''ਹੌਟ ਸੀਟ'' ਬਣੇ ਜਲੰਧਰ ਵੈਸਟ ਹਲਕੇ ਨੇ ਉਮੀਦਵਾਰਾਂ ਦੇ ਛੁਡਾਏ ਪਸੀਨੇ, ਫ਼ਿਰ ਵੀ 9 ਫ਼ੀਸਦੀ ਘੱਟ ਹੋਈ ਵੋਟਿੰਗ
Thursday, Jul 11, 2024 - 04:44 AM (IST)
ਜਲੰਧਰ (ਚੋਪੜਾ)– ਪਿਛਲੇ ਮਹੀਨੇ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ ਵਿਚ 'ਹੌਟ ਸੀਟ' ਬਣੇ ਰਹੇ ਜਲੰਧਰ ਵੈਸਟ ਵਿਧਾਨ ਸਭਾ ਦੀ ਉਪ ਚੋਣ ਵਿਚ ਹੋਈ ਵੋਟਿੰਗ ਤੋਂ ਬਾਅਦ ਪਈਆਂ ਵੋਟਾਂ ਦੀ ਫੀਸਦੀ ਨੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਦਿੱਗਜਾਂ ਦੇ ਨਾਲ-ਨਾਲ ਉਮੀਦਵਾਰਾਂ ਦੇ ਵੀ ਪਸੀਨੇ ਛੁਡਾ ਦਿੱਤੇ ਹਨ। ਪਿਛਲੇ ਲੱਗਭਗ 15 ਦਿਨਾਂ ਤੋਂ ਹਲਕੇ ਵਿਚ ਸਾਰੀਆਂ ਸਿਆਸੀ ਪਾਰਟੀਆਂ ਵੱਲੋਂ ਕੀਤੇ ਜਾ ਰਹੇ ਧੂੰਆਂਧਾਰ ਚੋਣ ਪ੍ਰਚਾਰ ਦੇ ਬਾਵਜੂਦ ਵੋਟਰਾਂ ਨੇ ਵੋਟ ਪਾਉਣ ਵਿਚ ਕੋਈ ਖਾਸ ਰੁਚੀ ਨਹੀਂ ਦਿਖਾਈ ਅਤੇ ਵੋਟਿੰਗ ਸਿਰਫ 54.98 ਫੀਸਦੀ ਤਕ ਸਿਮਟ ਕੇ ਰਹਿ ਗਈ ਹੈ।
ਹਾਲਾਂਕਿ ਪਿਛਲੀ 1 ਜੂਨ ਨੂੰ ਸੰਪੰਨ ਹੋਈਆਂ ਲੋਕ ਸਭਾ ਚੋਣਾਂ ਵਿਚ ਵੈਸਟ ਹਲਕੇ ਵਿਚ ਸਭ ਤੋਂ ਜ਼ਿਆਦਾ 64 ਫੀਸਦੀ ਵੋਟਿੰਗ ਹੋਈ ਸੀ। ਸਿਰਫ 40 ਦਿਨਾਂ ਵਿਚ ਹੀ ਵੋਟਿੰਗ ਕਰਨ ਨੂੰ ਲੈ ਕੇ ਹਲਕੇ ਦੇ ਵੋਟਰਾਂ ਦਾ ਰੁਝਾਨ ਇਸ ਕਦਰ ਬਦਲ ਗਿਆ ਕਿ ਵਿਧਾਨ ਸਭਾ ਉਪ ਚੋਣ ਦੀ ਵੋਟਿੰਗ ਲੋਕ ਸਭਾ ਚੋਣਾਂ ਦੇ ਮੁਕਾਬਲੇ 9.0 ਫੀਸਦੀ ਤਕ ਪਿਛੜ ਗਈ ਹੈ।
ਹੁਣ ਸਾਰੇ ਸਿਆਸੀ ਪਾਰਟੀਆਂ ਦੇ ਉਮੀਦਵਾਰਾਂ ਦੀ ਅਗਲੇ 3 ਦਿਨਾਂ ਤਕ ਦਿਲ ਦੀ ਧੜਕਣ ਵਧੀ ਰਹੇਗੀ ਕਿ ਆਖਿਰ ਘੱਟ ਵੋਟਿੰਗ ਦਾ ਉਨ੍ਹਾਂ ਨੂੰ ਲਾਭ ਮਿਲੇਗਾ ਜਾਂ ਉਨ੍ਹਾਂ ਲਈ ਨੁਕਸਾਨਦਾਇਕ ਸਾਬਿਤ ਹੋਵੇਗੀ। ਇੰਨਾ ਹੀ ਨਹੀਂ, ਫਰਵਰੀ 2024 ਵਿਚ ਹੋਈ ਲੋਕ ਸਭਾ ਉਪ ਚੋਣ ਵਿਚ ਵੈਸਟ ਹਲਕੇ ਵਿਚ 56.4 ਫੀਸਦੀ ਵੋਟਿੰਗ ਹੋਈ ਸੀ ਅਤੇ ਇਸ ਚੋਣ ਵਿਚ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ ਜਿੱਤ ਹਾਸਲ ਕੀਤੀ ਸੀ।
ਇਹ ਵੀ ਪੜ੍ਹੋ- ਰਿਸ਼ਵਤ ਲੈਣ ਦੇ ਮਾਮਲੇ 'ਚ ਫ਼ਰਾਰ ਚੱਲ ਰਹੇ ASI ਨੇ ਥਾਣੇ 'ਚ ਫੜਾਈ ਰਿਸ਼ਵਤ ਦੀ ਰਕਮ, ਫ਼ਿਰ ਨਿਗਲ਼ ਲਈ ਸਲਫ਼ਾਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਿਛਲੇ 2 ਹਫਤਿਆਂ ਤੋਂ ਆਪਣੇ ਪਰਿਵਾਰ, ਕੈਬਨਿਟ ਮੰਤਰੀਆਂ ਅਤੇ ਵਿਧਾਇਕਾਂ ਅਤੇ ਪਾਰਟੀ ਨੇਤਾਵਾਂ ਨਾਲ ਹਲਕੇ ਵਿਚ ਉਮੀਦਵਾਰ ਮਹਿੰਦਰ ਭਗਤ ਦੇ ਚੋਣ ਪ੍ਰਚਾਰ ਲਈ ਡਟੇ ਰਹੇ, ਉਥੇ ਹੀ ਕਾਂਗਰਸ ਵੱਲੋਂ ਉਮੀਦਵਾਰ ਅਤੇ ਨਗਰ ਨਿਗਮ ਦੀ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਦੇ ਸਮਰਥਨ ਵਿਚ ਚੋਣ ਪ੍ਰਚਾਰ ਨੂੰ ਲੈ ਕੇ ਸੂਬਾ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਕਈ ਸੀਨੀਅਰ ਨੇਤਾਵਾਂ ਨੇ ਚੋਣ ਪ੍ਰਚਾਰ ਦੇ ਅੰਤ ਸਮੇਂ ਤਕ ਹਲਕੇ ਵਿਚ ਆਪਣਾ ਡੇਰਾ ਲਗਾਈ ਰੱਖਿਆ। ਉਥੇ ਹੀ ਭਾਜਪਾ ਉਮੀਦਵਾਰ ਸ਼ੀਤਲ ਅੰਗੁਰਾਲ ਦੇ ਪੱਖ ਵਿਚ ਸੂਬਾ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਅਨੇਕਾਂ ਮਹਾਰਥੀਆਂ ਨੇ ਦਿਨ-ਰਾਤ ਇਕ ਕੀਤਾ।
ਹੁਣ ਅੱਗੇ ਵਿਧਾਨ ਸਭਾ ਉਪ ਚੋਣ ਆਮ ਆਦਮੀ ਪਾਰਟੀ ਲਈ ਸਭ ਤੋਂ ਵੱਡੀ ਚੁਣੌਤੀ ਸਾਬਿਤ ਹੋਵੇਗੀ ਕਿਉਂਕਿ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਸੱਤਾ ਧਿਰ ‘ਆਪ’ ਵਿਰੋਧੀ ਧਿਰ ਕਾਂਗਰਸ ਤੋਂ 28,765 