ਜਲੰਧਰ ਵੈਸਟ ਹਲਕੇ ਦੀ ਵਾਰਡਬੰਦੀ ਹੁਣ ਹੋਵੇਗੀ ਦੋਬਾਰਾ, ਨਿਗਮ ਚੋਣਾਂ ’ਚ ਵੀ ਬਣਨਗੇ ਨਵੇਂ-ਨਵੇਂ ਸਮੀਕਰਨ
Thursday, Apr 06, 2023 - 12:18 PM (IST)
ਜਲੰਧਰ (ਖੁਰਾਣਾ)–ਆਮ ਆਦਮੀ ਪਾਰਟੀ ਨੇ ਬੁੱਧਵਾਰ ਵੈਸਟ ਵਿਧਾਨ ਸਭਾ ਹਲਕੇ ਵਿਚ ਵੱਡਾ ਉਲਟਫੇਰ ਕਰਦਿਆਂ ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਨੂੰ ਪਾਰਟੀ ਵਿਚ ਸ਼ਾਮਲ ਕਰਕੇ ਜਿੱਥੇ ਉਨ੍ਹਾਂ ਨੂੰ ਲੋਕ ਸਭਾ ਜ਼ਿਮਨੀ ਚੋਣ ਲਈ ਹਰੀ ਝੰਡੀ ਦੇ ਦਿੱਤੀ ਹੈ, ਉਥੇ ਹੀ ਮੰਨਿਆ ਜਾ ਰਿਹਾ ਹੈ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਮਗਰੋਂ ਨਿਗਮ ਚੋਣਾਂ ਵਿਚ ਵੀ ਹੁਣ ਨਵੇਂ-ਨਵੇਂ ਸਮੀਕਰਨ ਬਣਨ ਜਾ ਰਹੇ ਹਨ। ਫਿਲਹਾਲ ਨਿਗਮ ਚੋਣਾਂ ਦੀ ਗੱਲ ਕਰੀਏ ਤਾਂ ਜਲੰਧਰ ਨਿਗਮ ਦੀ ਵਾਰਡਬੰਦੀ ਲਗਭਗ ਤਿਆਰ ਹੈ, ਜਿਸ ਨੂੰ ਕੋਡ ਆਫ਼ ਕੰਡਕਟ ਖ਼ਤਮ ਹੋਣ ਤੋਂ ਬਾਅਦ ਡੀਲਿਮਿਟੇਸ਼ਨ ਬੋਰਡ ਦੀ ਬੈਠਕ ’ਚ ਪਾਸ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਨੋਟੀਫਿਕੇਸ਼ਨ ਕਰਕੇ ਚੋਣਾਂ ਕਰਵਾਈਆਂ ਜਾਣਗੀਆਂ। ਚਰਚਾ ਹੈ ਕਿ ਹੁਣ ਵੈਸਟ ਵਿਧਾਨ ਸਭਾ ਹਲਕੇ ਦੀ ਵਾਰਡਬੰਦੀ ਦੋਬਾਰਾ ਹੋ ਸਕਦੀ ਹੈ ਕਿਉਂਕਿ ‘ਆਪ’ ਵਿਚ ਸ਼ਾਮਲ ਹੋਏ ਸੁਸ਼ੀਲ ਰਿੰਕੂ ਦੇ ਹਿਸਾਬ ਨਾਲ ਵੀ ਕਈ ਵਾਰਡਾਂ ਨੂੰ ਐਡਜਸਟ ਕਰਨ ਦੀ ਲੋੜ ਪਵੇਗੀ। ਖ਼ਾਸ ਗੱਲ ਇਹ ਹੈ ਕਿ ਇਸ ਵਾਰ ਜਲੰਧਰ ਨਿਗਮ ਦੇ ਅਧਿਕਾਰੀਆਂ ਨੇ ਵਾਰਡਬੰਦੀ ਦਾ ਜੋ ਸਰੂਪ ਤਿਆਰ ਕੀਤਾ ਹੈ, ਉਸ ਵਿਚ ਆਮ ਆਦਮੀ ਪਾਰਟੀ ਦੇ ਨੇਤਾਵਾਂ ਦੀ ਹੀ ਭੂਮਿਕਾ ਰਹੀ ਹੈ ਅਤੇ ਕਾਂਗਰਸ ਦੇ ਕਿਸੇ ਨੇਤਾ ਨੂੰ ਵਾਰਡਬੰਦੀ ਦੇ ਨਵੇਂ ਨਕਸ਼ੇ ਦੇ ਨੇੜੇ ਵੀ ਨਹੀਂ ਆਉਣ ਦਿੱਤਾ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਸਸਤੀ ਹੋਈ ਬੀਅਰ, ਅੱਜ ਤੋਂ ਲਾਗੂ ਹੋਈਆਂ ਨਵੀਆਂ ਕੀਮਤਾਂ
