ਲੋਕਾਂ ਦੇ ਘਰਾਂ ''ਚ ਦਾਖਲ ਹੋਇਆ ਪਾਣੀ

Saturday, Sep 02, 2017 - 03:24 AM (IST)

ਗੜ੍ਹਸ਼ੰਕਰ, (ਸ਼ੋਰੀ)- ਸਥਾਨਕ ਬੰਗਾ ਰੋਡ 'ਤੇ ਅੱਜ ਬਰਸਾਤੀ ਪਾਣੀ ਦੀ ਮਾਰ ਵਾਰਡ ਨੰ. 9 ਦੇ ਲੋਕਾਂ ਲਈ ਮੁਸੀਬਤ ਬਣ ਕੇ ਸਾਹਮਣੇ ਆਈ। ਇਹ ਸਮੱਸਿਆ ਬਰਸਾਤੀ ਪਾਣੀ ਦੀ ਉਚਿਤ ਨਿਕਾਸੀ ਦੇ ਪ੍ਰਸ਼ਾਸਨ ਵੱਲੋਂ ਸਹੀ ਪ੍ਰਬੰਧ ਨਾ ਹੋਣ ਕਰ ਕੇ ਪੈਦਾ ਹੋਈ ਹੈ। ਹਾਲਤ ਇਹ ਬਣ ਚੁੱਕੀ ਹੈ ਕਿ ਲੋਕਾਂ ਦਾ ਪੈਦਲ ਚੱਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ ਅਤੇ ਕਈ ਲੋਕਾਂ ਦੇ ਘਰਾਂ 'ਚ ਪਾਣੀ ਦਾਖਲ ਹੋ ਗਿਆ ਹੈ। ਗਲੀਆਂ ਬਣੀਆਂ ਨਹਿਰਾਂ : ਇਥੋਂ ਦੇ ਵਾਰਡ ਨੰ. 9 ਤੇ 10 'ਚ ਗਲੀਆਂ ਜਿਵੇਂ ਨਹਿਰਾਂ ਦਾ ਰੂਪ ਧਾਰਨ ਕਰ ਗਈਆਂ ਸਨ, ਜਿਨ੍ਹਾਂ 'ਚੋਂ ਲੰਘਣਾ ਬਹੁਤ ਮੁਸ਼ਕਿਲ ਹੋ ਗਿਆ ਸੀ। ਇਸ ਦੌਰਾਨ ਇਕ ਸੱਪ ਪਾਣੀ 'ਚ ਆ ਗਿਆ ਤਾਂ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ।
ਬਰਸਾਤੀ ਪਾਣੀ ਦਾ ਨਿਕਾਸ ਰੁਕਿਆ : ਬੰਗਾ ਤੇ ਨਵਾਂਸ਼ਹਿਰ ਨੂੰ ਆਪਸ 'ਚ ਜੋੜਨ ਵਾਲੀ ਸੜਕ 'ਚ ਬਰਸਾਤੀ ਪਾਣੀ ਦਾ ਵਹਾਅ ਰੁਕਿਆ ਹੋਣ ਕਰ ਕੇ ਪਾਣੀ ਸੜਕ ਵਿਚ ਭਰ ਗਿਆ, ਜਿਸ ਕਾਰਨ ਕਈ ਲੋਕਾਂ ਲਈ ਇਹ ਬਰਸਾਤ ਇਕ ਵੱਡੀ ਆਫਤ ਬਣ ਗਈ ਹੈ।
ਰਾਜਨੀਤਿਕ ਲੋਕ ਨਹੀਂ ਦਿੰਦੇ ਧਿਆਨ : ਵਾਰਡ ਦੇ ਨੰਬਰਦਾਰ ਹਰਬੰਸ ਸਿੰਘ, ਦਿਲਬਾਗ ਸਿੰਘ, ਨਿਰਮਲ ਸਿੰਘ ਤੇ ਜਰਨੈਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੀ ਸਮੱਸਿਆ ਸਬੰਧੀ ਹਲਕਾ ਵਿਧਾਇਕ ਤੇ ਵਾਰਡ ਦੇ ਕੌਂਸਲਰ ਨੂੰ ਦੱਸਿਆ ਸੀ ਪਰ 10 ਦਿਨ ਬੀਤਣ ਦੇ ਬਾਵਜੂਦ ਕਿਸੇ ਨੇ ਕੋਈ ਕੰਮ ਨਹੀਂ ਕਰਵਾਇਆ।


Related News