ਪੰਜਾਬ ਦੇ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮੁਫ਼ਤ ਕਰਵਾ ਸਕਣਗੇ...

Friday, May 02, 2025 - 11:42 AM (IST)

ਪੰਜਾਬ ਦੇ ਕਾਮਿਆਂ ਲਈ ਵੱਡੀ ਖ਼ੁਸ਼ਖ਼ਬਰੀ, ਹੁਣ ਮੁਫ਼ਤ ਕਰਵਾ ਸਕਣਗੇ...

ਚੰਡੀਗੜ੍ਹ (ਅੰਕੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਰਤੀਆਂ ਦੀ ਭਲਾਈ ਲਈ ਅਤੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਕਈ ਪਹਿਲ ਕਦਮੀਆਂ ਕੀਤੀਆਂ ਹਨ ਅਤੇ ਕਈ ਭਲਾਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ। ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈਲਫੇਅਰ ਬੋਰਡ ਵਲੋਂ 41 ਹਜ਼ਾਰ ਤੋਂ ਜ਼ਿਆਦਾ ਰਜਿਸਟਰਡ ਕਿਰਤੀਆਂ ਨੂੰ ਵੱਖ-ਵੱਖ ਸਕੀਮਾਂ ਤਹਿਤ ਪਿਛਲੇ ਵਿੱਤੀ ਸਾਲ ’ਚ ਕਰੀਬ 90 ਕਰੋੜ ਰੁਪਏ ਵੰਡੇ ਜਾ ਚੁੱਕੇ ਹਨ। ਇਸ ’ਚ ਸਭ ਤੋਂ ਵੱਧ 45 ਕਰੋੜ ਰੁਪਏ ਉਸਾਰੀ ਕਾਮਿਆਂ ਦੇ ਬੱਚਿਆਂ ਲਈ ਸਿੱਖਿਆ ਵਜ਼ੀਫ਼ਾ, ਐਕਸ-ਗ੍ਰੇਸ਼ੀਆ ਤਹਿਤ 28 ਕਰੋੜ ਰੁਪਏ, ਸਿਹਤ ਬੀਮਾ ਤੇ ਸਰਜਰੀ ਲਈ 11 ਕਰੋੜ ਰੁਪਏ ਅਤੇ ਬਾਲੜੀ ਤੋਹਫ਼ਾ ਸਕੀਮ ਤਹਿਤ 85 ਲੱਖ ਰੁਪਏ ਤੋਂ ਵੱਧ ਦੀ ਰਾਸ਼ੀ ਵੰਡੀ ਗਈ ਹੈ। ਹੁਣ ਕਾਮੇ ਨਿੱਜੀ ਹਸਪਤਾਲਾਂ ਵਿੱਚ ਵੀ ਸਰਜਰੀਆਂ, ਆਪਰੇਸ਼ਨ ਆਦਿ ਮੁਫ਼ਤ ਕਰਵਾ ਸਕਦੇ ਹਨ। ਇਸੇ ਤਰ੍ਹਾਂ ਲੇਬਰ ਵੈਲਫੇਅਰ ਬੋਰਡ ਵਲੋਂ ਵੀ ਇਸ ਸਮੇਂ ਦੌਰਾਨ 6,737 ਲਾਭਪਾਤਰੀਆਂ ਨੂੰ 17.15 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਲੇਬਰ ਕਾਰਡ ਤੇ ਸਕੀਮਾਂ ਨਾਲ ਸਬੰਧਿਤ ਕਿਰਤੀਆਂ ਦੀਆਂ ਪੈਂਡਿੰਗ ਪਈਆਂ 80 ਹਜ਼ਾਰ ਅਰਜ਼ੀਆਂ ਦਾ ਜਨਵਰੀ ਤੋਂ ਅਪ੍ਰੈਲ ਤੱਕ ਦੇ 4 ਮਹੀਨਿਆਂ ਦੇ ਅੰਦਰ ਨਿਪਟਾਰਾ ਕਰ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ : 2 ਦਿਨਾਂ ਲਈ ਜਾਰੀ ਹੋਈ ਟ੍ਰੈਫਿਕ ਐਡਵਾਈਜ਼ਰੀ, ਭੁੱਲ ਕੇ ਵੀ ਇਨ੍ਹਾਂ ਰੂਟਾਂ 'ਤੇ ਨਾ ਨਿਕਲਿਓ

