ਗੋਦਾਮ ''ਚ ਖੜ੍ਹੇ ਨਵੇਂ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਚੋਰ

Friday, Aug 23, 2024 - 04:23 PM (IST)

ਗੋਦਾਮ ''ਚ ਖੜ੍ਹੇ ਨਵੇਂ ਟਰੈਕਟਰਾਂ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਚੋਰ

ਗੁਰੂਹਰਸਹਾਏ (ਸੁਨੀਲ ਵਿੱਕੀ ਆਵਲਾ) : ਸ਼ਹਿਰ ਅੰਦਰ ਚੋਰੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ ਤੇ ਚੋਰ ਆਏ ਦਿਨ ਸ਼ਹਿਰ ਅੰਦਰ ਲਗਾਤਾਰ ਚੋਰੀਆਂ ਨੂੰ ਅੰਜਾਮ ਦੇ ਰਹੇ ਹਨ ਤੇ ਸ਼ਹਿਰ ਵਾਸੀ ਪਰੇਸ਼ਾਨ ਹਨ ਤੇ ਪੁਲਸ ਹੱਥਾਂ 'ਤੇ ਹੱਥ ਧਰ ਕੇ ਬੈਠੀ ਹੋਈ ਹੈ। ਸ਼ਹਿਰ ਦੀ ਮੇਨ ਫਰੀਦਕੋਟ ਰੋਡ ਤੇ ਸਥਿਤ ਗੁਰੂ ਟਰੈਕਟਰਜ਼ ਨਾਮਕ ਕੰਪਨੀ ਦੇ ਬਣੇ ਗੋਦਾਮ 'ਚ ਖੜੇ ਨਵੇਂ ਟਰੈਕਟਰਾਂ 'ਚੋਂ ਚੋਰ ਬੈਟਰੀਆਂ ਚੋਰੀ ਕਰਕੇ ਲੈ ਗਏ ਅਤੇ ਚੋਰ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਏ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਸ਼ੋਤਮ ਲਾਲ (ਬਿੱਟੂ) ਵਾਸੀ ਗੁਰੂਹਰਸਹਾਏ ਨੇ ਦੱਸਿਆ ਕਿ ਉਨ੍ਹਾਂ ਦੀ ਫਰਮ ਗੁਰੂ ਟਰੈਕਟਰਜ਼ ਜੋ ਕਿ ਫਰੀਦਕੋਟ ਰੋਡ 'ਤੇ ਸਥਿਤ ਹੈ ਤੇ ਮਹਿੰਦਰਾ ਐਂਡ ਮਹਿੰਦਰਾ ਟਰੈਕਟਰ ਦੀ ਏਜੰਸੀ ਹੈ ਅਤੇ ਏਜੰਸੀ ਦੇ ਬਿਲਕੁਲ ਸਾਹਮਣੇ ਉਨ੍ਹਾਂ ਦਾ ਟਰੈਕਟਰਾਂ ਨੂੰ ਖੜ੍ਹੇ ਕਰਨ ਲਈ ਗੋਦਾਮ ਬਣਾਇਆ ਹੋਇਆ ਹੈ। 

ਉਨ੍ਹਾਂ ਦੱਸਿਆ ਕਿ ਜਦੋਂ ਉਹ ਏਜੰਸੀ ਅਤੇ ਗੋਦਾਮ ਨੂੰ ਬੰਦ ਕਰਕੇ ਰਾਤ ਨੂੰ ਘਰ ਚਲੇ ਗਏ ਤੇ ਸਵੇਰੇ ਆ ਕੇ ਦੇਖਿਆ ਤਾਂ ਚੋਰ ਗੋਦਾਮ ਦੇ ਪਿੱਛੇ ਬਣੀ ਗਲੀ ਦੀ ਕੰਧ ਟੱਪ ਕੇ ਅੰਦਰ ਦਾਖਲ ਹੋ ਕੇ ਉਥੇ ਖੜੇ ਨਵੇਂ ਟਰੈਕਟਰਾਂ ਦੀਆਂ 9 ਬੈਟਰੀਆਂ ਚੋਰੀ ਕਰਕੇ ਲੈ ਗਏ ਜਿਸ ਦੀ ਕੀਮਤ 1 ਲੱਖ ਰੁਪਏ ਦੇ ਕਰੀਬ ਬਣਦੀ ਹੈ। ਪੀੜਤ ਪਰਸ਼ੋਤਮ ਲਾਲ ਨੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਹੈ, ਉਨ੍ਹਾਂ ਨੇ ਪੁਲਸ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਚੋਰਾਂ ਨੂੰ ਫੜ ਕੇ ਉਨ੍ਹਾਂ ਕੋਲੋਂ ਸਮਾਨ ਬਰਾਮਦ ਕਰਕੇ ਉਨ੍ਹਾਂ ਨੂੰ ਵਾਪਸ ਕੀਤਾ ਜਾਵੇ।


author

Gurminder Singh

Content Editor

Related News