ਪ੍ਰਸ਼ਾਸਨ ਵੱਲੋਂ ਬਜ਼ੁਰਗ ਤੇ ਸਰੀਰਕ ਤੌਰ ਉੱਪਰ ਅਸਮਰੱਥ ਵੋਟਰਾਂ ਨੂੰ ਘਰ ਤੋਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ
Tuesday, May 28, 2024 - 05:21 PM (IST)
ਜਲੰਧਰ (ਬਿਊਰੋ) : ਚੋਣਾਂ ’ਚ ਹਰੇਕ ਵੋਟਰ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਣ ਦੇ ਮੰਤਵ ਨਾਲ ਜਲੰਧਰ ਪ੍ਰਸ਼ਾਸਨ ਨੇ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ’ਚ ਬਜ਼ੁਰਗ ਅਤੇ ਪੀ. ਡਬਲਯੂ. ਡੀ. ਵੋਟਰਾਂ ਵੱਲੋਂ ਘਰ ਤੋਂ ਆਪਣੀ ਵੋਟ ਪਾਉਣ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਕੁੱਲ 902 ਸਰੀਰਕ ਤੌਰ ਅਤੇ ਅਸਮਰੱਥ ਅਤੇ 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਵੱਲੋਂ ਬੈਲਟ ਪੇਪਰਾਂ ਰਾਹੀਂ ਘਰ ਤੋਂ ਵੋਟ ਪਾਉਣ ਲਈ ਆਪਣੀ ਸਹਿਮਤੀ (ਫਾਰਮ 12) ਜਮ੍ਹਾਂ ਕਰਵਾਏ ਗਏ , ਜਿਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਘਰ ਤੋਂ ਵੋਟਾਂ ਪਵਾਉਣ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ। ਉਨ੍ਹਾਂ ਅੱਗੇ ਦੱਸਿਆ ਕਿ ਚੋਣ ਅਮਲਾ ਉਨ੍ਹਾਂ ਦੀਆਂ ਬਰੂਹਾਂ ’ਤੇ ਪੋਸਟਲ ਬੈਲਟ ਲੈ ਕੇ ਪਹੁੰਚਿਆ ਤਾਂ ਜੋ ਉਹ ਭਾਰਤ ਚੋਣ ਕਮਿਸ਼ਨ ਵੱਲੋਂ ਨਿਰਧਾਰਤ ਪ੍ਰਕਿਰਿਆ ਅਨੁਸਾਰ ਆਪਣੀ ਵੋਟ ਪਾ ਸਕਣ। ਉਨ੍ਹਾਂ ਅੱਗੇ ਦੱਸਿਆ ਕਿ 85 ਸਾਲ ਤੋਂ ਵੱਧ ਉਮਰ ਦੇ ਕੁੱਲ 588 ਵੋਟਰਾਂ, 314 ਪੀ.ਡਬਲਯੂ.ਡੀ. ਵੋਟਰਾਂ ਅਤੇ 2 ਜ਼ਰੂਰੀ ਸੇਵਾਵਾਂ ਵਾਲੇ ਵੋਟਰਾਂ ਵੱਲੋਂ ਇਸ ਸਹੂਲਤ ਲਈ ਚੋਣ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਫਿਲੌਰ ਵਿਧਾਨ ਸਭਾ ਹਲਕੇ ਦੇ 85 ਸਾਲ ਤੋਂ ਵੱਧ ਉਮਰ ਦੇ ਕੁੱਲ 82 ਵੋਟਰਾਂ ਨੇ ਆਪਣੀ ਵੋਟ ਪੋਸਟਲ ਬੈਲਟ ਰਾਹੀਂ ਪਾਉਣ ਦੇ ਵਿਕਲਪ ਦੀ ਚੋਣ ਕੀਤੀ। ਜਦਕਿ ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣੀ ਅਤੇ ਆਦਮਪੁਰ ਹਲਕੇ ਦੇ ਕ੍ਰਮਵਾਰ 15,37,14,38, 128, 74, 161 ਅਤੇ 39 ਬਜ਼ੁਰਗ ਵੋਟਰਾਂ ਨੇ ਇਸ ਸਹੂਲਤ ਨੂੰ ਚੁਣਿਆ।
ਇਹ ਖ਼ਬਰ ਵੀ ਪੜ੍ਹੋ : ਪੁਲਸ ਮੁਖੀ ਨੇ ਨਹੀਂ ਦਿੱਤੀ ਸੁਰੱਖਿਆ ਨਾਲ ਪਏ ਵਿੱਤੀ ਬੋਝ ਦੀ ਰਿਪੋਰਟ, ਹਾਈਕੋਰਟ ਸਖ਼ਤ