ਪਹਿਲਾਂ ਇਹ ਗਿਣਤੀ 1 ਲੱਖ 10 ਹਜ਼ਾਰ ਸੀ ਜੋ ਕਿ ਹੁਣ ਸਿਰਫ 30,000 ਰਹਿ ਗਈ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ 1 ਲੱਖ 30 ਹਜ਼ਾਰ ਉਸਾਰੀ ਕਾਮਿਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਵਰ ਕੀਤਾ ਗਿਆ ਹੈ। ਸੌਂਦ ਨੇ ਕਿਹਾ ਕਿ ਵਿੱਤੀ ਸਾਲ 2024-25 ਵਿੱਚ ਰਿਕਾਰਡ 287 ਕਰੋੜ ਰੁਪਏ ਲੇਬਰ ਸੈੱਸ ਵੱਜੋਂ ਇਕੱਠਾ ਕੀਤੇ ਗਏ ਹਨ। 4 ਸਾਲਾਂ ਦੌਰਾਨ ਇਹ ਰਾਸ਼ੀ ਸਭ ਤੋਂ ਵੱਧ ਹੈ। 2021-22 ਵਿੱਚ 203.94 ਕਰੋੜ ਰੁਪਏ, 2022-23 ਵਿੱਚ 208.92 ਕਰੋੜ ਰੁਪਏ ਅਤੇ 2023-24 ਵਿੱਚ 180 ਕਰੋੜ ਰੁਪਏ ਲੇਬਰ ਸੈੱਸ ਇਕੱਠਾ ਕੀਤਾ ਗਿਆ ਸੀ। ਸੌਂਦ ਨੇ ਦੱਸਿਆ ਕਿ ਕਿਰਤੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਕਈ ਭਲਾਈ ਸਕੀਮਾਂ ਦਾ ਮੌਜੂਦਾ ਸਰਕਾਰ ਦੌਰਾਨ ਸਰਲੀਕਰਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਉਸਾਰੀ ਕਿਰਤੀ ਭਲਾਈ ਬੋਰਡ ਦੀ ਸ਼ਗਨ ਸਕੀਮ ਵਿੱਚ ਪਹਿਲਾਂ ਰਜਿਸਟਰਡ ਮੈਰਿਜ ਸਰਟੀਫਿਕੇਟ ਤਹਿਸੀਲਦਾਰ ਤੋਂ ਲੈਣਾ ਲਾਜ਼ਮੀ ਸੀ, ਜੋ ਕਿ ਹੁਣ ਖ਼ਤਮ ਕਰ ਦਿੱਤਾ ਗਿਆ ਹੈ। ਇਸ ਦੀ ਥਾਂ ਹੁਣ ਸਿਰਫ ਧਾਰਮਿਕ ਸੰਸਥਾਵਾਂ ਜਿੱਥੇ ਵਿਆਹ ਦੀ ਰਸਮ ਹੋਈ ਹੋਵੇ, ਦਾ ਸਰਟੀਫਿਕੇਟ ਅਤੇ ਦੋਵੇਂ ਪਰਿਵਾਰਾਂ ਦੇ ਮਾਪਿਆਂ ਵਲੋਂ ਸਵੈ-ਤਸਦੀਕ ਦਰਖ਼ਾਸਤ ਚਾਹੀਦੀ ਹੈ।

ਇਹ ਵੀ ਪੜ੍ਹੋ : ਵਾਹਨ ਚਾਲਕਾਂ ਲਈ ਵੱਡੇ ਖ਼ਤਰੇ ਦੀ ਘੰਟੀ! ਹੁਣ ਬੁੱਧਵਾਰ, ਸ਼ੁੱਕਰਵਾਰ ਤੇ ਸ਼ਨੀਵਾਰ ਨੂੰ...