ਵੋਟਾਂ ਦੇ ਵੱਡੇ ਫਰਕ ਨਾਲ ਪੱਛੜ ਗਈ ਸੀ। ਹੁਣ ‘ਆਪ’ ਲਈ ਇੰਨੇ ਵੱਡੇ ਫਰਕ ਤੋਂ ਪਾਰ ਪਾਉਣਾ ਅਤੇ ਜਿੱਤ ਲਈ ਬੜ੍ਹਤ ਬਣਾਉਣਾ ਇਕ ਵੱਡਾ ਚੈਲੇਂਜ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ- PSPCL ਦੇ ਸਹਾਇਕ ਲਾਈਨਮੈਨ ਨਾਲ ਹੋ ਗਈ ਅਣਹੋਣੀ, ਕੰਮ ਕਰਦੇ ਸਮੇਂ ਹੋਈ ਦਰਦਨਾਕ ਮੌਤ
ਹੁਣ ਆਮ ਆਦਮੀ ਪਾਰਟੀ ਇਸ ਚੈਲੇਂਜ ਨੂੰ ਕਿੰਨਾ ਅਚੀਵ ਕਰ ਪਾਉਂਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ ਪਰ ਭਾਜਪਾ ਲਈ ਲੋਕ ਸਭਾ ਚੋਣਾਂ ਵਿਚ ਮੋਦੀ ਲਹਿਰ ਦੇ ਬਾਵਜੂਦ ਸ਼ਹਿਰੀ ਹਲਕੇ ਤੋਂ ਪੱਛੜ ਜਾਣਾ ਚਿੰਤਾਜਨਕ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਲੋਕ ਸਭਾ ਚੋਣਾਂ ਦੌਰਾਨ ਹਾਸਲ ਹੋਏ ਵੋਟ ਬੈਂਕ ਨੂੰ ਭਾਜਪਾ ਬਚਾਉਂਦੇ ਹੋਏ ਜਿੱਤ ਹਾਸਲ ਕਰ ਸਕੇਗੀ ਜਾਂ ਨਹੀਂ।
ਉਪ ਚੋਣ ਵਿਚ ਪ੍ਰਚਾਰ ਦੇ ਇੰਨੇ ਵੱਡੇ ਤਾਮ-ਝਾਮ ਦੇ ਬਾਵਜੂਦ ਹਲਕੇ ਦੇ ਵੋਟਰਾਂ ਵੱਲੋਂ ਵੋਟਿੰਗ ਕਰਨ ਤੋਂ ਦੂਰੀ ਬਣਾਈ ਰੱਖਣਾ ਹਰੇਕ ਪਾਰਟੀ ਨੂੰ ਚੱਕਰ ਵਿਚ ਪਾ ਰਿਹਾ ਹੈ ਪਰ ਹੁਣ ਜਨਤਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਹੈ, ਜਿਸ ਕਾਰਨ ਸਾਰੇ ਉਮੀਦਵਾਰਾਂ ਨੂੰ ਘੱਟ ਵੋਟਿੰਗ ਨੂੰ ਲੈ ਕੇ ਆਪਣੇ ਅੰਕੜਿਆਂ ਦੀਆਂ ਗੋਟੀਆਂ ਫਿੱਟ ਕਰਨ ਵਿਚ 2 ਦਿਨ ਮਿਲ ਗਏ ਹਨ ਅਤੇ 13 ਜੁਲਾਈ ਨੂੰ ਵੋਟਿੰਗ ਮਸ਼ੀਨਾਂ ਦੇ ਖੁੱਲ੍ਹਣ ਤੋਂ ਬਾਅਦ ਹੀ ਨਤੀਜੇ ਸਾਹਮਣੇ ਆਉਣਗੇ ਕਿ ਆਖਿਰ ਕਿਸ ਉਮੀਦਵਾਰ ਦੇ ਪੱਖ ਵਿਚ ਗੋਟੀਆਂ ਫਿੱਟ ਬੈਠਦੀਆਂ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e