4 ਘੰਟੇ ਦੀ ਬਰਸਾਤ ਨੇ ਸ਼ਹਿਰ ''ਚ ਕੀਤਾ ਪਾਣੀ-ਪਾਣੀ

08/30/2017 6:35:12 AM

ਕਪੂਰਥਲਾ,  (ਗੌਰਵ)- ਸ਼ਹਿਰ 'ਚ ਮੰਗਲਵਾਰ ਨੂੰ ਹੋਈ ਭਾਰੀ ਬਰਸਾਤ ਨੇ ਜਿਥੇ ਆਮ ਜਨ-ਜੀਵਨ 'ਤੇ ਭਾਰੀ ਅਸਰ ਪਾਇਆ, ਉਥੇ ਹੀ ਪਹਿਲਾਂ ਵੀ ਡੇਂਗੂ ਅਤੇ ਵਾਇਰਲ ਬੁਖਾਰ ਵਰਗੀਆਂ ਭਿਆਨਕ ਬੀਮਾਰੀਆਂ ਨਾਲ ਜੂਝ ਰਹੇ ਸ਼ਹਿਰ ਵਾਸੀਆਂ ਨੂੰ ਬਰਸਾਤ ਦੇ ਇਸ ਮੌਸਮ ਦੌਰਾਨ ਸ਼ਹਿਰ 'ਚ ਲੱਗੇ ਕੂੜੇ ਦੇ ਵੱਡੇ-ਵੱਡੇ ਢੇਰਾਂ ਨੇ ਹੋਰ ਪ੍ਰੇਸ਼ਾਨ ਕਰ ਦਿੱਤਾ ਹੈ। 4 ਘੰਟੇ ਪਈ ਬਰਸਾਤ ਨੇ ਸ਼ਹਿਰ 'ਚ ਜਿਥੇ ਪਾਣੀ-ਪਾਣੀ ਕਰ ਦਿੱਤਾ, ਉਥੇ ਹੀ ਇਸ ਬਰਸਾਤ ਦੇ ਸਿੱਟੇ ਵਜੋਂ ਸ਼ਹਿਰ ਦੇ ਮਾਲ ਰੋਡ, ਕਚਹਿਰੀ ਚੌਕ ਖੇਤਰ, ਕਾਂਜਲੀ ਰੋਡ, ਸੁਲਤਾਨਪੁਰ ਰੋਡ ਅਤੇ ਨਕੋਦਰ ਰੋਡ 'ਤੇ 2 ਤੋਂ 3 ਫੁੱਟ ਤਕ ਪਾਣੀ ਜਮ੍ਹਾ ਹੋ ਗਿਆ, ਜੋ ਸ਼ਹਿਰ ਦੀ ਲਗਾਤਾਰ ਵਿਗੜ ਰਹੀ ਸੀਵਰੇਜ ਪ੍ਰਣਾਲੀ ਵੱਲ ਇਸ਼ਾਰਾ ਕਰ ਰਿਹਾ ਹੈ। 
ਕੂੜੇ ਦੇ ਢੇਰਾਂ ਨੇ ਸ਼ਹਿਰ 'ਚ ਵਧਾਇਆ ਡੇਂਗੂ ਅਤੇ ਵਾਇਰਲ ਬੁਖਾਰ ਦਾ ਖੌਫ-  'ਜਗ ਬਾਣੀ' ਨੇ ਜਦੋਂ ਸ਼ਹਿਰ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਤਾਂ ਕਦੀ ਸੂਬੇ ਦੇ ਸਭ ਤੋਂ ਖੁਬਸੂਰਤ ਸ਼ਹਿਰਾਂ 'ਚ ਸ਼ੁਮਾਰ ਹੋਣ ਵਾਲਾ ਕਪੂਰਥਲਾ ਸ਼ਹਿਰ ਕੂੜੇ ਦੇ ਵੱਡੇ-ਵੱਡੇ ਢੇਰਾਂ ਨਾਲ ਜੂਝਦਾ ਨਜ਼ਰ ਆਇਆ। ਸ਼ਹਿਰ 'ਚ ਗੰਦਗੀ ਦਾ ਆਲਮ ਤਾਂ ਇਹ ਸੀ ਕਿ ਮੀਂਹ ਦੇ ਪਾਣੀ 'ਚ ਕੂੜਾ ਤੈਰਦਾ ਨਜ਼ਰ ਆਇਆ। ਜਿਸ ਦੇ ਸਿੱਟੇ ਵਜੋਂ ਜਿਥੇ ਲੋਕਾਂ ਦੇ ਦਿਲਾਂ 'ਚ ਸਾਲ 2016 ਦੇ ਦੌਰਾਨ ਫੈਲੇ ਡੇਂਗੂ ਦੌਰਾਨ ਹੋਈਆਂ 10 ਮੌਤਾਂ ਦਾ ਡਰ ਇਕ ਵਾਰ ਫਿਰ ਤੋਂ ਜਾਗ ਗਿਆ ਹੈ, ਉਥੇ ਹੀ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੀ ਢਿੱਲੀ ਕਾਰਜਪ੍ਰਣਾਲੀ ਨੂੰ ਲੈ ਕੇ ਭਾਰੀ ਰੋਸ ਵੇਖਣ ਨੂੰ ਮਿਲਿਆ। ਕੂੜੇ ਦੀ ਇਸ ਹਾਲਤ ਨੇ ਸ਼ਹਿਰ ਨੂੰ ਹੋਰ ਵੀ ਦਾਗਦਾਰ ਬਣਾ ਦਿੱਤਾ। 


Related News