ਕੇਰਲ ''ਚ ਲਗਾਤਾਰ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ, ਪਾਣੀ ਨਾਲ ਭਰੀਆਂ ਸੜਕਾਂ
Tuesday, May 28, 2024 - 03:00 PM (IST)
ਤਿਰੂਵਨੰਤਪੁਰਮ-ਕੇਰਲ ਦੇ ਕਈ ਹਿੱਸਿਆਂ 'ਚ ਮੰਗਲਵਾਰ ਯਾਨੀ ਕਿ ਅੱਜ ਤੇਜ਼ ਹਵਾਵਾਂ ਦੇ ਨਾਲ ਲਗਾਤਾਰ ਪੈ ਰਹੇ ਮੀਂਹ ਨੇ ਆਮ ਜਨਜੀਵਨ ਪ੍ਰਭਾਵਿਤ ਕਰ ਦਿੱਤਾ। ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਕੋਚੀ ਅਤੇ ਆਲੇ-ਦੁਆਲੇ ਦੇ ਇਲਾਕਿਆਂ 'ਚ ਕਈ ਤੰਗ ਗਲੀਆਂ ਅਤੇ ਵਿਅਸਤ ਸੜਕਾਂ ਪਾਣੀ 'ਚ ਡੁੱਬ ਗਈਆਂ। ਸੜਕਾਂ 'ਤੇ ਪਾਣੀ ਭਰ ਜਾਣ ਕਾਰਨ ਸ਼ਹਿਰ ਦੇ ਕਈ ਇਲਾਕਿਆਂ ਦੇ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲ ਸਕੇ। ਮੀਂਹ ਤੋਂ ਬਾਅਦ ਹਾਈਵੇਅ 'ਤੇ ਵਾਹਨ ਬਹੁਤ ਹੌਲੀ ਰਫ਼ਤਾਰ ਨਾਲ ਚਲਦੇ ਦੇਖੇ ਗਏ।
ਇਹ ਵੀ ਪੜ੍ਹੋ- ਕੇਜਰੀਵਾਲ ਨੂੰ ਝਟਕਾ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਲਈ SC ਦਾ ਇਨਕਾਰ
ਰਾਜਧਾਨੀ ਤਿਰੂਵਨੰਤਪੁਰਮ ਦੇ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿਚ ਸੋਮਵਾਰ ਰਾਤ ਤੋਂ ਹੀ ਮੋਹਲੇਧਾਰ ਮੀਂਹ ਪੈ ਰਿਹਾ ਹੈ। ਤਿਰੂਵਨੰਤਪੁਰਮ ਜ਼ਿਲ੍ਹੇ ਦੇ ਪਿੰਡਾਂ ਵਿਚ ਦਰੱਖਤ ਉਖੜ ਗਏ ਅਤੇ ਨਦੀਆਂ ਉਫ਼ਾਨ 'ਤੇ ਹਨ। ਜ਼ਿਲ੍ਹੇ ਦੇ ਉੱਚੇ ਇਲਾਕਿਆਂ 'ਚ ਸਥਿਤ ਨੇਦੁਮੰਗਡੂ, ਨੇਯਾਤਿਨਕਾਰਾ, ਕਟਕਕਾਡਾ ਅਤੇ ਅੰਬੂਰੀ ਖੇਤਰਾਂ 'ਚ ਮੋਹਲੇਧਾਰ ਮੀਂਹ ਪਿਆ। ਖਰਾਬ ਮੌਸਮ ਮਗਰੋਂ ਹਿੱਲ ਸਟੇਸ਼ਨ ਪੋਨਮੁਡੀ ਵਿਖੇ ਈਕੋ-ਟੂਰਿਜ਼ਮ ਕੇਂਦਰ ਨੂੰ ਬੰਦ ਕਰ ਦਿੱਤਾ ਗਿਆ। ਤੱਟਵਰਤੀ ਖੇਤਰਾਂ ਵਿਚ ਉੱਚੀਆਂ ਲਹਿਰਾਂ ਅਤੇ ਸਮੁੰਦਰ ਦੇ ਅਸ਼ਾਂਤ ਹੋਣ ਦੀ ਸੂਚਨਾ ਮਿਲੀ ਹੈ। ਇਸ ਕਾਰਨ ਸੂਬੇ ਦੇ ਇਨ੍ਹਾਂ ਇਲਾਕਿਆਂ ਵਿਚ ਮੱਛੀਆਂ ਫੜਨ ਵਾਲੀਆਂ ਕਿਸ਼ਤੀਆਂ ਨੂੰ ਖ਼ਤਰਾ ਪੈਦਾ ਹੋ ਗਿਆ ਹੈ।
ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ
ਤਿਰੂਵਨੰਤਪੁਰਮ ਤੋਂ ਲਗਭਗ 30 ਕਿਲੋਮੀਟਰ ਦੂਰ ਮੁਥਲਾਪੋਜ਼ੀ ਮੱਛੀ ਫੜਨ ਵਾਲੇ ਪਿੰਡ ਦੇ ਤੱਟ 'ਤੇ ਕਿਸ਼ਤੀ ਪਲਟਣ ਦੀਆਂ ਦੋ ਘਟਨਾਵਾਂ ਵੀ ਸਾਹਮਣੇ ਆਈਆਂ ਹਨ। ਅੱਜ ਸਵੇਰੇ ਵਾਪਰੀ ਇਕ ਘਟਨਾ 'ਚ ਤੇਜ਼ ਲਹਿਰਾਂ ਕਾਰਨ ਇਕ ਮਛੇਰੇ ਦੀ ਕਿਸ਼ਤੀ ਪਲਟ ਜਾਣ ਕਾਰਨ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਤਿੰਨ ਹੋਰ ਲੋਕ ਵੀ ਸਮੁੰਦਰ ਵਿਚ ਡਿੱਗ ਗਏ ਸਨ, ਜਿਨ੍ਹਾਂ ਨੂੰ ਬਚਾਇਆ ਗਿਆ ਅਤੇ ਨੇੜਲੇ ਹਸਪਤਾਲ ਲਿਜਾਇਆ ਗਿਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8