ਜਲੰਧਰ: 85 ਵਾਰਡਾਂ ਦੇ ਨਕਸ਼ੇ ਨਿਗਮ ਆ ਕੇ ਵੇਖੇ ਜਾ ਸਕਣਗੇ, ਵਾਰਡਬੰਦੀ ਦਾ ਨੋਟੀਫਿਕੇਸ਼ਨ ਤਿਆਰ
Thursday, Jun 15, 2023 - 10:38 AM (IST)
ਜਲੰਧਰ (ਖੁਰਾਣਾ)–ਨਗਰ ਨਿਗਮ ਜਲੰਧਰ ਦੇ ਕੌਂਸਲਰ ਹਾਊਸ ਦੀ ਮਿਆਦ 24 ਜਨਵਰੀ ਨੂੰ ਖ਼ਤਮ ਹੋ ਚੁੱਕੀ ਹੈ ਅਤੇ ਹਾਲੇ ਵੀ ਅਗਲਾ ਕੌਂਸਲਰ ਹਾਊਸ ਚੁਣਨ ਲਈ ਹੋਣ ਜਾ ਰਹੀਆਂ ਚੋਣਾਂ ਵਿਚ ਕੁਝ ਹਫ਼ਤਿਆਂ ਦੀ ਦੇਰੀ ਹੈ। ਇਨ੍ਹਾਂ ਚੋਣਾਂ ਲਈ ਹਾਲ ਹੀ ਵਿਚ ਨਵੀਂ ਵਾਰਡਬੰਦੀ ਦਾ ਨਵਾਂ ਡਰਾਫਟ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ, ਉਸ ਦਾ ਨੋਟੀਫਿਕੇਸ਼ਨ ਤਿਆਰ ਹੋ ਚੁੱਕਾ ਹੈ, ਜਿਸ ਨੂੰ ਵੀਰਵਾਰ ਨੂੰ ਜਾਰੀ ਕੀਤਾ ਜਾ ਸਕਦਾ ਹੈ। ਇਸ ਵਾਰਡਬੰਦੀ ਦੇ ਹਿਸਾਬ ਨਾਲ ਹੀ ਸਾਰੇ 85 ਵਾਰਡਾਂ ਦੇ ਨਕਸ਼ੇ ਜਲੰਧਰ ਪਹੁੰਚ ਚੁੱਕੇ ਹਨ, ਜਿਨ੍ਹਾਂ ਨੂੰ ਦੇਖਣ ਲਈ ਅੱਜ ਕਈ ਸਾਬਕਾ ਕੌਂਸਲਰ ਨਿਗਮ ਪਹੁੰਚੇ ਪਰ ਉਨ੍ਹਾਂ ਨੂੰ ਉਥੇ ਕੋਈ ਅਧਿਕਾਰੀ ਨਹੀਂ ਮਿਲਿਆ ਅਤੇ ਨਾ ਹੀ ਨਿਗਮ ਨੇ ਅਜੇ ਨਕਸ਼ੇ ਡਿਸਪਲੇਅ ਹੀ ਕੀਤੇ ਹਨ। ਇਹ ਕੰਮ ਵੀ ਵੀਰਵਾਰ ਨੂੰ ਸ਼ੁਰੂ ਕੀਤਾ ਜਾ ਸਕਦਾ ਹੈ। ਦੂਜੇ ਪਾਸੇ ਮੰਨਿਆ ਜਾ ਰਿਹਾ ਹੈ ਕਿ ਨਵੀਂ ਵਾਰਡਬੰਦੀ ਵਿਚ ਨੋਟੀਫਿਕੇਸ਼ਨ ਤੋਂ ਬਾਅਦ ਕੁਝ ਬਦਲਾਅ ਕਰਨ ਦੀ ਤਿਆਰੀ ਚੱਲ ਰਹੀ ਹੈ, ਜਿਸ ਦਾ ਕੰਮ ਇਤਰਾਜ਼ ਮੰਗਣ ਦੀ ਪ੍ਰਕਿਰਿਆ ਦੌਰਾਨ ਕਰ ਦਿੱਤਾ ਜਾਵੇਗਾ। ਇਸਦੇ ਲਈ ਸਬੰਧਤ ਸਰਕਾਰੀ ਅਧਿਕਾਰੀਆਂ ਨੂੰ ਵੀ ਸੰਦੇਸ਼ ਭੇਜ ਦਿੱਤੇ ਗਏ ਹਨ।
ਇਹ ਵੀ ਪੜ੍ਹੋ- ਪੰਜਾਬ 'ਚ ਹੁਣ ਇਨ੍ਹਾਂ ਲੋਕਾਂ ਨੂੰ 2 ਰੁਪਏ ਕਿਲੋ ਦੀ ਬਜਾਏ ਮੁਫ਼ਤ ਮਿਲੇਗੀ ਕਣਕ, ਸਰਕਾਰ ਵੱਲੋਂ ਕੋਟਾ ਜਾਰੀ