ਇਸੇ ਤਰ੍ਹਾਂ ਫਿਲੌਰ ਵਿਖੇ 34 ਪੀ. ਡਬਲਯੂ. ਡੀ. ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਦੀ ਚੋਣ ਕੀਤੀ ਜਦਕਿ ਨਕੋਦਰ, ਸ਼ਾਹਕੋਟ, ਕਰਤਾਰਪੁਰ, ਜਲੰਧਰ ਪੱਛਮੀ, ਜਲੰਧਰ ਕੇਂਦਰੀ, ਜਲੰਧਰ ਉੱਤਰੀ, ਜਲੰਧਰ ਛਾਉਣ ਅਤੇ ਆਦਮਪੁਰ ਹਲਕੇ ਕ੍ਰਮਵਾਰ ’ਚ 9, 14, 5, 30, 18, 30, 150 ਅਤੇ 24 ਵੋਟਰਾਂ ਨੇ ਆਪਣੀ ਵੋਟ ਲਈ ਇਸ ਵਿਕਲਪ ਦੀ ਚੋਣ ਕੀਤੀ। ਡਿਪਟੀ ਕਮਿਸ਼ਨਰ ਨੇ ਦੁਹਰਾਇਆ ਕਿ ਲੋਕਤੰਤਰ ’ਚ ਹਰੇਕ ਵੋਟ ਵੱਡਮੁੱਲੀ ਹੈ, ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਚੋਣਾਂ ਦੌਰਾਨ ਵੋਟਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਪਾਬੰਦ ਹੈ। ਆਪਣਾ ਤਜਰਬਾ ਸਾਂਝਾਂ ਕਰਦਿਆਂ ਸਤਵੰਤ ਕੌਰ ਵਾਸੀ ਡਿਫੈਂਸ ਕਲੋਨੀ ਨੇ ਦੱਸਿਆ ਕਿ ਇਹ ਉਨ੍ਹਾਂ ਲਈ ਬੇਹੱਦ ਹੀ ਖ਼ਾਸ ਤਜਰਬਾ ਰਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰ ’ਚ ਹੀ ਉਨਾਂ ਵਲੋਂ ਵੋਟ ਪਾਉਣ ਲਈ ਸੁਚੱਜੇ ਇੰਤਜ਼ਾਮ ਕੀਤੇ ਗਏ। ਬੂਟਾ ਮੰਡੀ ਤੋਂ ਇਕ ਹੋਰ ਵੋਟਰ ਓਮ ਪ੍ਰਕਾਸ ਵਲੋਂ ਪ੍ਰਸ਼ਾਸਨ ਦੁਆਰਾ ਘਰ ਤੋਂ ਹੀ ਵੋਟ ਪਾਉਣ ਲਈ ਕੀਤੇ ਗਏ ਪ੍ਰਬੰਧਾਂ ਦੀ ਭਰਪੂਰ ਸ਼ਲਾਘਾ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਿਹਤ ਸਮੱਸਿਆਵਾਂ ਹੋਣ ਕਰਕੇ ਉਹ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣ ਦੇ ਅਸਮਰਥ ਸੀ, ਉਨ੍ਹਾਂ ਵਲੋਂ ਖੁਸ਼ੀ ਜਾਹਿਰ ਕੀਤੀ ਗਈ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਘਰ ਤੋਂ ਹੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦੇ ਯੋਗ ਬਣਾਇਆ ਗਿਆ। 90 ਸਾਲਾ ਵੋਟਰ ਬਿਮਲਾ ਰਾਣੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਉਸ ਵਲੋਂ ਘਰ ਤੋਂ ਹੀ ਵੋਟ ਪਾਉਣ ਲਈ ਪੁਖ਼ਤਾ ਇੰਤਜਾਮ ਕੀਤੇ ਗਏ ਹਨ ਕਿਉਂਕਿ ਕੜਾਕੇ ਦੀ ਗਰਮੀ ਕਰਕੇ ਉਸ ਵਲੋਂ ਪੋਲਿੰਗ ਬੂਥ ’ਤੇ ਜਾ ਕੇ ਵੋਟ ਪਾਉਣਾ ਮੁਸ਼ਕਿਲ ਸੀ।
ਇਹ ਖ਼ਬਰ ਵੀ ਪੜ੍ਹੋ : ਬੀਬੀ ਜਗੀਰ ਕੌਰ ਵਾਲੇ ਮਸਲੇ ’ਤੇ ਖੁੱਲ੍ਹ ਕੇ ਬੋਲੇ ਚਰਨਜੀਤ ਸਿੰਘ ਚੰਨੀ
‘ਜਗ ਬਾਣੀ’ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8