ਕਟਾਸਰਾਜ ਦੀ ਯਾਤਰਾ ’ਤੇ ਅੱਜ ਵਾਹਗਾ ਬਾਰਡਰ ਤੋਂ ਰਵਾਨਾ ਹੋਵੇਗਾ ਯਾਤਰੀਆਂ ਦਾ ਜਥਾ

12/13/2019 10:42:05 AM

ਜਲੰਧਰ (ਧਵਨ) – ਕਟਾਸਰਾਜ (ਪਾਕਿਸਤਾਨ) ਦੀ ਯਾਤਰਾ ’ਤੇ ਹਿੰਦੂ ਤੀਰਥ ਯਾਤਰੀਆਂ ਦਾ ਜਥਾ 13 ਦਸੰਬਰ ਨੂੰ ਰਵਾਨਾ ਹੋਵੇਗਾ। ਕੇਂਦਰੀ ਸਨਾਤਨ ਧਰਮ ਸਭਾ ਉੱਤਰੀ ਭਾਰਤ ਦੇ ਪ੍ਰਧਾਨ ਸ਼ਿਵ ਪ੍ਰਤਾਪ ਬਜਾਜ ਦੀ ਅਗਵਾਈ ’ਚ ਪਾਕਿ ਜਾ ਰਹੇ ਜਥੇ ਦੇ ਮੈਂਬਰਾਂ ਨੂੰ ਅੱਜ ਸ਼੍ਰੀ ਅਵਿਨਾਸ਼ ਚੋਪੜਾ ਨੇ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਮੌਕੇ ਕੇਂਦਰੀ ਸਨਾਤਨ ਧਰਮ ਸਭਾ ਨੇ ਸ਼੍ਰੀ ਅਵਿਨਾਸ਼ ਚੋਪੜਾ ਜੀ ਨੂੰ ਫੁੱਲਾਂ ਦਾ ਗੁਲਦਸਤਾ ਤੇ ਦੁਸ਼ਾਲਾ ਦੇ ਕੇ ਉਨ੍ਹਾਂ ਦਾ ਸਨਮਾਨ ਕੀਤਾ। ਜਥੇ ਦੇ ਮੈਂਬਰਾਂ ਨੇ ਇਸ ਮੌਕੇ ਅਮਰ ਸ਼ਹੀਦ ਲਾਲਾ ਜਗਤ ਨਾਰਾਇਣ ਦੀ ਤਸਵੀਰ ’ਤੇ ਫੁੱਲਾਂ ਦੇ ਹਾਰ ਪਾ ਕੇ ਸ਼ਰਧਾ ਦੇ ਫੁੱਲ ਭੇਟ ਕੀਤੇ। ਜਥੇ ਦੇ ਪ੍ਰਮੁੱਖ ਮੈਂਬਰ ਕ੍ਰਿਸ਼ਨ ਲਾਲ, ਰਾਜ ਕਪੂਰ, ਪ੍ਰੇਮ ਨਾਥ ਨਾਰੰਗ ਤੇ ਆਸ਼ੂ ਬਾਲਾ ਵੀ ਇਸ ਮੌਕੇ ਮੌਜੂਦ ਸਨ।

ਇਸ ਮੌਕੇ ਸ਼ਿਵਪ੍ਰਤਾਪ ਬਜਾਜ ਨੇ ਕਿਹਾ ਕਿ ਪਾਕਿ ਦੂਤਘਰ ਨੇ ਇਸ ਵਾਰ ਵੀਜ਼ੇ ਦੇਰੀ ਨਾਲ ਜਾਰੀ ਕੀਤੇ ਹਨ। ਯਾਤਰਾ ਤੋਂ ਇਕ ਦਿਨ ਪਹਿਲਾਂ ਵੀਜ਼ੇ ਪਹੁੰਚੇ ਹਨ, ਜਦੋਂਕਿ ਇਸ ਤੋਂ ਪਹਿਲਾਂ ਕਾਫੀ ਸਮਾਂ ਪਹਿਲਾਂ ਵੀਜ਼ੇ ਪਹੁੰਚ ਜਾਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਪਾਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਇਸ ਸਬੰਧ ’ਚ ਭਾਰਤ ਸਥਿਤ ਪਾਕਿ ਦੂਤਘਰ ਨੂੰ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਲੋੜ ਹੈ। ਬਜਾਜ ਨੇ ਕਿਹਾ ਕਿ ਕਟਾਸਰਾਜ ਸਥਿਤ ਪਵਿੱਤਰ ਅਮਰਕੁੰਡ ’ਚ ਜਲ ਦੀ ਸਥਿਤੀ ਨੂੰ ਲੈ ਕੇ ਪਾਕਿ ਸਰਕਾਰ ਤੇ ਵਕਫ ਬੋਰਡ ਨੂੰ ਜ਼ਰੂਰੀ ਕਦਮ ਚੁੱਕਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਧਰਤੀ ’ਤੇ 2 ਪਵਿੱਤਰ ਅਮਰਕੁੰਡ ਮੰਨੇ ਜਾਂਦੇ ਹਨ। ਇਕ ਪੁਸ਼ਕਰ ਰਾਜ ਤੀਰਥ ਸਥਾਨ ’ਤੇ ਸਥਿਤ ਹੈ ਤੇ ਦੂਜਾ ਕਟਾਸਰਾਜ ’ਤੇ।

