ਬਹਿਬਲ ਕਲਾਂ ਇਨਸਾਫ਼ ਮੋਰਚੇ ਤੋਂ ਵੱਡੀ ਖ਼ਬਰ, 9 ਦਿਨਾਂ ਬਾਅਦ ਹੋ ਸਕਦੈ ਵੱਡਾ ਐਕਸ਼ਨ
Monday, Nov 21, 2022 - 02:56 PM (IST)
ਫਰੀਦਕੋਟ (ਜਗਤਾਰ) : ਬਹਿਬਲ ਕਲਾਂ ਇਨਸਾਫ਼ ਮੋਰਚੇ ਵਾਲੀ ਥਾਂ 'ਤੇ ਪਿਛਲੇ ਮਹੀਨੇ ਕਰਵਾਏ ਗਏ ਸ਼ਹੀਦੀ ਸਮਾਗਮ ਦੌਰਾਨ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ 'ਆਪ' ਵਿਧਾਇਕ ਕੁੰਵਰ ਵਿਜੇ ਪ੍ਰਤਾਪ ਪਹੁੰਚੇ ਸਨ। ਇਸ ਦੌਰਾਨ ਜਿੱਥੇ ਕੁੰਵਰ ਵਿਜੇ ਪ੍ਰਤਾਪ ਨੇ ਇਨਸਾਫ਼ ਨਾ ਮਿਲਣ ਦੀ ਗੱਲ ਕਹੀ ਸੀ ਉੱਥੇ ਹੀ ਸਪੀਕਰ ਸੰਧਵਾਂ ਨੇ ਸੰਗਤਾਂ ਨੂੰ ਭਰੋਸਾ ਦਵਾਇਆ ਸੀ ਕਿ ਸਰਕਾਰ ਇਨਸਾਫ਼ ਦੇ ਕੇ ਡੇਢ ਮਹੀਨੇ ਬਾਅਦ ਇਹੀ ਥਾਂ 'ਤੇ ਸ਼ੁਕਰਾਨੇ ਦਾ ਸਮਾਗਮ ਕਰਾਵੇਗੀ ਪਰ ਸਵਾ ਮਹੀਨੇ ਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਹੁਣ ਤੱਕ ਇਨਸਾਫ਼ ਮਿਲਣ ਦੀ ਕੋਈ ਆਸ ਨਹੀਂ ਜਤਾਈ ਜਾ ਰਹੀ। ਇਸ ਸਬੰਧੀ ਗੱਲ ਕਰਦਿਆਂ ਮੋਰਚੇ ਵਾਲੀ ਥਾਂ ਮੌਜੂਦ ਸੁਖਰਾਜ ਸਿੰਘ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਸੁਖਰਾਜ ਸਿੰਘ ਨੇ ਕਿਹਾ ਕਿ ਸਰਕਾਰ ਨੇ 3 ਵਾਰ ਸਮਾਂ ਲੈਣ ਤੋਂ ਬਾਅਦ ਵੀ ਸਾਡੀ ਇਸ ਮੁਸ਼ਕਲ ਦਾ ਕੋਈ ਹੱਲ ਨਹੀਂ ਕੀਤਾ ਤੇ ਨਾ ਹੀ ਇਨਸਾਫ਼ ਦਿੱਤਾ। ਇਸ ਤੋਂ ਇਲਾਵਾ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਦਾਅਵਾ ਕੀਤੀ ਸੀ ਕਿ ਇਸ ਮਾਮਲੇ 'ਚ 24 ਘੰਟਿਆਂ ਅੰਦਰ ਇਨਸਾਫ਼ ਦਿੱਤਾ ਜਾ ਸਕਦਾ ਹੈ ਪਰ ਹੁਣ ਇਨ੍ਹਾਂ ਦੇ ਸਵਾਲ ਖ਼ੁਦ 'ਤੇ ਆ ਕੇ ਹੀ ਖੜ੍ਹੇ ਹੋ ਗਏ ਹਨ।
ਇਹ ਵੀ ਪੜ੍ਹੋ- ਮੋਗਾ 'ਚ ਵੱਡੀ ਵਾਰਦਾਤ: ਨਸ਼ੇ ਦੀ ਤੋੜ 'ਚ ਪਤਨੀ ਨੂੰ ਦਿੱਤੀ ਬੇਰਹਿਮ ਮੌਤ, ਫਿਰ ਥਾਣੇ ਪਹੁੰਚ ਕੀਤਾ ਸਰੰਡਰ
