ਸੀ. ਬੀ. ਐੱਸ. ਈ. ਬੋਰਡ ਦੀ ਪ੍ਰੀਖਿਆ ਸ਼ੁਰੂ, ਦੋਸਤ ਕਿਹੋ ਜਿਹਾ ਹੋਇਆ ਪੇਪਰ
Monday, Mar 05, 2018 - 11:30 PM (IST)
ਬਰਨਾਲਾ, (ਵਿਵੇਕ ਸਿੰਧਵਾਨੀ, ਰਵੀ)— ਸੀ. ਬੀ. ਐੱਸ. ਈ. ਬੋਰਡ ਦੇ 12ਵੀਂ ਜਮਾਤ ਦੇ ਪੇਪਰ ਸੋਮਵਾਰ ਨੂੰ ਸ਼ੁਰੂ ਹੋ ਗਏ। ਜਦੋਂਕਿ 10ਵੀਂ ਜਮਾਤ ਦੇ ਪੇਪਰ 6 ਮਾਰਚ ਨੂੰ ਸ਼ੁਰੂ ਹੋਣਗੇ। ਬਰਨਾਲਾ 'ਚ ਵਿਦਿਆਰਥੀਆਂ ਦੇ ਪੇਪਰ ਦੇਣ ਲਈ 3 ਸੈਂਟਰ ਬਣਾਏ ਗਏ ਸਨ, ਜਿਨ੍ਹਾਂ 'ਚ ਸੈਕਰਟ ਹਾਰਟ ਸਕੂਲ ਹੰਡਿਆਇਆ ਰੋਡ, ਜੈ ਵਾਟਿਕਾ ਪਬਲਿਕ ਸਕੂਲ ਅਤੇ ਅਕਾਲ ਅਕੈਡਮੀ ਮਹਿਲ ਕਲਾਂ ਦੇ ਕੇਂਦਰ ਸ਼ਾਮਲ ਸਨ। ਇਨ੍ਹਾਂ ਕੇਂਦਰਾਂ 'ਚ ਹਜ਼ਾਰਾਂ ਹੀ ਵਿਦਿਆਰਥੀਆਂ ਨੇ ਅੱਜ ਇੰਗਲਿਸ਼ ਦਾ ਪੇਪਰ ਦਿੱਤਾ। ਪੇਪਰ ਖ਼ਤਮ ਹੋਣ ਤੋਂ ਬਾਅਦ ਕੁਝ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖੁਸ਼ੀ ਝਲਕ ਰਹੀ ਸੀ ਜਦੋਂਕਿ ਕੁਝ ਵਿਦਿਆਰਥੀ ਨਿਰਾਸ਼ ਨਜ਼ਰ ਆਏ। ਜਿਥੇ ਲੜਕੀਆਂ ਖੁਸ਼ ਨਜ਼ਰ ਆ ਰਹੀਆਂ ਸਨ, ਉਥੇ ਲੜਕਿਆਂ ਦੇ ਚਿਹਰੇ ਕੁਝ ਮੁਰਝਾਏ ਹੋਏ ਸਨ। ਇਕ ਲੜਕੇ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਸਮਾਂ ਘੱਟ ਹੋਣ ਕਾਰਨ ਮੈਂ ਤਾਂ 30-35 ਨੰਬਰਾਂ ਦਾ ਪੇਪਰ ਹੱਲ ਹੀ ਨਹੀਂ ਕਰ ਸਕਿਆ।
ਸੰਗਰੂਰ, (ਬਾਵਾ)–ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ (ਸੀ. ਬੀ. ਐੱਸ. ਈ.) ਦੀ ਬਾਰ੍ਹਵੀਂ ਕਾਲਸ ਦੀ ਪ੍ਰੀਖਿਆ ਅੰਗਰੇਜ਼ੀ ਦੇ ਪੇਪਰ ਨਾਲ ਸ਼ੁਰੂ ਹੋ ਗਈ। ਜ਼ਿਲਾ ਸੰਗਰੂਰ 'ਚ ਸੀ. ਬੀ. ਐੱਸ. ਈ. ਬੋਰਡ ਨਾਲ ਸਬੰਧਤ 60 ਦੇ ਲਗਭਗ ਸਕੂਲਾਂ ਦੇ ਵਿਦਿਆਰਥੀਆਂ ਲਈ ਜ਼ਿਲੇ 'ਚ 11 ਇਮਤਿਹਾਨ ਕੇਂਦਰ ਬਣਾਏ ਗਏ, ਜਿਨ੍ਹਾਂ 'ਚੋਂ ਮਾਲੇਰਕੋਟਲਾ 'ਚ 2, ਧੂਰੀ 'ਚ 2, ਲੌਂਗੋਵਾਲ 'ਚ 2, ਸੁਨਾਮ ਅਤੇ ਦਿੜ੍ਹਬਾ 'ਚ ਇਕ-ਇਕ ਅਤੇ ਸੰਗਰੂਰ 'ਚ ਤਿੰਨ ਬਣਾਏ ਗਏ ਹਨ, ਜਿਥੇ ਇਕ ਕੇਂਦਰ 'ਚ 500 ਤੋਂ ਵੱਧ ਵਿਦਿਆਰਥੀਆਂ ਨੇ ਪਹਿਲੇ ਦਿਨ ਆਪਣਾ ਇਮਤਿਹਾਨ ਦਿੱਤਾ। ਸੰਗਰੂਰ ਦੇ 3 ਪ੍ਰੀਖਿਆ ਕੇਂਦਰਾਂ 'ਚ ਸਭ ਤੋਂ ਵੱਧ ਵਿਦਿਆਰਥੀ 719 ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ 'ਚ ਪਹੁੰਚੇ।
'ਸਿਲੇਬਸ 'ਚੋਂ ਹੀ ਆਇਆ ਪੇਪਰ'
ਵਿਦਿਆਰਥੀ ਕੁਸ਼ਾਂਤ ਬਾਂਸਲ ਨੇ ਕਿਹਾ ਕਿ ਮੇਰਾ ਪੇਪਰ ਬਹੁਤ ਵਧੀਆ ਹੋਇਆ ਹੈ ਪਰ ਪੇਪਰ ਨੂੰ ਹੱਲ ਕਰਨ ਲਈ ਸਮਾਂ ਬਹੁਤ ਘੱਟ ਸੀ। ਇਸ ਕਾਰਨ ਮੇਰਾ 5-6 ਨੰਬਰਾਂ ਦਾ ਇਕ ਪ੍ਰਸ਼ਨ ਰਹਿ ਗਿਆ ਹੈ। ਪੇਪਰ ਸਿਲੇਬਸ 'ਚੋਂ ਹੀ ਆਇਆ ਸੀ। ਇਸ ਕਾਰਨ ਪੇਪਰ ਕਰਨ 'ਚ ਕੋਈ ਦਿੱਕਤ ਨਹੀਂ ਆਈ ਪਰ ਇਕ ਸਵਾਲ ਰਹਿ ਜਾਣ ਦਾ ਮੈਨੂੰ ਅਫ਼ਸੋਸ ਜ਼ਰੂਰ ਹੈ।
'ਪੂਰਾ ਪੇਪਰ ਕਰ ਕੇ ਆਈ ਹਾਂ'
ਵਿਦਿਆਰਥਣ ਸੁਖਵਿੰਦਰ ਕੌਰ ਨੇ ਕਿਹਾ ਕਿ ਮੈਂ ਆਪਣਾ ਪੂਰਾ ਪੇਪਰ ਕਰ ਕੇ ਆਈ ਹਾਂ। ਪੇਪਰ ਕਰਨ ਲਈ ਪੂਰਾ ਸਮਾਂ ਸੀ। ਸਮਾਂ ਘੱਟ ਹੋਣ ਦਾ ਰੋਣਾ ਤਾਂ ਉਹ ਰੋਂਦੇ ਹਨ, ਜਿਨ੍ਹਾਂ ਨੂੰ ਪੇਪਰ ਨਹੀਂ ਆਉਂਦਾ। ਮੇਰਾ ਪੇਪਰ ਤਾਂ ਬਹੁਤ ਹੀ ਵਧੀਆ ਹੋਇਆ ਹੈ।
ਦਿਨ-ਰਾਤ ਦੀ ਮਿਹਨਤ ਕਾਰਨ ਪੇਪਰ ਹੋਇਆ ਵਧੀਆ
ਸੈਕਰਟ ਹਾਰਟ ਹੰਡਿਆਇਆ ਰੋਡ ਦੇ ਕੇਂਦਰ 'ਚੋਂ ਵਿਦਿਆਰਥਣ ਸੁਰਭੀ ਕਾਂਸਲ ਜਦੋਂ ਪੇਪਰ ਦੇ ਕੇ ਬਾਹਰ ਆਈ ਤਾਂ ਉਸ ਦੇ ਚਿਹਰੇ 'ਤੇ ਖੁਸ਼ੀ ਦੇਖੀ ਜਾ ਰਹੀ ਸੀ। ਸੁਰਭੀ ਨੇ ਕਿਹਾ ਕਿ ਮੈਂ ਰੋਜ਼ਾਨਾ 10 ਤੋਂ ਲੈ ਕੇ 12 ਘੰਟਿਆਂ ਤੱਕ ਪੜ੍ਹਦੀ ਸੀ, ਜਿਸ ਦਾ ਨਤੀਜਾ ਮੈਨੂੰ ਮਿਲਿਆ ਅਤੇ ਮੇਰਾ ਪੇਪਰ ਬਹੁਤ ਵਧੀਆ ਹੋਇਆ। ਮੈਂ ਇਕ ਵੀ ਪ੍ਰਸ਼ਨ ਨਹੀਂ ਛੱਡਿਆ।
