ਸਿੰਚਾਈ ਸੀਜ਼ਨ ''ਚ ਖਾਲ੍ਹਾਂ ਦੇ ਟੇਲਐਂਡ ਤੱਕ ਪਾਣੀ ਪਹੁੰਚਿਆ ਜਾਂ ਨਹੀਂ, ਮਾਨੀਟਰਿੰਗ ਹੋਵੇਗੀ

Wednesday, May 17, 2023 - 12:31 PM (IST)

ਸਿੰਚਾਈ ਸੀਜ਼ਨ ''ਚ ਖਾਲ੍ਹਾਂ ਦੇ ਟੇਲਐਂਡ ਤੱਕ ਪਾਣੀ ਪਹੁੰਚਿਆ ਜਾਂ ਨਹੀਂ, ਮਾਨੀਟਰਿੰਗ ਹੋਵੇਗੀ

ਚੰਡੀਗੜ੍ਹ (ਰਮਨਜੀਤ ਸਿੰਘ) : ਝੋਨੇ ਦੇ ਸੀਜ਼ਨ ਲਈ ਸਰਕਾਰ ਨੇ ਇੱਕ ਪਾਸੇ ਜਿੱਥੇ ਜ਼ੋਨ ਬਣਾਕੇ ਰੋਪਾਈ ਦਾ ਸਮਾਂ ਨਿਸ਼ਚਿਤ ਕੀਤਾ ਹੈ। ਉੱਥੇ ਹੀ ਸਿੰਚਾਈ ਵਿਭਾਗ ਨੇ ਵੀ ਆਪਣੇ ਵਲੋਂ ਪੂਰੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਤਾਂਕਿ ਜਿੱਥੇ-ਜਿੱਥੇ ਤੱਕ ਨਹਿਰੀ ਸਿਸਟਮ ਫੈਲਿਆ ਹੋਇਆ ਹੈ, ਉੱਥੋਂ ਤੱਕ ਕਿਸਾਨਾਂ ਨੂੰ ਨਹਿਰੀ ਪਾਣੀ ਨਾਲ ਖੇਤਾਂ ਦੀ ਸਿੰਚਾਈ ਕਰਨ ਵਿਚ ਕੋਈ ਪ੍ਰੇਸ਼ਾਨੀ ਨਾ ਪੇਸ਼ ਆਵੇ। ਇਸ ਲਈ ਨਹਿਰਾਂ ਅਤੇ ਰਜਬਾਹਿਆਂ ਵਿਚ ਪਾਣੀ ਦੇ ਪੱਧਰ ਨੂੰ ਤੈਅ ਕਰਨ ਅਤੇ ਪਾਣੀ ਛੱਡਣ ਦੀ ਯੋਜਨਾਬੰਦੀ ਕਰਨ ਦੇ ਨਾਲ-ਨਾਲ ਇਹ ਤੈਅ ਕੀਤਾ ਗਿਆ ਹੈ ਕਿ ਨਹਿਰਾਂ ਅਤੇ ਰਜਬਾਹਿਆਂ ਦੇ ਨਾਲ ਜੁੜੇ ਹੋਏ ਖਾਲ੍ਹਾਂ (ਖੇਤਾਂ ਦੇ ਵਿਚਕਾਰੋਂ ਤੱਕ ਪਾਣੀ ਲਿਜਾਣ ਦਾ ਮਾਈਕਰੋ ਸਿਸਟਮ) ਦੀ ਵੀ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਇਸ ਲਈ ਬਕਾਇਦਾ ਐਕਸ਼ਨ ਪਲਾਨ ਵੀ ਜਾਰੀ ਕਰ ਦਿੱਤਾ ਗਿਆ ਹੈ, ਜਿਸ ਵਿਚ ਚੀਫ ਇੰਜੀਨੀਅਰ ਤੋਂ ਲੈ ਕੇ ਜ਼ਿਲੇਦਾਰ, ਜੂਨੀਅਰ ਇੰਜੀਨੀਅਰ ਅਤੇ ਬੇਲਦਾਰਾਂ ਤੱਕ ਦੀ ਸਬੰਧਤ ਕੰਮ ਕਰਵਾਉਣ ਲਈ ਜ਼ਿੰਮੇਵਾਰੀ ਤੈਅ ਕੀਤੀ ਗਈ ਹੈ।