ਇਸ ਸਕੀਮ ਤਹਿਤ 51,000 ਰੁਪਏ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਔਰਤ ਉਸਾਰੀ ਮਜ਼ਦੂਰਾਂ ਨੂੰ 21,000 ਰੁਪਏ ਅਤੇ ਪੁਰਸ਼ ਉਸਾਰੀ ਮਜ਼ਦੂਰਾਂ ਨੂੰ 5000 ਰੁਪਏ ਜਣੇਪਾ ਲਾਭ ਵਜੋਂ ਪ੍ਰਦਾਨ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਲਾਭ ਲੈਣ ਲਈ ਹੁਣ ਸਿਰਫ ਬੱਚੇ ਦਾ ਜਨਮ ਸਰਟੀਫਿਕੇਟ ਦੇਣਾ ਲਾਜ਼ਮੀ ਕੀਤਾ ਗਿਆ ਹੈ। ਜਦਕਿ ਪਹਿਲਾਂ ਬਾਲ ਆਧਾਰ ਕਾਰਡ ਦੇਣਾ ਪੈਂਦਾ ਸੀ। ਕਿਰਤ ਮੰਤਰੀ ਨੇ ਦੱਸਿਆ ਕਿ ਲੇਬਰ ਵੈਲਫੇਅਰ ਬੋਰਡ ਵਿੱਚ ਵੀ ਮੈਰਿਜ ਸਰਟੀਫਿਕੇਟ ਦੀ ਸ਼ਰਤ ਖ਼ਤਮ ਕਰ ਦਿੱਤੀ ਗਈ ਹੈ ਅਤੇ ਕੇਵਲ ਧਾਰਮਿਕ ਸੰਸਥਾ ਜਿੱਥੇ ਵਿਆਹ ਦੀ ਰਸਮ ਹੋਈ ਹੋਵੇ, ਦਾ ਸਰਟੀਫਿਕੇਟ ਅਤੇ ਫੋਟੋਗ੍ਰਾਫ ਨਾਲ ਇਸ ਸਕੀਮ ਦਾ ਲਾਭ ਲਿਆ ਜਾ ਸਕਦਾ ਹੈ। ਇਸ ਸਕੀਮ ਅਧੀਨ 31,000 ਰੁਪਏ ਦਾ ਲਾਭ ਦਿੱਤਾ ਜਾਂਦਾ ਹੈ। ਲੇਬਰ ਵੈਲਫੇਅਰ ਬੋਰਡ ਵੱਲੋਂ ਦਿੱਤੀ ਜਾਣ ਵਾਲੀ ਪ੍ਰਸੂਤਾ ਸਕੀਮ ਦਾ ਲਾਭ ਲੈਣ ਲਈ ਪਹਿਲਾਂ ਬੱਚੇ ਦੇ ਜਨਮ ਤੋਂ ਤਿੰਨ ਮਹੀਨੇ ਪਹਿਲਾਂ ਅਤੇ ਤਿੰਨ ਮਹੀਨੇ ਦੇ ਬਾਅਦ ਦੇ ਸਮੇਂ ਦੇ ਵਿੱਚ-ਵਿੱਚ ਅਪਲਾਈ ਕਰਨਾ ਹੁੰਦਾ ਸੀ। ਪਰ ਹੁਣ ਅਪਲਾਈ ਕਰਨ ਦਾ ਸਮਾਂ ਬੱਚੇ ਦੇ ਜਨਮ ਤੋਂ ਬਾਅਦ ਦੇ ਛੇ ਮਹੀਨੇ ਕਰ ਦਿੱਤਾ ਗਿਆ ਹੈ। ਸੌਂਦ ਨੇ ਦੱਸਿਆ ਕਿ ਜਿਹੜੇ ਮਨਰੇਗਾ ਵਰਕਰਾਂ ਨੇ 90 ਦਿਨ ਤੋਂ ਵੱਧ ਕੰਮ ਕੀਤਾ ਹੈ, ਉਨ੍ਹਾਂ ਨੂੰ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਬੋਰਡ ਨਾਲ ਰਜਿਸਟਰ ਹੋਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਤਾਂ ਜੋ ਉਹ ਬੋਰਡ ਅਧੀਨ ਦਿੱਤੇ ਜਾਣ ਵਾਲੇ ਸਾਰੇ ਲਾਭ ਲੈ ਸਕਣ। ਇਸ ਤੋਂ ਇਲਾਵਾ ਫਾਰਮ ਨੰਬਰ 27 ਜੋ ਕਿ ਕਿਰਤੀ ਵਲੋਂ ਰਜਿਸਟਰ ਹੋਣ ਵੇਲੇ ਦੇਣਾ ਹੁੰਦਾ ਹੈ, ਨੂੰ ਹੋਰ ਆਸਾਨ ਕਰ ਦਿੱਤਾ ਗਿਆ ਹੈ ਤਾਂ ਜੋ ਆਮ ਕਿਰਤੀ ਵੀ ਇਸ ਨੂੰ ਪੰਜਾਬੀ ਜਾਂ ਹਿੰਦੀ ਵਿੱਚ ਭਰ ਸਕੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Babita

Content Editor

Related News