'ਆਪਾਂ ਵੀ ਫੱਟੇ ਚੱਕ 'ਤੇ'
ਵੱਖ-ਵੱਖ ਸਕੂਲਾਂ ਤੋਂ ਪੇਪਰ ਦੇਣ ਆਏ ਵਿਦਿਆਰਥੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਲਈ ਅੱਜ ਦਾ ਦਿਨ ਖੁਸ਼ੀਆਂ ਨਾਲ ਭਰਪੂਰ ਹੈ ਕਿਉਂਕਿ ਪੂਰੇ ਸਾਲ ਦੀ ਮਿਹਨਤ ਦਾ ਫਲ ਪ੍ਰੀਖਿਆ ਕੇਂਦਰ ਵਿਚ ਤਸੱਲੀਬਖਸ਼ ਪੇਪਰ ਕਰ ਕੇ ਹੀ ਮਿਲੇਗਾ। ਵਿਦਿਆਰਥੀ ਪੇਪਰ ਦੇਣ ਤੋਂ ਬਾਅਦ ਇਕ-ਦੂਜੇ ਨੂੰ ਪੁੱਛ ਰਹੇ ਸਨ ਕਿ ਮੇਰਾ ਪੇਪਰ ਤਾਂ ਬਹੁਤ ਵਧੀਆ ਹੋਇਆ। ਤੇਰਾ ਪੇਪਰ ਕਿਹੋ ਜਿਹਾ ਹੋਇਆ ਤਾਂ ਅੱਗਿਓਂ ਵੀ ਖਿੜੇ ਚਿਹਰੇ ਨਾਲ ਜਵਾਬ ਮਿਲ ਰਿਹਾ ਸੀ ਕਿ 'ਆਪਾਂ ਵੀ ਫੱਟੇ ਚੱਕ 'ਤੇ'।
ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ਦੇ ਪ੍ਰਬੰਧਾਂ ਬਾਰੇ ਤਸੱਲੀ ਪ੍ਰਗਟ ਕਰਦਿਆਂ ਕਿਹਾ ਕਿ ਪੇਪਰ ਦਿੰਦੇ ਸਮੇਂ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੋਈ। ਨਕਲ ਬਾਰੇ ਪੁੱਛੇ ਜਾਣ 'ਤੇ ਵਿਦਿਆਰਥੀਆਂ ਨੇ ਦੱਸਿਆ ਕਿ ਅਸੀਂ ਸੀ. ਬੀ. ਐੱਸ.ਈ. ਦੇ ਅਧੀਨ ਪ੍ਰੀਖਿਆ ਦੇ ਰਹੇ ਹਨ। ਸਾਰਾ ਸਾਲ ਭਰਪੂਰ ਮਿਹਨਤ ਕੀਤੀ ਹੈ। ਇਸ ਲਈ ਨਕਲ ਨੋ ਵੇ।
'ਬੋਰਡ ਨੂੰ ਦੇਣੇ ਚਾਹੀਦੇ ਨੇ ਗਰੇਸ ਨੰਬਰ'
ਵਿਦਿਆਰਥੀ ਸੁਮੀਰ ਨੇ ਕਿਹਾ ਕਿ ਪ੍ਰਸ਼ਨਾਂ ਨੂੰ ਹੱਲ ਕਰਨ ਲਈ ਸਮਾਂ ਬਹੁਤ ਹੀ ਘੱਟ ਸੀ, ਜਿਸ ਕਾਰਨ ਜ਼ਿਆਦਾਤਰ ਵਿਦਿਆਰਥੀ ਪੂਰੇ ਪ੍ਰਸ਼ਨ ਹੱਲ ਨਹੀਂ ਕਰ ਸਕੇ। ਕਿਸੇ ਦਾ ਇਕ ਪ੍ਰਸ਼ਨ ਰਹਿ ਗਿਆ ਅਤੇ ਕਿਸੇ ਦੇ 2। ਇਸ ਕਾਰਨ ਸੀ. ਬੀ. ਐੱਸ. ਈ. ਬੋਰਡ ਨੂੰ ਘੱਟੋ-ਘੱਟ 5 ਨੰਬਰ ਵਿਦਿਆਰਥੀਆਂ ਨੂੰ ਗਰੇਸ ਦੇ ਦੇਣੇ ਚਾਹੀਦੇ ਹਨ।
