ਪੁਰਾਣੇ ਸਮਿਆਂ ''ਚ ਡੱਬਿਆਂ ''ਚ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਸੀ, ਉਸੇ ''ਚ ਵੋਟ ਪਾਉਂਦੇ ਸੀ ਲੋਕ

Monday, Mar 18, 2024 - 11:59 AM (IST)

ਪੁਰਾਣੇ ਸਮਿਆਂ ''ਚ ਡੱਬਿਆਂ ''ਚ ਉਮੀਦਵਾਰਾਂ ਦੇ ਨਾਂ ਲਿਖੇ ਹੁੰਦੇ ਸੀ, ਉਸੇ ''ਚ ਵੋਟ ਪਾਉਂਦੇ ਸੀ ਲੋਕ

ਲੁਧਿਆਣਾ : ਇਕ ਸਮਾਂ ਅਜਿਹਾ ਸੀ, ਜਦੋਂ ਚੋਣਾਂ ਵੇਲੇ ਟੇਬਲਾਂ 'ਤੇ ਉਮੀਦਵਾਰਾਂ ਦੇ ਨਾਂ ਵਾਲੇ ਡੱਬੇ ਹੁੰਦੇ ਸਨ ਅਤੇ ਉਨ੍ਹਾਂ 'ਚ ਪਰਚੀ ਪਾਉਣੀ ਹੁੰਦੀ ਸੀ ਪਰ ਹੁਣ ਸਮਾਂ ਬਹੁਤ ਬਦਲ ਚੁੱਕਾ ਹੈ ਅਤੇ ਈ. ਵੀ. ਐੱਮ. ਦਾ ਜ਼ਮਾਨਾ ਆ ਗਿਆ ਹੈ। ਆਜ਼ਾਦੀ ਤੋਂ ਬਾਅਦ 1962 'ਚ ਪਹਿਲੀ ਵਾਰ ਵੋਟ ਪਾਉਣ ਵਾਲੇ 82 ਸਾਲਾ ਕਾਰੋਬਾਰੀ ਜਸਵੰਤ ਸਿੰਘ ਦੱਸਦੇ ਹਨ ਕਿ ਉਸ ਸਮੇਂ ਉਨ੍ਹਾਂ ਨੂੰ ਇਕ ਹੀ ਪਰਚੀ ਦਿੱਤੀ ਜਾਂਦੀ ਸੀ। ਜੇਕਰ 5 ਉਮੀਦਵਾਰ ਮੈਦਾਨ 'ਚ ਹੁੰਦੇ ਸਨ ਤਾਂ ਉਨ੍ਹਾਂ ਦੇ ਨਾਂ ਦੇ ਡੱਬੇ ਰੱਖੇ ਹੁੰਦੇ ਸਨ।

ਉਨ੍ਹਾਂ ਡੱਬਿਆਂ 'ਚ ਆਪਣੇ ਪਸੰਦ ਦਾ ਉਮੀਦਵਾਰ ਦੇਖ ਕੇ ਪਰਚੀ ਪਾਉਣੀ ਪੈਂਦੀ ਸੀ। ਕਈ ਲੋਕ ਤਾਂ ਪਰਚੀ ਪਾਉਣ ਤੋਂ ਬਾਅਦ ਮੱਥਾ ਤੱਕ ਵੀ ਟੇਕ ਦਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਵੇਲੇ 60 ਫ਼ੀਸਦੀ ਲੋਕਾਂ ਨੂੰ ਵੋਟਾਂ ਬਾਰੇ ਕੁੱਝ ਪਤਾ ਹੀ ਨਹੀਂ ਹੁੰਦਾ ਸੀ ਅਤੇ ਜਿਹੜੇ ਉਮੀਦਵਾਰਾਂ ਨਾਲ ਉਨ੍ਹਾਂ ਦੀ ਜਾਣ-ਪਛਾਣ ਹੁੰਦੀ ਸੀ, ਉਹ ਉਸ ਨੂੰ ਹੀ ਵੋਟ ਪਾ ਦਿੰਦੇ ਸਨ। 1970 ਤੋਂ ਬਾਅਦ ਵਿਧਾਨ ਸਭਾ ਚੋਣਾਂ 'ਚ ਜਲਸੇ ਹੋਣੇ ਸ਼ੁਰੂ ਹੋ ਗਏ ਸਨ। ਉਸ ਸਮੇਂ ਲੋਕਾਂ ਨੂੰ ਪੋਲਿੰਗ ਏਜੰਟ ਦੀ ਅਹਿਮੀਅਤ ਦਾ ਪਤਾ ਲੱਗਿਆ।

ਜਸਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਕਾਂਗਰਸ ਦੇ ਕਪੂਰ ਸਾਹਿਬ ਅਤੇ ਅਕਾਲੀ ਦਲ ਦੇ ਅਮਰਜੀਤ ਸਿੰਘ ਭਾਟੀਆ ਦੇ ਪੋਲਿੰਗ ਏਜੰਟ ਦੀ ਭੂਮਿਕਾ ਨਿਭਾਈ ਹੈ। ਉਸ ਵੇਲੇ ਆਗੂਆਂ 'ਚ ਕਿਸੇ ਤਰ੍ਹਾਂ ਦਾ ਵੈਰ ਨਹੀਂ ਹੁੰਦਾ ਸੀ। ਸਾਰੇ ਇਕੱਠੇ ਬੈਠ ਕੇ ਚਾਹ-ਨਾਸ਼ਤਾ ਕਰਦੇ ਸਨ। 1980 ਦੇ ਆਸ-ਪਾਸ ਮੋਹਰ ਲਾ ਕੇ ਵੋਟ ਪਾਉਣ ਦਾ ਰਿਵਾਜ਼ ਸ਼ੁਰੂ ਹੋਇਆ। ਉਸ ਸਮੇਂ ਵੀ ਠੱਗੀ ਹੁੰਦੀ ਸੀ ਪਰ ਜ਼ਿਆਦਾਤਰ ਲੋਕਾਂ ਨੂੰ ਇਸ ਬਾਰੇ ਪਤਾ ਨਹੀਂ ਸੀ।

ਜਸਵੰਤ ਸਿੰਘ ਦੱਸਦੇ ਹਨ ਕਿ ਉਸ ਵੇਲੇ ਬਿਰਾਦਰੀ ਅਤੇ ਭਾਈਚਾਰੇ ਤੋਂ ਜ਼ਿਆਦਾ ਵੋਟਾਂ ਮਿਲਦੀਆਂ ਸਨ। ਆਟਾ-ਦਾਰੂ ਨਾਂ ਦੇ ਬਰਾਬਰ ਵੰਡੀ ਜਾਂਦੀ ਸੀ ਅਤੇ ਉਮੀਦਵਾਰ ਜ਼ਿਆਦਾ ਖ਼ਰਚਾ ਵੀ ਨਹੀਂ ਕਰਦੇ ਸਨ ਪਰ ਅੱਜ ਦੇ ਜ਼ਮਾਨੇ 'ਚ ਜਿੱਥੇ ਲੋਕਾਂ ਨੂੰ ਪੂਰੀ ਸਮਝ ਹੈ, ਉੱਥੇ ਹੀ ਉਮੀਦਵਾਰ ਵੀ ਵੋਟਰਾਂ ਨੂੰ ਲੁਭਾਉਣ ਲਈ ਤਰ੍ਹਾਂ-ਤਰ੍ਹਾਂ ਦੇ ਹੱਥਕੰਡੇ ਅਪਣਾ ਰਹੇ ਹਨ।


author

Babita

Content Editor

Related News