ਵਾਰਡਬੰਦੀ ’ਚ ਬਦਲਾਅ ਨੂੰ ਲੈ ਕੇ ‘ਆਪ’ ਨੇਤਾਵਾਂ ਵਿਚ ਟਕਰਾਅ ਸ਼ੁਰੂ
ਪਤਾ ਲੱਗਾ ਹੈ ਕਿ ਆਮ ਆਦਮੀ ਪਾਰਟੀ ਦੇ ਕਈ ਨੇਤਾ ਪੁਰਾਣੀ ਵਾਰਡਬੰਦੀ ਨੂੰ ਹੀ ਸਹੀ ਮੰਨ ਕੇ ਚੱਲ ਰਹੇ ਹਨ, ਜਦਕਿ ‘ਆਪ’ ਦੇ ਹੀ ਕਈ ਨੇਤਾ ਇਸ ਤੋਂ ਨਾਖੁਸ਼ ਹਨ। ਆਉਣ ਵਾਲੇ ਸਮੇਂ ਵਿਚ ਵਾਰਡਬੰਦੀ ਵਿਚ ਫੇਰਬਦਲ ਨੂੰ ਲੈ ਕੇ ਸੱਤਾ ਧਿਰ ਦੇ ਨੇਤਾਵਾਂ ਵਿਚ ਟਕਰਾਅ ਵੇਖਣ ਨੂੰ ਮਿਲ ਸਕਦਾ ਹੈ।
ਜ਼ਿਕਰਯੋਗ ਹੈ ਕਿ ਲੋਕ ਸਭਾ ਉਪ ਚੋਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਜਲੰਧਰ ਯੂਨਿਟ ਵਿਚ ਕਈ ਤਰ੍ਹਾਂ ਦੇ ਬਦਲਾਅ ਆਏ ਹਨ। ਜ਼ਿਮਨੀ ਚੋਣ ਤੋਂ ਪਹਿਲਾਂ ਜਿਨ੍ਹਾਂ ‘ਆਪ’ ਨੇਤਾਵਾਂ ਨੂੰ ਹੈਵੀਵੇਟ ਮੰਨਿਆ ਜਾ ਰਿਹਾ ਸੀ, ਹੁਣ ਉਹ ਦੂਜੇ ਅਤੇ ਤੀਜੇ ਨੰਬਰ ’ਤੇ ਖਿਸਕ ਚੁੱਕੇ ਹਨ। ਸੰਸਦ ਮੈਂਬਰ ਅਤੇ ਲੋਕਲ ਬਾਡੀਜ਼ ਮੰਤਰੀ ਜਲੰਧਰ ਤੋਂ ਬਣ ਚੁੱਕੇ ਹਨ, ਇਸ ਲਈ ਹੁਣ ਵਾਰਡਬੰਦੀ ਉਨ੍ਹਾਂ ਦੇ ਹਿਸਾਬ ਨਾਲ ਹੀ ਹੋਵੇਗੀ। ਕਿਨ੍ਹਾਂ-ਕਿਨ੍ਹਾਂ ਵਾਰਡਾਂ ਵਿਚ ਬਦਲਾਅ ਕੀਤੇ ਜਾ ਰਹੇ ਹਨ, ਇਸਦੀ ਸਾਰੀ ਸੂਚਨਾ ਵੀ ਲੀਕ ਹੋ ਚੁੱਕੀ ਹੈ, ਜਿਸ ਕਾਰਨ ਆਮ ਆਦਮੀ ਪਾਰਟੀ ਦੇ ਕੁਝ ਨੇਤਾ ਤਿਲਮਿਲਾ ਵੀ ਰਹੇ ਹਨ।
ਇਹ ਵੀ ਪੜ੍ਹੋ- ਵਿਸ਼ੇਸ਼ ਸੈਸ਼ਨ ਤੋਂ ਪਹਿਲਾਂ CM ਮਾਨ ਨੇ ਇਸ ਦਿਨ ਸੱਦੀ ਪੰਜਾਬ ਕੈਬਨਿਟ ਦੀ ਮੀਟਿੰਗ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਪੰਜਾਬ ਅਤੇ ਦੇਸ਼ ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani