2 ਦਿਨਾਂ ’ਚ ਉਜੜਿਆ ਅਟਾਰੀ ਬਾਰਡਰ, ਅੰਮ੍ਰਿਤਸਰ ਦੇ ਵਪਾਰੀਆਂ ਦਾ ਪਾਕਿ ਵਿਚ ਫਸਿਆ 15 ਕਰੋੜ

Monday, Feb 18, 2019 - 11:57 PM (IST)

2 ਦਿਨਾਂ ’ਚ ਉਜੜਿਆ ਅਟਾਰੀ ਬਾਰਡਰ, ਅੰਮ੍ਰਿਤਸਰ ਦੇ ਵਪਾਰੀਆਂ ਦਾ ਪਾਕਿ ਵਿਚ ਫਸਿਆ 15 ਕਰੋੜ

ਅੰਮ੍ਰਿਤਸਰ, (ਨੀਰਜ)-ਪੁਲਵਾਮਾ ਅੱਤਵਾਦੀ ਹਮਲੇ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ’ਤੇੇ 200 ਫ਼ੀਸਦੀ ਕਸਟਮ ਡਿਊਟੀ ਲਾਏ ਜਾਣ ਦੇ ਦੋ ਦਿਨਾਂ ਵਿਚ ਹੀ ਆਈ. ਸੀ. ਪੀ. (ਇੰਟੈਗ੍ਰੇਟਿਡ ਚੈੱਕ ਪੋਸਟ) ਅਟਾਰੀ ਉਜਡ਼ਿਆ ਨਜ਼ਰ ਆ ਰਿਹਾ ਹੈ। ਇਹ ਉਹੀ ਆਈ. ਸੀ. ਪੀ. ਅਟਾਰੀ ਬਾਰਡਰ ਹੈ ਜਿਥੇ ਦਿਨ-ਰਾਤ ਟਰੱਕਾਂ ਦਾ ਆਉਣਾ-ਜਾਣਾ ਰਹਿੰਦਾ ਸੀ ਅਤੇ ਹਜ਼ਾਰਾਂ ਦੀ ਗਿਣਤੀ ਵਿਚ ਇਥੇ ਕੁੱਲੀ ਪਾਕਿਸਤਾਨ ਤੋਂ ਆਉਣ ਵਾਲੀਆਂ ਵਸਤੂਆਂ ਦੀ ਲੋਡਿੰਗ ਅਤੇ ਅਨਲੋਡਿੰਗ ਕਰਦੇ ਨਜ਼ਰ ਆਉਂਦੇ ਸਨ ਪਰ ਵਿੱਤ ਮੰਤਰਾਲੇ ਦੇ ਆਦੇਸ਼ਾਂ ’ਤੇ ਆਈ. ਸੀ. ਪੀ. ਨੂੰ ਇੰਨਾ ਵੱਡਾ ਝਟਕਾ ਲੱਗਾ ਹੈ ਕਿ ਇਥੇ ਆਉਣ ਵਾਲੇ ਦਿਨਾਂ ਵਿਚ ਉੱਲੂ ਬੋਲਦੇ ਨਜ਼ਰ ਆਉਣਗੇ। ਜਾਣਕਾਰੀ ਅਨੁਸਾਰ ਸੋਮਵਾਰ ਦੇ ਦਿਨ ਆਈ. ਸੀ. ਪੀ. ਅਟਾਰੀ ’ਤੇ ਪਾਕਿਸਤਾਨ ਤੋਂ ਇਕ ਵੀ ਟਰੱਕ ਨਹੀਂ ਆਇਆ ਕਿਉਂਕਿ ਕਿਸੇ ਵੀ ਵਪਾਰੀ ਨੇ ਪਾਕਿਸਤਾਨ ਤੋਂ ਕੋਈ ਆਯਾਤ ਹੀ ਨਹੀਂ ਕੀਤਾ । ਅਫਗਾਨਿਸਤਾਨ ਤੋਂ ਚਾਰ ਟਰੱਕ ਡਰਾਈਫਰੂਟ ਜ਼ਰੂਰ ਆਏ ਕਿਉਂਕਿ ਇਸ ’ਤੇ ਭਾਰਤ ਸਰਕਾਰ ਵੱਲੋਂ 200 ਫ਼ੀਸਦੀ ਕਸਟਮ ਡਿਊਟੀ ਨਹੀਂ ਲਾਈ ਗਈ । ਅਫਗਾਨਿਸਤਾਨ ਤੋਂ ਆਯਾਤ ਕੀਤੇ ਜਾਣ ਵਾਲੀਆਂ ਵਸਤੂਆਂ ਦੇ ਮਾਮਲੇ ਵਿਚ ਵੀ ਸੂਚਨਾ ਮਿਲ ਰਹੀ ਹੈ ਕਿ ਪਾਕਿਸਤਾਨ ਆਉਣ ਵਾਲੇ ਦਿਨਾਂ ਵਿਚ ਅਫਗਾਨਿਸਤਾਨ ਤੋਂ ਆਈ. ਸੀ. ਪੀ. ਅਟਾਰੀ ਵੱਲ ਜਾਣ ਵਾਲੇ ਟਰੱਕਾਂ ਨੂੰ ਰਸਤਾ ਦੇਣਾ ਬੰਦ ਕਰ ਸਕਦਾ ਹੈ ਹਾਲਾਂਕਿ ਸਾਫਟਾ ਸਮਝੌਤੇ ਤਹਿਤ ਪਾਕਿਸਤਾਨ ਅਜਿਹਾ ਨਹੀਂ ਕਰ ਸਕਦਾ ਕਿਉਂਕਿ ਅੰਤਰਰਾਸ਼ਟਰੀ ਕਾਨੂੰਨ ਅਨੁਸਾਰ ਪਾਕਿ ਅਫਗਾਨਿਸਤਾਨ ਤੋਂ ਆਈ. ਸੀ. ਪੀ. ਅਟਾਰੀ ਵੱਲ ਜਾਣ ਵਾਲੇ ਟਰੱਕਾਂ ਨੂੰ ਰਸਤਾ ਦੇਣ ਲਈ ਵਚਨਬੱਧ ਹੈ ਪਰ ਪਾਕਿਸਤਾਨ ਦੀ ਨੀਅਤ ਸਹੀ ਨਹੀਂ ਹੈ ਅਤੇ ਨਾਪਾਕ ਨੀਅਤ ਵਾਲਾ ਪਾਕਿਸਤਾਨ ਭਾਰਤੀ ਵਪਾਰੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਕੁਝ ਵੀ ਕਰ ਸਕਦਾ ਹੈ। ਇਹ ਵੀ ਪਤਾ ਲੱਗਾ ਹੈ ਕਿ ਪਾਕਿਸਤਾਨ ਸਰਕਾਰ ਵੀ ਭਾਰਤ ਤੋਂ ਆਯਾਤ ਹੋਣ ਵਾਲੀਆਂ ਵਸਤੂਆਂ ’ਤੇ ਭਾਰੀ ਕਸਟਮ ਡਿਊਟੀ ਲਾਉਣ ਜਾ ਰਹੀ ਹੈ ਤਾਂ ਕਿ ਭਾਰਤੀ ਵਪਾਰੀ ਵੀ ਪਾਕਿਸਤਾਨ ਨੂੰ ਕਿਸੇ ਤਰ੍ਹਾਂ ਦਾ ਐਕਸਪੋਰਟ ਨਾ ਕਰ ਸਕਣ ਹਾਲਾਂਕਿ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਕਰ ਕੇ ਪਾਕਿ ਨੂੰ ਭਾਰਤ ਵੱਲੋਂ ਆਈ. ਸੀ. ਪੀ. ਅਟਾਰੀ ਦੇ ਰਸਤੇ ਕੀਤਾ ਜਾਣ ਵਾਲਾ ਐਕਸਪੋਰਟ ਮੌਜੂਦਾ ਸਮੇਂ ਵਿਚ 25 ਫ਼ੀਸਦੀ ਹੀ ਬਚਿਆ ਹੈ। ਸੋਮਵਾਰ ਨੂੰ ਵੀ ਆਈ. ਸੀ. ਪੀ. ਦੇ ਰਸਤੇ ਸਿਰਫ ਚਾਰ ਟਰੱਕ ਪਲਾਸਟਿਕ ਦਾਣਾ ਅਤੇ ਪਲਾਸਟਿਕ ਧਾਗਾ ਪਾਕਿਸਤਾਨ ਨੂੰ ਐਕਸਪੋਰਟ ਕੀਤੇ ਗਏ।

ਭਾਰਤ ਸਰਕਾਰ ਵੱਲੋਂ ਪਾਕਿਸਤਾਨ ’ਤੇ ਵਪਾਰਕ ਸਰਜੀਕਲ ਸਟਰਾਈਕ ਦਾ ਨਾਕਾਰਾਤਮਕ ਅਸਰ ਸਭ ਤੋਂ ਪਹਿਲਾਂ ਆਪਣੇ ਹੀ ਵਪਾਰੀਆਂ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਂਝ ਤਾਂ ਤਕਰੀਬਨ ਸਾਰੇ ਵਪਾਰੀਆਂ ਦਾ ਲਗਭਗ 100 ਕਰੋਡ਼ ਰੁਪਿਆ ਐਡਵਾਂਸ ਦੇ ਰੂਪ ਵਿਚ ਪਾਕਿਸਤਾਨ ਵਿਚ ਫਸਿਆ ਹੋਇਆ ਹੈ ਪਰ ਇਕ ਵਪਾਰੀ ਦਾ ਤਾਂ 15 ਕਰੋਡ਼ ਪਾਕਿਸਤਾਨ ਵਿਚ ਫਸ ਗਿਆ ਹੈ, ਜਿਸ ਦੀ ਵਾਪਸ ਆਉਣ ਦੀ ਉਮੀਦ ਬਿਲਕੁਲ ਜ਼ੀਰੋ ਨਜ਼ਰ ਆ ਰਹੀ ਹੈ। ਪਤਾ ਲੱਗਾ ਹੈ ਕਿ ਵਪਾਰੀ ਬੈਂਕਾਂ ਤੋਂ ਕਰਜ਼ਾ ਲੈ ਕੇ ਆਪਣਾ ਕਾਰੋਬਾਰ ਚਲਾ ਰਿਹਾ ਸੀ, ਜਿਸ ਨੂੰ ਭਾਰਤ ਸਰਕਾਰ ਵੱਲੋਂ ਲਏ ਗਏ ਫ਼ੈਸਲਾ ਨੇ ਇਕ ਹੀ ਦਿਨ ਵਿਚ ਭਾਰੀ ਆਰਥਕ ਨੁਕਸਾਨ ਪਹੁੰਚਾ ਦਿੱਤਾ ਹੈ।

ਸਫੈਦ ਹਾਥੀ ਬਣ ਕੇ ਰਹਿ ਜਾਵੇਗੀ 400 ਕਰੋੜ ਦੀ ਲਾਗਤ ਨਾਲ ਤਿਆਰੀ ਆਈ. ਸੀ. ਪੀ.

ਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਕਾਰੋਬਾਰੀ ਸਮਝੌਤਾ ਰੱਦ ਕੀਤੇ ਜਾਣ ਨਾਲ ਪਾਕਿ ਦੇ ਵਪਾਰੀਆਂ ’ਤੇ ਇਸਦਾ ਕੀ ਅਸਰ ਪੈਂਦਾ ਹੈ, ਇਸ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਕਿਉਂਕਿ ਚੀਨ ਪਾਕਿਸਤਾਨ ਨੂੰ ਵਪਾਰ ਵਿਚ ਵੀ ਪੂਰੀ ਮਦਦ ਕਰ ਰਿਹਾ ਹੈ ਪਰ ਭਾਰਤੀ ਖੇਮੇ ’ਚ ਅਰਬਾਂ ਰੁਪਿਆਂ ਦਾ ਨੁਕਸਾਨ ਹੋਣਾ ਤੈਅ ਨਜ਼ਰ ਆ ਰਿਹਾ ਹੈ। ਆਈ. ਸੀ. ਪੀ. ਅਟਾਰੀ ਬਾਰਡਰ ਜਿਸ ਨੂੰ 13 ਅਪ੍ਰੈਲ 2012 ਨੂੰ ਸ਼ੁਰੂ ਕੀਤਾ ਗਿਆ ਸੀ, ਇਸ ਦੀ ਗੱਲ ਕਰੀਏ ਤਾਂ ਲਗਭਗ 200 ਏਕਡ਼ ਜ਼ਮੀਨ ’ਤੇ 400 ਕਰੋਡ਼ ਦੀ ਲਾਗਤ ਨਾਲ ਤਿਆਰ ਕੀਤੀ ਦੇਸ਼ ਦੀ ਪਹਿਲੀ ਆਈ. ਸੀ. ਪੀ. ਆਯਾਤ-ਨਿਰਯਾਤ ਬੰਦ ਹੋਣ ਨਾਲ ਸਫੈਦ ਹਾਥੀ ਬਣ ਕੇ ਰਹਿ ਜਾਵੇਗੀ। ਇੰਨੀ ਵੱਡੀ ਆਈ. ਸੀ. ਪੀ. ’ਤੇ ਜੇਕਰ ਕੋਈ ਕੰਮ ਹੀ ਨਹੀਂ ਹੋਵੇਗਾ ਤਾਂ ਫਿਰ ਇਸ ਆਈ. ਸੀ. ਪੀ. ਦੇ ਕੀ ਮਾਇਨੇ ਰਹਿ ਜਾਣਗੇ। ਇੰਨਾ ਹੀ ਨਹੀਂ ਆਈ. ਸੀ. ਪੀ. ਦੀ ਸੁਰੱਖਿਆ ਨੂੰ ਲੈ ਕੇ ਵੀ ਭਾਰਤ ਸਰਕਾਰ ਵੱਲੋਂ ਆਈ. ਸੀ. ਪੀ. ’ਤੇ ਬੀ. ਐੱਸ. ਐੱਫ. ਦੇ 500 ਤੋਂ ਜ਼ਿਆਦਾ ਜਵਾਨ ਤਾਇਨਾਤ ਕੀਤੇ ਗਏ ਹਨ ਤਾਂ ਕਿ ਆਈ. ਸੀ. ਪੀ. ’ਤੇ ਕਿਸੇ ਵੀ ਤਰ੍ਹਾਂ ਦੀ ਘਟਨਾ ਹੋਣ ਤੋਂ ਬਚਿਆ ਜਾ ਸਕੇ। ਇਨ੍ਹਾਂ ਜਵਾਨਾਂ ਦੀ ਰਿਹਾਇਸ਼ ਲਈ ਹਾਲ ਹੀ ਵਿਚ 25 ਕਰੋੜ ਰੁਪਏ ਦੀ ਲਾਗਤ ਨਾਲ ਆਈ. ਸੀ. ਪੀ. ਅੰਦਰ ਹੀ ਇਕ ਰੈਜ਼ੀਡੈਂਸ਼ੀਅਲ ਕੰਪਲੈਕਸ ਦੀ ਵੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਜਾ ਚੁੱਕਾ ਹੈ, ਜਿਸ ਨੂੰ ਦਸੰਬਰ 2019 ਤੱਕ ਪੂਰਾ ਕੀਤਾ ਜਾਣਾ ਹੈ। ਇਸ ਦੇ ਇਲਾਵਾ ਪਾਕਿਸਤਾਨ ਤੋਂ ਆਯਾਤ ਵਸਤਾਂ ਦੀ ਚੈਕਿੰਗ ਕਰਨ ਲਈ ਆਈ. ਸੀ. ਪੀ. ’ਤੇ ਕਰੋਡ਼ਾਂ ਰੁਪਿਆਂ ਦੀ ਲਾਗਤ ਨਾਲ ਟਰੱਕ ਸਕੈਨਰ ਲਾਉਣ ਦਾ ਕੰਮ ਵੀ ਚੱਲ ਰਿਹਾ ਹੈ । ਆਈ. ਸੀ. ਪੀ. ਬੰਦ ਹੋਣ ਕਾਰਨ ਇਹ ਪ੍ਰਾਜੈਕਟ ਰੁਕ ਸਕਦੇ ਹਨ।


author

DILSHER

Content Editor

Related News