ਸੁਖਰਾਜ ਨੇ ਕਿਹਾ ਕਿ ਹੁਣ ਸਰਕਾਰ ਵੱਲੋਂ ਮੰਗੇ ਸਮੇਂ ਦੇ ਸਿਰਫ਼ 9 ਦਿਨ ਬਾਕੀ ਰਹਿ ਗਏ ਹਨ। ਇਹ ਦਿਨ ਪਰਖ ਦੀ ਘੜੀ ਹੈ ਕਿਉਂਕਿ ਸਪੀਕਰ ਸਾਹਿਬ ਨੇ ਗੁਰੂ ਦੀ ਹਜ਼ੂਰੀ 'ਚ ਕਿਹਾ ਸੀ ਕਿ ਮੈਂ ਪਹਿਲਾਂ ਸਿੱਖ ਹਾਂ ਅਤੇ ਮੈਂ ਪੰਥ ਦਾ ਹਾਂ। ਉਨ੍ਹਾਂ ਕਿਹਾ ਕਿ ਹੁਣ ਦੇਖਣਾ ਹੋਵੇਗਾ ਕਿ ਸਪੀਕਰ ਸਾਹਿਬ ਅਸਲ 'ਚ ਪੰਥਕ ਹਨ ਜਾਂ ਫਿਰ ਸਰਕਾਰ ਨਾਲ ਖੜ੍ਹੇ ਹੋ ਕੇ ਸਮਾਂ ਵਧਾਉਣ-ਘਟਾਉਣ ਦੀ ਗੱਲ ਕਰਦੇ ਹਨ। ਸੁਖਰਾਜ ਨੇ ਕਿਹਾ ਕਿ ਇਸ ਮਾਮਲੇ 'ਚ SIT ਵੱਲੋਂ ਪੁੱਛਗਿੱਛ ਕਰਨ ਦਾ ਕੰਮ ਤਾਂ ਪਿਛਲੇ 8 ਸਾਲ ਤੋਂ ਲਗਾਤਾਰ ਜਾਰੀ ਹੈ। SIT ਆਪਣੀ ਖਾਨਾ-ਪੂਰਤੀ ਕਰਦੀ ਆਈ ਹੈ ਪਰ ਮੋਰਚੇ 'ਚ ਬੈਠੀ ਸੰਗਤ ਅਤੇ ਪੰਜਾਬੀ ਇਹ ਦੇਖ ਰਹੇ ਹਨ ਕਿ ਇਸ ਦਾ ਨਤੀਜਾ ਕੀ ਆਵੇਗਾ।
ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਦੀ ਮੌਤ 'ਤੇ ISI ਦਾ ਦਾਅਵਾ, ਮੁਹੰਮਦ ਉਸਮਾਨ ਨਾਂ ਦੇ ਵਿਅਕਤੀ ਦੀ ਹੋਈ ਹੈ ਮੌਤ
ਸੁਖਰਾਜ ਸਿੰਘ ਨੇ ਕਿਹਾ ਕਿ ਅਸੀਂ ਨਤੀਜੇ ਦੀ ਉਡੀਕ 'ਚ ਹਾਂ ਤੇ ਕਿਸੇ ਕੋਲੋਂ ਪੁੱਛਗਿੱਛ ਕਰਨੀ ਇਸ ਦਾ ਹੱਲ ਨਹੀਂ ਹੈ। ਇਸ ਦਾ ਹੱਲ ਹੈ ਕਿ ਸਰਕਾਰ ਬੇਅਦਬੀ ਦੀਆਂ ਘਟਨਾਵਾਂ ਰੋਕਣ ਲਈ ਕੀ ਕਰ ਰਹੀ ਹੈ, ਕੀ ਇਸ ਮਾਮਲੇ 'ਚ ਦੋਸ਼ੀ ਨੂੰ ਮੌਤ ਦੀ ਸਜ਼ਾ ਤੱਕ ਲੈ ਕੇ ਜਾਵੇਗੀ, ਗੋਲ਼ੀਕਾਂਡ 'ਚ ਗੋਲ਼ੀਆਂ ਚਲਾਉਣ ਵਾਲਿਆਂ 'ਤੇ ਕੀ ਕਾਰਵਾਈ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਨਤੀਜੇ ਦੀ ਉਡੀਕ 'ਚ ਹਨ , ਖਾਨਾ-ਪੂਰਤੀ ਦੀ ਉਡੀਕ 'ਚ ਨਹੀਂ। ਉਨ੍ਹਾਂ ਕਿਹਾ ਕਿ ਹੁਣ 30 ਤਰੀਕ ਤੱਕ ਜੇਕਰ ਇਨਸਾਫ਼ ਨਹੀਂ ਮਿਲਦਾ ਤਾਂ ਸਮੁੱਚੀਆਂ ਸਿੱਖ ਜਥੇਬੰਦੀਆਂ ਇਕੱਠੀਆਂ ਹੋਣਗੀਆਂ। ਉਸ ਤੋਂ ਬਾਅਦ ਹੋਣ ਵਾਲਾ ਐਕਸ਼ਨ ਸੰਗਤ ਰੂਪੀ ਹੋਵੇਗਾ। ਇਹ ਚੀਜ਼ 'ਤੇ ਸਰਕਾਰ ਨੂੰ ਵਿਚਾਰ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਨੇ ਰਾਜਨੀਤੀ ਕਰਨੀ ਹੈ ਜਾਂ ਘਰ ਬੈਠਣਾ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੇ ਚੰਗੇ ਕੰਮ ਕਰਨ ਲਈ ਸਰਕਾਰ ਬਣਾਈ ਸੀ। ਜਿਹੜੇ ਮਸਲਿਆਂ ਦਾ ਸਹਾਰਾ ਲੈ ਸਰਕਾਰ ਅੱਗੇ ਆਈ ਹੈ ਜੇਕਰ ਉਹੀ ਹੱਲ ਨਾ ਹੋਏ ਤਾਂ ਫਿਰ ਲੋਕ ਇਨ੍ਹਾਂ ਨੂੰ ਘਰ ਬਿਠਾ ਦੇਵੇਗੀ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।