ਨਹਿਰਾਂ ਅਤੇ ਰਜਬਾਹਿਆਂ ਦੇ ਨਾਲ-ਨਾਲ ਖਾਲ ਵੀ ਰੱਖੋ ਮੈਂਟੇਨ
ਸਰਕਾਰ ਵਲੋਂ ਤਿਆਰ ਕੀਤੇ ਗਏ ਐਕਸ਼ਨ ਪਲਾਨ ਵਿਚ ਸਿੰਚਾਈ ਦੇ ਨੈੱਟਵਰਕ ਨੂੰ ਵੇਖਣ ਵਾਲੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਇਹ ਯਕੀਨੀ ਕੀਤਾ ਜਾਵੇ ਕਿ ਜਿਨ੍ਹਾਂ ਜੂਨੀਅਰ ਇੰਜੀਨੀਅਰਜ਼ ਦੀ ਡਿਊਟੀ ਨਹਿਰਾਂ, ਰਜਬਾਹਿਆਂ ਅਤੇ ਮਾਈਨਰਜ਼ ਨੂੰ ਸਾਫ਼ ਅਤੇ ਚਲਦਾ ਰੱਖਣ ਦੀ ਹੈ, ਉਹੀ ਆਪਣੇ ਇਲਾਕੇ ਅਧੀਨ ਪੈਂਦੇ ਸਾਰੇ ਖਾਲ੍ਹਾਂ ਦੀ ਵੀ ਨਿਗਰਾਨੀ ਕਰਨ। ਇਹ ਪੱਕਾ ਕੀਤਾ ਜਾਵੇ ਕਿ ਬੇਲਦਾਰ ਅਤੇ ਮੇਟ ਜਿਸ ਤਰੀਕੇ ਨਾਲ ਰਜਬਾਹੋਂ ਵਿਚ ਪਾਣੀ ਦੇ ਵਹਾਅ ਨੂੰ ਬਣਾਈ ਰੱਖਣ ਲਈ ਅੜਚਨਾਂ (ਦਰਖ਼ਤਾਂ ਦੀਆਂ ਟਹਿਣੀਆਂ ਜਾਂ ਹੋਰ ਰੁਕਾਵਟ ਪੈਦਾ ਕਰਨ ਵਾਲਾ ਸਾਮਾਨ) ਨੂੰ ਦੂਰ ਕਰਨ ਲਈ ਕੰਮ ਕਰਦੇ ਹਨ, ਠੀਕ ਉਂਝ ਹੀ ਖੇਤਾਂ ਵਿਚ ਬਣਾਏ ਗਏ ਖਾਲ੍ਹਾਂ ਦੀ ਵੀ ਨਿਗਰਾਨੀ ਕਰਨ ਅਤੇ ਇਹ ਯਕੀਨੀ ਕਰਨ ਕਿ ਖਾਲ੍ਹ ਵਿਚ ਪਾਣੀ ਦਾ ਵਹਾਅ ਬਣਿਆ ਰਹੇ ਅਤੇ ਖਾਲ੍ਹ ਦੇ ਟੇਲਐਂਡ (ਅੰਤਿਮ ਨੋਕ) ਤੱਕ ਪਾਣੀ ਜ਼ਰੂਰ ਪਹੁੰਚੇ।

ਨਹਿਰੀ ਪਟਵਾਰੀ ਤਿਆਰ ਕਰਨਗੇ ਛੋਟੇ ਸਕੇਲ ਦੇ ਨਕਸ਼ੇ
ਖੇਤਾਂ ਵਿਚ ਜ਼ਰੂਰਤ ਮੁਤਾਬਕ ਪਾਣੀ ਦੀ ਸਪਲਾਈ ਨੂੰ ਯਕੀਨੀ ਕਰਨ ਲਈ ਬਣਾਏ ਗਏ ਇਸ ਪਲਾਨ ਤਹਿਤ ਨਹਿਰੀ ਵਿਭਾਗ ਵਿਚ ਤਾਇਨਾਤ ਸਾਰੇ ਪਟਵਾਰੀਆਂ ਨੂੰ ਕਿਹਾ ਗਿਆ ਹੈ ਕਿ ਖਾਲ੍ਹਾਂ ਨੂੰ ਦਰਸ਼ਾਉਂਦੇ ਹੋਏ ਛੋਟੇ ਸਕੇਲ ’ਤੇ ਨਕਸ਼ੇ ਤਿਆਰ ਕੀਤੇ ਜਾਣ, ਜਿਸ ਵਿਚ ਸਾਰੇ ਚਾਲੂ ਖਾਲ੍ਹਾਂ ਦਾ ਪੂਰਾ ਬਿਓਰਾ ਵਿਖਾਇਆ ਗਿਆ ਹੋਵੇ। ਇਹ ਨਕਸ਼ੇ ਪਟਵਾਰੀਆਂ ਨੂੰ ਸਿੰਚਾਈ ਵਿਭਾਗ ਦੇ ਜ਼ਿਲ੍ਹੇਦਾਰ ਦਫ਼ਤਰਾਂ ਵਿਚ ਪੇਸ਼ ਕਰਨ ਅਤੇ ਹਰ ਮਹੀਨੇ ਖਾਲ੍ਹਾਂ ਵਿਚ ਪਾਣੀ ਦੇ ਵਹਾਅ ਸਬੰਧੀ ਰਿਪੋਰਟ ਦੇਣ ਨੂੰ ਵੀ ਕਿਹਾ ਗਿਆ ਹੈ। ਉੱਥੇ ਹੀ, ਨਹਿਰੀ ਪਟਵਾਰੀਆਂ ਨੂੰ ਇਹ ਵੀ ਤਕੀਦ ਕੀਤੀ ਗਈ ਹੈ ਕਿ ਉਹ ਜੂਨਿਅਰ ਇੰਜੀਨੀਅਰਜ਼ ਦੇ ਨਾਲ ਮਿਲਕੇ ਖੁਦ ਵੀ ਖਾਲ੍ਹਾਂ ਦੀ ਨਿਗਰਾਨੀ ਸਮੇਂ-ਸਮੇਂ ’ਤੇ ਕਰਦੇ ਰਹਿਣ ਅਤੇ ਜੇਕਰ ਕਿਸੇ ਖਾਲ੍ਹ ਦੀ ਮੁਰੰਮਤ ਕਰਨ ਜਾਂ ਫਿਰ ਕਿਨਾਰਿਆਂ ’ਤੇ ਮਿੱਟੀ ਲਗਾਉਣ ਦੀ ਜ਼ਰੂਰਤ ਹੋਵੇ ਤਾਂ ਇਸ ਕੰਮ ਨੂੰ ਅਧਿਕਾਰੀਆਂ ਦੇ ਧਿਆਨ ਵਿਚ ਲਿਆਕੇ ਤੁਰੰਤ ਕਰਵਾਇਆ ਜਾਵੇ।

ਜ਼ਿਲ੍ਹਾ ਪੱਧਰ ’ਤੇ ਵੀ ਹੋਵੇਗੀ ਨਿਗਰਾਨੀ
ਵਿਭਾਗ ਨੇ ਤੈਅ ਕੀਤਾ ਹੈ ਕਿ ਨਹਿਰੀ ਪਟਵਾਰੀ, ਜੂਨੀਅਰ ਇੰਜੀਨੀਅਰ ਪੱਧਰ ਦੇ ਅਧਿਕਾਰੀਆਂ ਨੂੰ ਮਿਲਣ ਵਾਲੀਆਂ ਰਿਪੋਟਰਾਂ ਨੂੰ ਦੇਖਣ ਤੋਂ ਬਾਅਦ ਜ਼ਿਲ੍ਹੇਦਾਰ ਆਪਣੇ ਪੱਧਰ ’ਤੇ ਇਹ ਵੈਰੀਫਾਈ ਕਰੇਗਾ ਕਿ ਸਾਰਿਆਂ ਇਲਾਕਿਆਂ ਵਿਚ ਖਾਲ੍ਹ ਪਾਣੀ ਦੇ ਵਹਾਅ ਨੂੰ ਠੀਕ ਨਾਲ ਕੈਰੀ ਕਰ ਰਹੇ ਹਨ ਅਤੇ ਕਿਤੇ ਵੀ ਕੋਈ ਨੁਕਸਾਨ ਨਹੀਂ ਹੋਇਆ ਹੈ। ਉਹ ਇਸ ਸੰਬੰਧ ਵਿਚ ਆਪਣੀ ਰਿਪੋਰਟ ਸਬ ਡਿਵੀਜ਼ਨ ਪੱਧਰ ’ਤੇ ਦੇਵੇਗਾ ਅਤੇ ਨਾਲ ਹੀ ਡਿਪਟੀ ਕਲੈਕਟਰ ਨੂੰ ਵੀ। ਇਸਤੋਂ ਬਾਅਦ ਸਬ ਡਿਵੀਜ਼ਨ ਅਧਿਕਾਰੀ ਜ਼ਿਲ੍ਹੇਦਾਰ ਦੇ ਨਾਲ ਚੈਕ ਕਰੇਗਾ ਕਿ ਨਹਿਰਾਂ ਅਤੇ ਰਜਬਾਹਿਆਂ ਵਿਚ ਛੱਡਿਆ ਜਾ ਰਿਹਾ ਪਾਣੀ ਸਿੰਚਾਈ ਲਈ ਮੌਜੂਦ ਪੂਰੇ ਰਕਬੇ ਦੀ ਸਿੰਚਾਈ ਦੀ ਜ਼ਰੂਰਤ ਪੂਰੀ ਕਰ ਰਿਹਾ ਹੈ। ਨਾਲ ਹੀ ਇਹ ਵੀ ਯਕੀਨੀ ਕੀਤਾ ਜਾਵੇਗਾ ਕਿ ਜੇਕਰ ਕਿਤੋਂ ਕਿਸੇ ਖਾਲ੍ਹ ਦੇ ਟੁੱਟਣ ਦੀ ਰਿਪੋਰਟ ਆਵੇਗੀ ਤਾਂ ਤੁਰੰਤ ਉਸਦੀ ਮੁਰੰਮਤ ਲਈ ਫੀਲਡ ਸਟਾਫ ਦੀ ਨਿਯੁਕਤੀ ਅਤੇ ਮਦਦ ਕਰੇਗਾ।

