ਜਲ ਸੰਕਟ : ਵੱਜਦੀ ਰਹੀ ਖਤਰੇ ਦੀ ਘੰਟੀ, ਨਹੀਂ ਖੁੱਲ੍ਹੀ ਭਾਰਤੀਆਂ ਦੀ ਨੀਂਦ

Thursday, Aug 08, 2019 - 05:27 PM (IST)

ਜਲ ਸੰਕਟ : ਵੱਜਦੀ ਰਹੀ ਖਤਰੇ ਦੀ ਘੰਟੀ, ਨਹੀਂ ਖੁੱਲ੍ਹੀ ਭਾਰਤੀਆਂ ਦੀ ਨੀਂਦ

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਪਿਛਲੇ ਕੁਝ ਸਮੇਂ ਤੋਂ ਭਾਰਤ ਵਿਚ ਖਤਰੇ ਦੀ ਇਕ ਘੰਟੀ ਲਗਾਤਾਰ ਵੱਜਦੀ ਆ ਰਹੀ ਹੈ। ‘ਜਲ ਸੰਕਟ’ ਦੀ ਇਹ ਘੰਟੀ ਗੂੜੀ ਨੀਂਦ ਵਿਚ ਸੁੱਤੇ ਭਾਰਤੀ ਆਗੂਆਂ ਅਤੇ ਭਾਰਤੀਆਂ ਨੂੰ ਜਗਾਉਣ ਦੇ ਯਤਨ ਕਰ ਰਹੀ ਹੈ ਪਰ ਭਾਰਤੀ ਲੋਕ ਹਨ ਕਿ ਨੀਂਦ ’ਚੋਂ ਜਾਗਣ ਦਾ ਨਾਂ ਨਹੀਂ ਲੈ ਰਹੇ। ਇਸ ਵਾਰ ਇਹ ਖਤਰੇ ਦੀ ਘੰਟੀ ਵਿਸ਼ਵ ਸੋਮਿਆਂ ਦੀ ਸਥਿਤੀ ਨੂੰ ਦਰਸਾਉਂਦੀ ਵੈਬ ਸਾਈਟ ‘ਐਕੁਵੇਡਕਟ ਵਾਟਰ ਐਟਲਸ’ ਨੇ ਵਜਾਈ ਹੈ। ਇਸ ਵੈਬਸਾਈਟ ਅਨੁਸਾਰ ਭਾਰਤ ਗੰਭੀਰ ਜਲ ਸੰਕਟ ਵਿਚ ਘਿਰ ਚੁੱਕਾ ਹੈ। ਖਤਰੇ ਦੀ ਇਹ ਘੰਟੀ ਇਕੱਲੇ ਭਾਰਤ ਵਿਚ ਹੀ ਨਹੀਂ ਵੱਜ ਰਹੀ ਬਲਕਿ ਦੁਨੀਆ ਦੇ ਕਈ ਹੋਰ ਦੇਸ਼ਾਂ ਵਿਚ ਵੀ ਵੱਜ ਰਹੀ ਹੈ। ਇਸ ਸੰਸਥਾ ਵੱਲੋਂ ਇਕੱਠੇ ਕੀਤੇ ਗਏ ਅੰਕੜਿਆਂ ਮੁਤਾਬਕ ਦੁਨੀਆ ਦੇ 189 ਦੇਸ਼ ਜਲ ਸੰਕਟ ਵਿਚ ਘਿਰ ਚੁੱਕੇ ਹਨ। ਇਨ੍ਹਾਂ ਵਿਚੋਂ 17 ਦੇਸ਼ ਗੰਭੀਰ ਜਲ ਸੰਕਟ ਵਿਚ ਹਨ। ਇਨ੍ਹਾਂ 17 ਦੇਸ਼ਾਂ ਵਿਚ ਸਮੁੱਚੀ ਦੁਨੀਆ ਦੀ ਚੌਥਾ ਹਿੱਸਾ ਆਬਾਦੀ ਵਾਸ ਕਰਦੀ ਹੈ। ਗੰਭੀਰ ਜਲ ਸੰਕਟ ਵਿਚ ਘਿਰੇ ਦੇਸ਼ਾਂ ਵਿਚੋਂ ਭਾਰਤ ਦਾ 13ਵਾਂ ਨੰਬਰ ਹੈ। ਰਿਪੋਰਟ ਅਨੁਸਾਰ ਗੰਭੀਰ ਜਲ ਸੰਕਟ ਵਾਲੇ ਇਨ੍ਹਾਂ 17 ਦੇਸ਼ਾਂ ਵਿਚ ਧਰਤੀ ਹੇਠਲੇ ਪਾਣੀ ਦਾ 80 ਫੀਸਦੀ ਸ਼ੋਸ਼ਣ ਹੋ ਰਿਹਾ ਹੈ। ਭਾਰਤ ਵਿਚ ਪਾਣੀ ਦਾ ਸੰਕਟ 1990 ਦੇ ਦਹਾਕੇ ਤੋਂ ਸ਼ੁਰੂ ਹੋਇਆ। ਇਸ ਰਿਪੋਰਟ ਅਨੁਸਾਰ ਉੱਤਰ ਭਾਰਤ ਵਿਚ ਧਰਤੀ ਹੇਠਲੇ ਪਾਣੀ ਦਾ ਪੱਧਰ ਹਰ ਸਾਲ 8 ਸੈਂਟੀਮੀਟਰ ਹੇਠਾਂ ਡਿੱਗ ਰਿਹਾ ਹੈ। 

