ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ

Monday, Jun 17, 2024 - 06:29 PM (IST)

ਜਲੰਧਰ ਜ਼ਿਮਨੀ ਚੋਣ ’ਚ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ’ਚ ਬਗਾਵਤ ਦੀ ਸੰਭਾਵਨਾ, ਕਾਂਗਰਸ ਕਰਨ ਲੱਗੀ ਮੰਥਨ

ਜਲੰਧਰ (ਚੋਪੜਾ)-ਵਿਧਾਨ ਸਭਾ ਹਲਕਾ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਨੂੰ ਲੈ ਕੇ ਕਾਂਗਰਸ ਪਾਰਟੀ ਵੱਲੋਂ ਟਿਕਟ ਦੇ ਦਾਅਵੇਦਾਰਾਂ ਦੀ ਫ਼ੌਜ ਵਿਚ ਬਗਾਵਤ ਦੀ ਸੰਭਾਵਨਾ ਤੋਂ ਖੌਫਜ਼ਦਾ ਸੀਨੀਅਰ ਆਗੂ ਲਗਾਤਾਰ ਮੰਥਨ ਵਿਚ ਜੁਟੇ ਹੋਏ ਹਨ ਅਤੇ ਦਾਅਵੇਦਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਪੱਖ ਸੁਣ ਰਹੇ ਹਨ ਤਾਂ ਕਿ ਉਨ੍ਹਾਂ ਵਿਚ ਭਰੋਸਾ ਕਾਇਮ ਕੀਤਾ ਜਾ ਸਕੇ ਕਿ ਪਾਰਟੀ ਨੇ ਸਾਰਿਆਂ ਦੀ ਗੱਲ ਸੁਣ ਕੇ ਹੀ ਅੰਤਿਮ ਪੈਨਲ ਹਾਈਕਮਾਨ ਨੂੰ ਭੇਜਣਾ ਹੈ, ਜਿਨ੍ਹਾਂ ਵਿਚੋਂ ਇਕ ਖ਼ੁਸ਼ਕਿਸਮਤ ਹੀ ਉਮੀਦਵਾਰ ਬਣੇਗਾ।

ਇਸੇ ਲੜੀ ਤਹਿਤ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਅਤੇ ਜ਼ਿਲ੍ਹਾ ਕਾਂਗਰਸ ਸ਼ਹਿਰੀ ਦੇ ਪ੍ਰਧਾਨ ਰਜਿੰਦਰ ਬੇਰੀ ਨੇ ਹੱਥ ਖੜ੍ਹੇ ਕਰਦੇ ਹੋਏ ਟਿਕਟ ਦੀ ਗੇਂਦ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਅਤੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਰਾਜਾ ਵੜਿੰਗ ਦੇ ਪਾਲੇ ਵਿਚ ਪਾ ਦਿੱਤੀ ਹੈ। ਬੀਤੇ ਦਿਨ ਦੇਵੇਂਦਰ ਯਾਦਵ ਅਤੇ ਰਾਜਾ ਵੜਿੰਗ ਜੀ. ਟੀ. ਰੋਡ ’ਤੇ ਸਥਿਤ ਇਕ ਹੋਟਲ ਵਿਚ ਪਹੁੰਚੇ, ਜਿੱਥੇ ਉਨ੍ਹਾਂ ਸਾਰੇ ਦਾਅਵੇਦਾਰਾਂ ਨਾਲ ਵਨ-ਟੂ-ਵਨ ਮੀਟਿੰਗ ਕੀਤੀ। ਸੂਬਾ ਇੰਚਾਰਜ ਅਤੇ ਸੂਬਾ ਪ੍ਰਧਾਨ ਨੇ ਬੰਦ ਕਮਰੇ ਵਿਚ ਇਕ-ਇਕ ਦਾਅਵੇਦਾਰ ਨੂੰ ਬੁਲਾਇਆ ਅਤੇ ਉਨ੍ਹਾਂ ਤੋਂ ਟਿਕਟ ਹਾਸਲ ਕਰਨ ਸਬੰਧੀ ਉਨ੍ਹਾਂ ਦੀ ਦਾਅਵੇਦਾਰੀ ਦੇ ਮਜ਼ਬੂਤ ਦੇ ਆਧਾਰ, ਜਾਤੀ ਵਰਗ, ਕਾਂਗਰਸ ਪ੍ਰਤੀ ਸੇਵਾਵਾਂ ਅਤੇ ਹੋਰਨਾਂ ਗੱਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ।

ਇਹ ਵੀ ਪੜ੍ਹੋ- ਹਾਜੀਪੁਰ 'ਚ ਵਾਪਰੇ ਹਾਦਸੇ ਨੇ ਉਜਾੜ 'ਤੀਆਂ ਪਰਿਵਾਰ ਦੀਆਂ ਖ਼ੁਸ਼ੀਆਂ, ਮਾਪਿਆਂ ਦੇ ਜਵਾਨ ਪੁੱਤ ਦੀ ਦਰਦਨਾਕ ਮੌਤ

PunjabKesari

ਇਸ ਦੌਰਾਨ ਸੰਸਦ ਮੈਂਬਰ ਚੰਨੀ ਅਤੇ ਜ਼ਿਲ੍ਹਾ ਪ੍ਰਧਾਨ ਬੇਰੀ ਵੀ ਮੌਜੂਦ ਰਹੇ। ਲਗਭਗ 3 ਘੰਟੇ ਦੀ ਲੰਮੀ ਕਵਾਇਦ ਤੋਂ ਬਾਅਦ ਸੀਨੀਅਰ ਆਗੂਆਂ ਨੇ ਦਾਅਵੇਦਾਰਾਂ ਨੂੰ ਸਿਰਫ਼ ਦਿਲਾਸਾ ਦਿੱਤਾ ਕਿ ਉਹ ਹੋਈ ਇੰਟਰਵਿਊ ਤੋਂ ਬਾਅਦ ਮਜ਼ਬੂਤ 3 ਦਾਅਵੇਦਾਰਾਂ ਦੇ ਨਾਵਾਂ ਦਾ ਪੈਨਲ ਆਲ ਇੰਡੀਆ ਕਾਂਗਰਸ ਪ੍ਰਧਾਨ ਨੂੰ ਭੇਜਣਗੇ ਅਤੇ ਉਹੀ ਟਿਕਟ ਦੇ ਉਮੀਦਵਾਰ ਦੇ ਨਾਂ ’ਤੇ ਆਖ਼ਰੀ ਮੋਹਰ ਲਾਉਣਗੇ। ਇਸ ਤੋਂ ਇਲਾਵਾ ਦਾਅਵੇਦਾਰਾਂ ਤੋਂ ਪੁੱਛਿਆ ਜਾਂਦਾ ਰਿਹਾ ਕਿ ਜੇਕਰ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਉਨ੍ਹਾਂ ਦੇ ਵਿਚਾਰ ਅਨੁਸਾਰ ਹੋਰ ਕਿਹੜਾ ਮਜ਼ਬੂਤ ​​ਦਾਅਵੇਦਾਰ ਹੈ ਜੋ ਟਿਕਟ ਦਿੱਤੇ ਜਾਣ ’ਤੇ ਚੋਣ ਜਿੱਤ ਸਕਦਾ ਹੈ। ਸੂਬਾ ਇੰਚਾਰਜ ਅਤੇ ਪ੍ਰਧਾਨ ਦਾਅਵੇਦਾਰਾਂ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਏਕਤਾ ਅਤੇ ਜਿਸ ਕਿਸੇ ਇਕ ਨੂੰ ਟਿਕਟ ਮਿਲਦੀ ਹੈ ਤਾਂ ਉਸ ਦਾ ਸਮਰਥਨ ਕਰਨ ਦਾ ਪਾਠ ਪੜ੍ਹਾਉਂਦੇ ਰਹੇ।

PunjabKesari

ਅੱਜ ਇਕ ਵਾਰ ਫਿਰ ਇੰਟਰਵਿਊ ਦੀ ਕਵਾਇਦ ਸਬੰਧੀ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕੁਝ ਦਾਅਵੇਦਾਰਾਂ ਨੇ ਕਿਹਾ ਕਿ ਇਕ ਤੋਂ ਬਾਅਦ ਇਕ ਮੀਟਿੰਗਾਂ ਕਰਨਾ ਸਿਰਫ਼ ਸਾਡਾ ਆਈ ਵਾਸ਼ ਕਰਨ ਅਤੇ ਸਾਨੂੰ ਮੂਰਖ ਬਣਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਸੰਸਦ ਮੈਂਬਰ ਚੰਨੀ ਅਤੇ ਜ਼ਿਲ੍ਹਾ ਪ੍ਰਧਾਨ ਇਕ-ਇਕ ਕਰਕੇ ਸਾਰੇ ਦਾਅਵੇਦਾਰਾਂ ਨਾਲ ਮੀਟਿੰਗ ਕਰ ਚੁੱਕੇ ਹਨ ਤਾਂ ਫਿਰ ਸੂਬਾ ਇੰਚਾਰਜ ਅਤੇ ਪ੍ਰਧਾਨ ਵੱਲੋਂ ਅੱਜ ਮੀਟਿੰਗ ਕਰਨ ਦੀ ਕੋਈ ਤੁੱਕ ਨਹੀਂ ਹੈ। ਉਕਤ ਕਾਂਗਰਸੀ ਆਗੂਆਂ ਨੇ ਕਿਹਾ ਕਿ ਸੰਸਦ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ 3 ਮੈਂਬਰੀ ਪੈਨਲ ਬਣਾ ਕੇ ਸੂਬਾ ਹਾਈਕਮਾਨ ਨੂੰ ਭੇਜਣਗੇ ਪਰ ਹੁਣ ਸੂਬਾ ਇੰਚਾਰਜ ਅਤੇ ਪ੍ਰਧਾਨ ਹਰੇਕ ਦਾਅਵੇਦਾਰ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀ ਗੱਲ ਸੁਣ ਰਹੇ ਹਨ। ਅਜਿਹੇ ਹਾਲਾਤ ਵੇਖ ਕੇ ਲੱਗਦਾ ਹੈ ਕਿ ਕੀ ਨਵਾਂ ਚੁਣਿਆ ਸੰਸਦ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਦੇ ਪੈਨਲ ਦਾ ਫ਼ੈਸਲਾ ਕੋਈ ਮਹੱਤਵ ਨਹੀਂ ਰੱਖਦਾ ਹੈ।