ਬਜਾਜ ਨੇ ਕਿਹਾ ਕਿ ਕਟਾਸਰਾਜ ਸਥਿਤ ਪਵਿੱਤਰ ਅਮਰ ਕੁੰਡ ’ਚ ਜਲ ਦੀ ਮਾਤਰਾ ਲਗਾਤਾਰ ਘਟਦੀ ਜਾ ਰਹੀ ਹੈ। ਇਸ ਦਾ ਮੁੱਖ ਕਾਰਨ ਆਲੇ-ਦੁਆਲੇ ਕਈ ਫੈਕਟਰੀਆਂ ਬਣ ਚੁੱਕੀਆਂ ਹਨ। ਪਾਕਿ ਦੇ ਸੁਪਰੀਮ ਕੋਰਟ ਨੇ ਇਨ੍ਹਾਂ ਫੈਕਟਰੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਪਰ ਫਿਰ ਇਹ ਫੈਕਟਰੀਆਂ ਲਗਾਤਾਰ ਚੱਲ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਾਕਿ ਦੇ ਰੈਵੇਨਿਊ ਰਿਕਾਰਡ ਅਨੁਸਾਰ ਕਟਾਸਰਾਜ ਦੇ ਨੇੜੇ 192 ਮੰਦਰ ਹੁੰਦੇ ਸਨ, ਜਿਨ੍ਹਾਂ ਦੀ ਗਿਣਤੀ ਹੁਣ ਘਟ ਕੇ 35 ਤੋਂ 40 ਰਹਿ ਗਈ ਹੈ। ਉਨ੍ਹਾਂ ਕਿਹਾ ਕਿ ਕਟਾਸਰਾਜ ਮੰਦਰ ਦੇ ਸੁੰਦਰੀਕਰਨ ਨੂੰ ਲੈ ਕੇ ਕਦਮ ਚੁੱਕਣ ਦੀ ਲੋੜ ਹੈ। ਹਿੰਦੂਆਂ ਦੀ ਆਸਥਾ ਇਸ ਪਵਿੱਤਰ ਮੰਦਰ ਨਾਲ ਜੁੜੀ ਹੋਈ ਹੈ ਤੇ ਇਸ ਨੂੰ ਦੇਖਦਿਆਂ ਪਾਕਿਸਤਾਨ ਸਰਕਾਰ ਨੂੰ ਇਸ ਨੂੰ ਹੋਰ ਸ਼ਾਨਦਾਰ ਰੂਪ ਦੇਣਾ ਚਾਹੀਦਾ ਹੈ। ਕਟਾਸਰਾਜ ਮੰਦਰ ਨੂੰ ਹੋਰ ਸ਼ਾਨਦਾਰ ਰੂਪ ਦੇਣ ਦੀਆਂ ਕੋਸ਼ਿਸ਼ਾਂ ਲਗਾਤਾਰ ਚੱਲ ਰਹੀਆਂ ਹਨ। ਪਾਕਿ ’ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਮੇਂ ਪਵਿੱਤਰ ਅਮਰ ਕੁੰਡ ’ਚ ਵਾਟਰ ਪਿਊਰੀਫਾਇਰ ਲਾਇਆ ਗਿਆ ਸੀ। ਉਨ੍ਹਾਂ ਮੰਗ ਕੀਤੀ ਕਿ ਭਾਰਤ ਤੋਂ ਜਾਣ ਵਾਲੇ ਸ਼ਰਧਾਲੂਆਂ ਲਈ ਰਿਹਾਇਸ਼ੀ ਸਥਾਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਗਰਵਾਲ ਧਰਮਸ਼ਾਲਾ ਬਣੀ ਹੈ ਪਰ ਉਸ ਦੇ ਨਾਲ ਹੀ ਅਨੇਕਾਂ ਕਬਜ਼ੇ ਹੋ ਚੁੱਕੇ ਹਨ। ਪਾਕਿਸਤਾਨ ਵਕਫ ਬੋਰਡ ਨੂੰ ਹਿੰਦੂਆਂ ਦੇ ਤੀਰਥ ਅਸਥਾਨਾਂ ਦੇ ਆਲੇ-ਦੁਆਲੇ ਹੋਣ ਵਾਲੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣਾ ਚਾਹੀਦਾ ਹੈ। ਹਿੰਦੂ ਤੀਰਥ ਯਾਤਰੀਆਂ ਦਾ ਜਥਾ ਲਾਹੌਰ ਵਿਚ ਭਗਵਾਨ ਲਵ ਦੀ ਸਮਾਧੀ ’ਤੇ ਵੀ ਜਾਵੇਗਾ ਤੇ ਉਥੇ ਫੁੱਲ ਭੇਟ ਕੀਤੇ ਜਾਣਗੇ।


rajwinder kaur

Content Editor

Related News