ਅੱਜ ਤੱਕ ਵਾਰਡਬੰਦੀ ਦੀ ਕੋਈ ਡਿਟੇਲ ਬਾਹਰ ਨਹੀਂ ਆਈ ਅਤੇ ਕਿਆਸ ਹੀ ਲਗਾਏ ਜਾ ਰਹੇ ਹਨ ਕਿ ਫਲਾਣਾ ਵਾਰਡ ਕੱਟ ਕੇ ਦੂਜੇ ਵਾਰਡ ਵਿਚ ਮਿਲਾ ਦਿੱਤਾ ਗਿਆ ਹੈ। ਸੁਸ਼ੀਲ ਰਿੰਕੂ ਦੇ ‘ਆਪ’ ਵਿਚ ਆਉਣ ਨਾਲ ਹੁਣ ਰਿੰਕੂ ਦੇ ਸਮਰਥਕਾਂ ਨੂੰ ਨਿਗਮ ਚੋਣਾਂ ਵਿਚ ਐਡਜਸਟ ਕਰਨਾ ਵੀ ਆਮ ਆਦਮੀ ਪਾਰਟੀ ਲਈ ਇਕ ਬਹੁਤ ਵੱਡੀ ਚੁਣੌਤੀ ਹੋਵੇਗੀ ਪਰ ਪਾਰਟੀ ਲੀਡਰਸ਼ਿਪ ਦਾ ਸਾਰਾ ਧਿਆਨ ਇਸ ਸਮੇਂ ਲੋਕ ਸਭਾ ਜ਼ਿਮਨੀ ਚੋਣ ’ਤੇ ਹੀ ਟਿਕਿਆ ਹੋਇਆ ਹੈ, ਜਿਸ ਨੂੰ ਵਿਰੋਧੀ ਪਾਰਟੀਆਂ ਨੇ ਵੀ ਵੱਕਾਰ ਦਾ ਸਵਾਲ ਬਣਾਇਆ ਹੋਇਆ ਹੈ।
4 ਟੁਕੜਿਆਂ ’ਚ ਵੰਡ ਦਿੱਤਾ ਗਿਆ ਹੈ ਸੁਸ਼ੀਲ ਰਿੰਕੂ ਦੀ ਪਤਨੀ ਦਾ ਵਾਰਡ
ਸਾਬਕਾ ਵਿਧਾਇਕ ਸੁਸ਼ੀਲ ਰਿੰਕੂ ਦੀ ਧਰਮਪਤਨੀ ਡਾ. ਸੁਨੀਤਾ ਰਿੰਕੂ ਪਿਛਲੇ ਨਿਗਮ ਹਾਊਸ ਵਿਚ ਕੌਂਸਲਰ ਸੀ ਅਤੇ ਬਸਤੀ ਦਾਨਿਸ਼ਮੰਦਾਂ ਦੀ ਪ੍ਰਤੀਨਿਧਤਾ ਕਰਦੀ ਸੀ। ਇਸ ਵਾਰ ਕੁਝ ਮਹੀਨੇ ਪਹਿਲਾਂ ਅੰਗੁਰਾਲ ਪਰਿਵਾਰ ਦੀ ਦਖ਼ਲਅੰਦਾਜ਼ੀ ਨਾਲ ਜਲੰਧਰ ਨਿਗਮ ਦੀ ਜੋ ਨਵੀਂ ਵਾਰਡਬੰਦੀ ਹੋਈ, ਉਸ ਵਿਚ ਸਭ ਤੋਂ ਜ਼ਿਆਦਾ ਫੋਕਸ ਸੁਨੀਤਾ ਰਿੰਕੂ ਦੇ ਵਾਰਡ ’ਤੇ ਹੀ ਕੀਤਾ ਗਿਆ ਅਤੇ ਇਕ ਸੂਚਨਾ ਮੁਤਾਬਕ ਉਸ ਵਾਰਡ ਨੂੰ 4 ਹਿੱਸਿਆਂ ਵਿਚ ਵੰਡ ਕੇ ਬਿਲਕੁਲ ਹੀ ਖ਼ਤਮ ਕਰ ਦਿੱਤਾ ਗਿਆ।
ਅਜਿਹਾ ਹੀ ਹਸ਼ਰ ਸੁਸ਼ੀਲ ਰਿੰਕੂ ਦੇ ਹੋਰ ਸਮਰਥਕ ਕਾਂਗਰਸੀ ਕੌਂਸਲਰ ਅਹੁਦੇ ਦੇ ਉਮੀਦਵਾਰਾਂ ਦੇ ਵਾਰਡਾਂ ਨਾਲ ਹੋਇਆ। ਹੁਣ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਵਿਚ ਸੁਸ਼ੀਲ ਰਿੰਕੂ ਦਾ ਗਲਬਾ ਬਣ ਸਕਦਾ ਹੈ, ਉਸ ਤੋਂ ਮੰਨਿਆ ਜਾ ਰਿਹਾ ਹੈ ਕਿ ਨਾ ਸਿਰਫ਼ ਡਾ. ਸੁਨੀਤਾ ਰਿੰਕੂ ਦਾ ਵਾਰਡ, ਸਗੋਂ ਵੈਸਟ ਵਿਧਾਨ ਸਭਾ ਦੇ ਹੋਰ ਵਾਰਡਾਂ ਦੀਆਂ ਹੱਦਾਂ ਵੀ ਤਬਦੀਲ ਹੋਣਗੀਆਂ ਅਤੇ ਨਿਗਮ ਚੋਣਾਂ ਵਿਚ ਟਿਕਟਾਂ ਵੰਡਣ ਵਿਚ ਵੀ ਰਿੰਕੂ ਦੀ ਭੂਮਿਕਾ ਅਹਿਮ ਰਹਿ ਸਕਦੀ ਹੈ। ਫਿਲਹਾਲ ਇਹ ਸਾਰਾ ਸਮੀਕਰਨ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜਿਆਂ ’ਤੇ ਵੀ ਨਿਰਭਰ ਕਰਦਾ ਹੈ।
ਇਹ ਵੀ ਪੜ੍ਹੋ : ਗਰਮਾਈ ਜਲੰਧਰ 'ਚ ਸਿਆਸਤ: ਸੁਸ਼ੀਲ ਰਿੰਕੂ ਦੀ ‘ਆਪ’ ’ਚ ਐਂਟਰੀ ਨਾਲ ਬਦਲੇ ਸਿਆਸੀ ਸਮੀਕਰਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।