ਇਹ ਵੀ ਪੜ੍ਹੋ- ਅਨਮੋਲ ਗਗਨ ਮਾਨ ਦੇ ਵਿਆਹ 'ਚ ਪਹੁੰਚੇ CM ਭਗਵੰਤ ਮਾਨ, ਇਸ ਅੰਦਾਜ਼ 'ਚ ਦਿੱਤੀਆਂ ਨਵੇਂ ਵਿਆਹੇ ਜੋੜੇ ਨੂੰ ਵਧਾਈਆਂ

ਇਸ ਤੋਂ ਪਹਿਲਾਂ ਸੂਬਾ ਇੰਚਾਰਜ ਅਤੇ ਸੂਬਾ ਪ੍ਰਧਾਨ ਦਾ ਹੋਟਲ ਪਹੁੰਚਣ ’ਤੇ ਸੰਸਦ ਮੈਂਬਰ ਚਰਨਜੀਤ ਚੰਨੀ, ਰਜਿੰਦਰ ਬੇਰੀ, ਵਿਧਾਇਕ ਬਾਵਾ ਹੈਨਰੀ, ਲਾਡੀ ਸ਼ੇਰੋਵਾਲੀਆ, ਸੁਖਵਿੰਦਰ ਕੋਟਲੀ, ਡਾ. ਨਵਜੋਤ ਦਹੀਆ, ਮਨੂੰ ਵੜਿੰਗ ਤੇ ਹੋਰ ਆਗੂਆਂ ਨੇ ਸਵਾਗਤ ਕੀਤਾ, ਜਿਸ ਤੋਂ ਬਾਅਦ ਬੰਦ ਕਮਰਾ ਮੀਟਿੰਗ ਵਿਚ ਟਿਕਟ ਦੇ ਦਾਅਵੇਦਾਰਾਂ ਵਿਚ ਸੁਰਿੰਦਰ ਕੌਰ, ਪਵਨ ਕੁਮਾਰ, ਵਿਕਾਸ ਸੰਗਰ, ਐਡ. ਬਚਨ ਲਾਲ, ਬਲਬੀਰ ਅੰਗੁਰਾਲ, ਤਰਸੇਮ ਸਿੰਘ ਲਖੋਤਰਾ, ਓਂਕਾਰ ਰਾਜੀਵ, ਪ੍ਰਭਦਿਆਲ ਭਗਤ ਅਤੇ ਹੋਰਨਾਂ ਨੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕੀਤੀ। ਟਿਕਟ ਦੇ ਦਾਅਵੇਦਾਰਾਂ ਵਿਚ ਮਚੇ ਘਮਾਸਾਨ ਨੂੰ ਵੇਖਦੇ ਹੋਏ ਉਮੀਦ ਜਤਾਈ ਜਾ ਰਹੀ ਹੈ ਕਿ ਕਾਂਗਰਸ ਬਗਾਵਤ ਦਾ ਰਿਸਕ ਨਾ ਲੈਂਦਿਆਂ ਆਪਣਾ ਉਮੀਦਵਾਰ 19 ਜਾਂ 20 ਜੂਨ ਨੂੰ ਹੀ ਐਲਾਨੇਗੀ। ਵਰਣਨਯੋਗ ਹੈ ਕਿ ਜ਼ਿਮਨੀ ਚੋਣ ਲਈ ਨਾਮਜ਼ਦਗੀ 14 ਜੂਨ ਤੋਂ ਸ਼ੁਰੂ ਹੋ ਚੁੱਕੀ ਹੈ ਤੇ 21 ਜੂਨ ਨਾਮਜ਼ਦਗੀ ਦਾਖ਼ਲ ਕਰਨ ਦੀ ਆਖਰੀ ਤਰੀਕ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਇਨ੍ਹਾਂ ਸ਼ਹਿਰਾਂ 'ਚ ਵਧਾਈ ਗਈ ਸੁਰੱਖਿਆ, ਵਾਧੂ ਫੋਰਸ ਕੀਤੀ ਗਈ ਤਾਇਨਾਤ, ਜਾਣੋ ਕੀ ਰਿਹਾ ਕਾਰਨ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News