ਹੋਰ ਸੰਸਥਾਵਾਂ ਨੇ ਵੀ ਵਜਾਈ ਖਤਰੇ ਦੀ ਘੰਟੀ
ਪਿਛਲੇ ਸਮੇਂ ਦੌਰਾਨ ਨੀਤੀ ਆਯੋਗ ਨੇ ਵੀ ਖਤਰੇ ਦੀ ਇਹ ਘੰਟੀ ਵਜਾਈ ਸੀ। ਨੀਤੀ ਆਯੋਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵੀ ਦੇਸ਼ ਗੰਭੀਰ ਜਲ ਸੰਕਟ ਵਿਚ ਘਿਰ ਚੁੱਕਾ ਹੈ। ਵਿਭਾਗ ਅਨੁਸਾਰ, ਜਿਸ ਤੇਜ਼ੀ ਨਾਲ ਦੇਸ਼ ਵਿਚ ਪਾਣੀ ਬਰਬਾਦ ਹੋ ਰਿਹਾ ਹੈ ਅਤੇ ਜ਼ਮੀਨ ਵਿਚੋਂ ਕੱਢਿਆ ਜਾ ਰਿਹਾ ਹੈ, ਉਸ ਹਿਸਾਬ ਨਾਲ ਸਾਲ 2020 ਤਕ ਦੇਸ਼ ਦੇ ਵੱਡੇ 21 ਸ਼ਹਿਰਾਂ 'ਚੋਂ ਧਰਤੀ ਹੇਠਲਾ ਪਾਣੀ ਮੁੱਕ ਜਾਵੇਗਾ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਰੀਬ 10 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਵਿਭਾਗ ਨੇ ਇਹ ਵੀ ਚੇਤਾਵਨੀ ਜਾਰੀ ਕੀਤੀ ਸੀ ਕਿ 2030 ਤਕ ਦੇਸ਼ ਦੀ 40 ਫੀਸਦੀ ਆਬਾਦੀ ਪੀਣ ਯੋਗ ਪਾਣੀ ਤੋਂ ਵਾਂਝੀ ਹੋ ਜਾਵੇਗੀ।ਤਾਮਿਲਨਾਡੂ ਦੀ ਰਾਜਧਾਨੀ ਚੇਨਈ ’ਚ ਤਾਂ ਪੀਣ ਵਾਲੇ ਪਾਣੀ ਨੂੰ ਲੈ ਕੇ ਇਸੇ ਸਾਲ ਹੀ ਹਾਹਾਕਾਰ ਦਾ ਮਹੌਲ ਬਣਿਆ ਰਿਹਾ। ਇਸ ਤੋਂ ਪਹਿਲਾਂ ਸਾਲ 2018 ਵਿਚ ਵੀ ਕਈ ਸੰਸਥਾਵਾਂ ਭਾਰਤ ਵਿਚ ਜਲ ਸੰਕਟ ਦੇ ਖਤਰੇ ਦੀ ਘੰਟੀ ਵਜਾ ਚੁੱਕੀਆਂ ਹਨ।  

