਤੇ ਵੱਡੇ ਅਧਿਕਾਰੀਆਂ ਨੂੰ ਇਹ ਮੰਨਣਾ ਹੋਵੇਗਾ ਕਿ ਪਹਿਲਾਂ ਸਕੂਲਾਂ ’ਚ 30 ਜੂਨ ਤੱਕ ਛੁੱਟੀ ਕਿਉਂ ਕੀਤੀ ਜਾਂਦੀ ਸੀ। ਸਭ ਚਾਹੁੰਦੇ ਹਨ ਕਿ ਇਹ ਪ੍ਰਬੰਧ ਪੂਰੇ ਦੇਸ਼ ’ਚ ਬਰਾਬਰ ਲਾਗੂ ਹੋਣਾ ਚਾਹੀਦਾ ਹੈ।

ਦੂਜੇ ਪਾਸੇ ਪੌਣ-ਪਾਣੀ ਦੀ ਤਬਦੀਲੀ ’ਤੇ ਆਈ. ਪੀ. ਸੀ. ਭਾਵ ਅੰਤਰ ਸਰਕਾਰੀ ਪੈਨਲ ਦਾ ਦਾਅਵਾ ਹੈ ਕਿ ਵਧਦੀ ਹੋਈ ਗਲੋਬਲ ਵਾਰਮਿੰਗ ਜੋ ਕੁਦਰਤੀ ਆਫਤ ਨਹੀਂ, ਇਨਸਾਨੀ ਕਰਤੂਤ ਹੈ। ਹਰ 10 ਸਾਲ ਵਿਚ ਆਉਣ ਵਾਲੀ ਹੀਟ ਵੇਵ ਮੌਜੂਦਾ ਸਮੇਂ ’ਚ 2.8 ਗੁਣਾ ਵਧ ਰਹੀ ਹੈ। ਇਹ ਅੰਕੜੇ ਬੇਹੱਦ ਹੈਰਾਨ ਕਰਨ ਵਾਲੇ ਅਤੇ ਚਿੰਤਾਜਨਕ ਹਨ। ਕਿੱਥੇ ਅਸੀਂ ਥੋੜ੍ਹਾ ਪਹਿਲਾਂ 1.5 ਡਿਗਰੀ ਸੈਲਸੀਅਸ ਪਾਰਾ ਵਧਣ ਨੂੰ ਲੈ ਕੇ ਬੇਹੱਦ ਚਿੰਤਿਤ ਸੀ ਅਤੇ ਹੁਣ ਕਿਥੇ ਇਹ ਡਰਾਉਣੇ ਅੰਕੜੇ ਸਾਹਮਣੇ ਹਨ।

ਜੇ ਹੁਣ ਵੀ ਤੁਰੰਤ ਚੁਗਿਰਦਾ ਵਿਰੋਧੀ ਗੈਸਾਂ ਨੂੰ ਛੱਡੇ ਜਾਣ ਨੂੰ ਘੱਟ ਕਰਨ ਸਬੰਧੀ ਚੌਕਸ ਨਾ ਹੋਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਜਲਦੀ ਹੀ ਇਹ ਮਿਕਦਾਰ ਦੋ ਤੋਂ ਤਿੰਨ ਗੁਣਾ ਵਧ ਜਾਏਗੀ। ਪਹਾੜਾਂ ’ਤੇ ਵਧਦੇ ਤਾਪਮਾਨ ਦਾ ਇਹੀ ਕਾਰਨ ਹੈ ਜੋ ਬੇਹੱਦ ਚਿੰਤਾਜਨਕ ਹੈ।

ਮੌਸਮ ਵਿਗਿਆਨੀ ਮੰਨਦੇ ਹਨ ਕਿ ਦੇਸ਼ ਵਿਚ ਅਲ-ਨੀਨੋ ਪ੍ਰਣਾਲੀ ਕਮਜ਼ੋਰ ਹੋ ਰਹੀ ਹੈ। ਨਾਲ ਹੀ ਲਾ ਨੀਨਾ ਮਜ਼ਬੂਤ ਹੋ ਕੇ ਸਰਗਰਮ ਹੋ ਰਹੀ ਹੈ। ਇਹ ਚੰਗੇ ਮਾਨਸੂਨ ਲਈ ਵਧੀਆ ਸਥਿਤੀ ਹੈ। ਇਸੇ ਕਾਰਨ ਭਾਰਤ ਵਿਚ ਮਾਨਸੂਨ ਨੇ ਕਈ ਥਾਈਂ ਸਮੇਂ ਤੋਂ ਪਹਿਲਾਂ ਹੀ ਦਸਤਕ ਦੇ ਦਿੱਤੀ ਹੈ। ਚਲੋ, ਇਸ ਵਾਰ ਦੀ ਗਰਮੀ ਤਾਂ ਕਿਸੇ ਹੱਦ ਤੱਕ ਕੱਟੀ ਜਾਏਗੀ ਪਰ ਅਗਲੀ ਵਾਰ ਲਈ ਹੁਣ ਤੋਂ ਹੀ ਸੋਚਣਾ ਹੋਵੇਗਾ ਤਾਂ ਜੋ ਕਿਤੇ ਦੇਰ ਨਾ ਹੋ ਜਾਇਏ।

ਰਿਤੂਪਰਣ ਦਵੇ


author

Rakesh

Content Editor

Related News