ਦੇਸ਼ ਦੇ ਬਿਹਤਰ ਕਨਾਲ ਸਿਸਟਮ ਵਿਚੋਂ ਹੈ ਪੰਜਾਬ ਦਾ ਕਨਾਲ ਸਿਸਟਮ
ਪੰਜਾਬ ਵਿਚ ਨਹਿਰਾਂ ਦੇ ਜ਼ਰੀਏ ਖੇਤਾਂ ਦੀ ਸਿੰਚਾਈ ਦਾ ਵਿਛਿਆ ਹੋਇਆ ਸਾਢੇ 14 ਹਜ਼ਾਰ ਕਿਲੋਮੀਟਰ ਲੰਬਾ ਜਾਲ ਬਹੁਤ ਪੁਰਾਣਾ ਅਤੇ ਦੇਸ਼ ਦੇ ਚੰਗੇਰੇ ਸਿਸਟਮਜ਼ ਵਿਚ ਇੱਕ ਹੈ। ਇਸਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਕਨਾਲ ਸਿਸਟਮ ਦੀ ਅਪਰ ਬਾਰੀ ਦੁਆਬ ਕਨਾਲ (ਯੂ. ਬੀ. ਡੀ. ਸੀ.) ਨਹਿਰ ਦਾ ਨਿਰਮਾਣ ਤਤਕਾਲੀਨ ਮੁਗਲ ਸਮਰਾਟ ਸ਼ਾਹਜਹਾਂ ਦੇ ਸਮੇਂ ਹੋਇਆ ਸੀ। ਪੰਜਾਬ ਦੇ ਸਿੰਚਾਈ ਵਿਭਾਗ ਦਾ ਗਠਨ ਆਜ਼ਾਦੀ ਤੋਂ ਵੀ ਤਕਰੀਬਨ ਸੌ ਸਾਲ ਪਹਿਲਾਂ 1849 ਵਿਚ ਹੋਇਆ ਸੀ ਅਤੇ ਅੰਗਰੇਜ਼ ਹਕੂਮਤ ਦੇ ਸਮੇਂ ਹੀ ਪੰਜਾਬ ਰਾਜ ਵਿਚ ਨਹਿਰਾਂ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਅੰਗਰੇਜ਼ਾਂ ਵਲੋਂ ਇਸਦਾ ਡਿਜ਼ਾਇਨ ਡੇਮੋਗਰਾਫੀ ਅਤੇ ਇਲਾਕਿਆਂ ਦੀ ਜ਼ਰੂਰਤ ਨੂੰ ਧਿਆਨ ਵਿਚ ਰੱਖਕੇ ਕੀਤਾ ਗਿਆ ਸੀ।

ਮੁੱਖ ਮੰਤਰੀ ਦੇ ਨਿਰਦੇਸ਼ਾਂ ’ਤੇ ਜਲ ਸਰੋਤ ਵਿਭਾਗ ਕਿਸਾਨਾਂ ਨੂੰ ਨਹਿਰੀ ਪਾਣੀ ਉਪਲੱਬਧ ਕਰਾਉਣ ਲਈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ। ਖ਼ਾਸ ਕਰ ਕੇ ਨਹਿਰਾਂ ਅਤੇ ਖਾਲ੍ਹਾਂ ਦੇ ਅੰਤਿਮ ਨੋਕ ਤੱਕ। ਪਹਿਲੀ ਵਾਰ ਨਰਮਾ ਕਿਸਾਨਾਂ ਦੀ ਮੰਗ ’ਤੇ ਬਿਜਾਈ ਲਈ ਨਹਿਰੀ ਪਾਣੀ ਉਪਲੱਬਧ ਕਰਵਾਇਆ ਗਿਆ ਹੈ। ਸਾਡਾ ਵਿਭਾਗ ਨਹਿਰੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਪਹਿਲ ਦੇ ਰਿਹਾ ਹੈ, ਜੋ ਪਿਛਲੀਆਂ ਸਰਕਾਰਾਂ ਵਲੋਂ ਅਣਦੇਖਾ ਕੀਤਾ ਜਾਂਦਾ ਰਿਹਾ ਹੈ।

-ਗੁਰਮੀਤ ਸਿੰਘ ਮੀਤ ਹੇਅਰ, ਜਲ ਸਰੋਤ ਮੰਤਰੀ ਪੰਜਾਬ।


author

rajwinder kaur

Content Editor

Related News