ਪੰਜਾਬ ’ਚ ਵੀ ਵੱਜ ਚੁੱਕੀ ਹੈ ‘ਜਲ ਸੰਕਟ’ ਖਤਰੇ ਦੀ ਘੰਟੀ 
ਬੀਤੇ ਜੁਲਾਈ ਮਹੀਨੇ ’ਚ 'ਪੰਜਾਬ ਸਾਇਲ ਕੰਜ਼ਰਵੇਟਰ ਅਤੇ ਸੈਂਟਰਲ ਅੰਡਰ ਗਰਾਊਂਡ ਵਾਟਰ ਲੈਵਲ ਬੋਰਡ' ਨੇ ਪੰਜਾਬ ਲਈ ਵੀ ਇਸੇ ਤਰ੍ਹਾਂ ਖਤਰੇ ਦੀ ਘੰਟੀ ਵਜਾਈ ਸੀ। ਇਸ ਸੰਸਥਾ ਨੇ ਇਕ ਸੈਟੇਲਾਈਟ ਸਰਵੇ ਦੇ ਹਵਾਲੇ ਨਾਲ ਕਿਹਾ ਸੀ ਕਿ ਸਾਲ 2037 ਤੱਕ ਪੰਜਾਬ ਦੇ 5 ਫੀਸਦੀ ਇਲਾਕੇ 'ਚ ਹੀ ਜ਼ਮੀਨਦੋਜ਼ ਪਾਣੀ ਬਚੇਗਾ। ਇਸ ਸੰਸਥਾ ਮੁਤਾਬਕ 1985 'ਚ ਪੰਜਾਬ ਵਧੀਆ ਸਥਿਤੀ 'ਚ ਸੀ ਅਤੇ 85 ਫੀਸਦੀ ਇਲਾਕਿਆਂ ਵਿਚ ਜ਼ਮੀਨਦੋਜ਼ ਪਾਣੀ ਦਾ ਪੱਧਰ ਸਹੀ ਸੀ। ਸਾਲ 2018 ਤੱਕ ਆਉਦਿਆਂ ਇਹ ਤੇਜ਼ੀ ਨਾਲ ਹੇਠਾਂ ਡਿੱਗਣਾ ਸ਼ੁਰੂ ਹੋ ਗਿਆ। ਇਸ ਦੌਰਾਨ ਕਰੀਬ 45 ਫੀਸਦੀ ਇਲਾਕਿਆਂ 'ਚੋਂ ਜ਼ਮੀਨਦੋਜ਼ ਪਾਣੀ ਦਾ ਪੱਧਰ ਹੇਠਾਂ ਡਿੱਗ ਚੁੱਕਾ ਹੈ। ਰਿਪੋਰਟ ਮੁਤਾਬਕ ਮੌਜੂਦਾ ਸਮੇਂ ਵਿਚ ਕਰੀਬ 6 ਫੀਸਦੀ ਇਲਾਕਿਆਂ 'ਚੋਂ ਧਰਤੀ ਹੇਠਲਾ ਪਾਣੀ ਖਤਮ ਹੋ ਚੁੱਕਾ ਹੈ।

ਜਲ ਸੰਕਟ ਨਾਲ ਨਜਿੱਠਣ ਲਈ ਜ਼ਮੀਨੀ ਪੱਧਰ ’ਤੇ ਉਪਰਾਲੇ ਨਾਂਹ ਦੇ ਬਰਾਬਰ
ਕਈ ਅੰਤਰਰਾਸ਼ਟਰੀ ਸੰਗਠਨਾਂ ਦੀ ਚੇਤਾਵਨੀ ਦੇ ਬਾਵਜੂਦ ਦੇਸ਼ ਦੀ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਉਪਰਾਲੇ ਨਾਂਹ ਦੇ ਬਰਾਬਰ ਹਨ। ਭਾਵੇਂ ਕਿ ਸਰਕਾਰ ਨੇ ਜਲ ਸੰਕਟ ਨਾਲ ਨਜਿੱਠਣ ਲਈ  ‘ਜਲ ਮਿਸ਼ਨ’ ਦਾ ਐਲਾਨ ਕੀਤਾ ਸੀ। ਇਸ ਮਿਸ਼ਨ ਦਾ ਮੁੱਖ ਕਾਰਜ ਵੀ ਆਮ ਲੋਕਾਂ ਨੂੰ ਪਾਣੀ ਦੇ ਮਹੱਤਵ ਪ੍ਰਤੀ ਜਾਗਰੂਕ ਕਰਨ ਤੱਕ ਹੀ ਸੀਮਿਤ ਸੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਗਠਿਤ ਕੀਤੇ ਗਏ ‘ਜਲ ਸ਼ਕਤੀ ਮੰਤਰਾਲੇ ਨੇ ਵੀ ਅਜੇ ਤੱਕ ਪਾਣੀ ਦੇ ਸੰਕਟ ਨਾਲ ਨਜਿੱਠਣ ਲਈ ਕੋਈ ਵੱਡੇ ਉਪਰਾਲੇ ਨਹੀਂ ਕੀਤੇ। ਇਸੇ ਤਰਾਂ ਦੇਸ਼ ਦੀਆਂ ਸੂਬਾ ਸਰਕਾਰਾਂ ਵੀ ‘ਜਲ ਸੰਕਟ’ ਨਾਲ ਨਜਿੱਠਣ ਲਈ ਕੋਈ ਬਹੁਤੀ ਸਰਗਰਮੀ ਨਹੀਂ ਦਿਖਾ ਰਹੀਆਂ। ਹਾਲਾਤ ਇਹ ਹਨ ਕਿ ਭਾਰਤ ਦੇ ਸਿਆਸੀ ਆਗੂ ਅਤੇ ਬਹੁਗਿਣਤੀ ਲੋਕ ਵੀ ਗੰਭੀਰ ਜਲ ਸੰਕਟ ਦੇ ਬਾਵਜੂਦ ਗੂੜੀ ਨੀਂਦ ਵਿਚ ਸੁੱਤੇ ਪਏ ਹਨ।

ਬਹੁਤ ਜ਼ਿਆਦਾ ਗੰਭੀਰ ਜਲ ਸੰਕਟ ਵਿਚ ਘਿਰੇ ਭਾਰਤ ਸਮੇਤ ਹੋਰ ਦੇਸ਼ਾਂ ਦੀ ਸੂਚੀ

PunjabKesari

ਗੰਭੀਰ ਜਲ ਸੰਕਟ ਵਿਚ ਘਿਰੇ ਦੇਸ਼ਾਂ ਦੀ ਸੂਚੀ
PunjabKesari

ਜਲ ਸੰਕਟ ਵਿਚ ਘਿਰਨੇ ਸ਼ੁਰੂ ਹੋਏ ਦੇਸ਼

PunjabKesari

ਇਨ੍ਹਾਂ ਦੇਸ਼ਾਂ ਵਿਚ ਦਿੱਤੀ ਜਲ ਸੰਕਟ ਨੇ ਦਸਤਕ
PunjabKesari

ਨਕਸ਼ੇ ਵਿਚ ਨਜ਼ਰ ਆ ਰਿਹਾ ਜਲ ਸੰਕਟ ਵਿਚ ਬੁਰੀ ਤਰ੍ਹਾਂ ਘਿਰਿਆ ਭਾਰਤ ਦਾ ਉਤਰੀ ਹਿੱਸਾ
PunjabKesari


author

jasbir singh

News Editor

Related News