ਅਹਿਮ ਖ਼ਬਰ : ਹੁਣ ਚੰਡੀਗੜ੍ਹ ''ਚ ਡਾਕ ਰਾਹੀਂ ਦਿੱਤਾ ਜਾਵੇਗਾ ਵੋਟਰ ID ਕਾਰਡ

07/02/2022 12:44:38 PM

ਚੰਡੀਗੜ੍ਹ (ਰਜਿੰਦਰ) : ਯੂ. ਟੀ. ਦੇ ਮੁੱਖ ਚੋਣ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਸੰਸਦੀ ਹਲਕੇ ਦੇ ਜ਼ਿਲ੍ਹਾ ਚੋਣ ਅਫ਼ਸਰ, ਚੋਣਕਾਰ ਰਜਿਸਟ੍ਰੇਸ਼ਨ ਅਧਿਕਾਰੀ ਅਤੇ ਸਾਰੇ ਸਹਾਇਕ ਵੋਟਰ ਰਜਿਸਟ੍ਰੇਸ਼ਨ ਅਧਿਕਾਰੀਆਂ ਨਾਲ ਚੋਣ ਨਿਯਮਾਂ 'ਚ ਨਵੀਂਆਂ ਸੋਧਾਂ ਸਬੰਧੀ ਬੈਠਕ ਕੀਤੀ। ਚੋਣ ਨਿਯਮਾਂ 'ਚ ਨਵੀਆਂ ਸੋਧਾਂ ਨੂੰ 1 ਅਗਸਤਸ 2022 ਤੋਂ ਲਾਗੂ ਕੀਤਾ ਜਾਣਾ ਹੈ। ਬੈਠਕ 'ਚ ਦੱਸਿਆ ਗਿਆ ਕਿ ਹੁਣ ਤੋਂ ਯੂ. ਟੀ. ਡਾਕ ਵਿਭਾਗ ਦੇ ਸਹਿਯੋਗ ਨਾਲ ਰਜਿਸਟਰਡ ਵੋਟਰਾਂ ਨੂੰ ਵੋਟਰ ਆਈ. ਡੀ. ਕਾਰਡ ਡਾਕ ਰਾਹੀਂ ਦਿੱਤਾ ਜਾਵੇਗਾ।

ਆਮ ਲੋਕਾਂ ਅਤੇ ਸਿਆਸੀ ਪਾਰਟੀਆਂ ਦੀ ਜਾਣਕਾਰੀ ਲਈ ਦੱਸਣਾ ਬਣਦਾ ਹੈ ਕਿ ਭਾਰਤ ਦੇ ਚੋਣ ਕਮਿਸ਼ਨ ਨੇ ਕਾਨੂੰਨ ਅਤੇ ਨਿਆਂ ਮੰਤਰਾਲੇ ਵੱਲੋਂ ਲੋਕ ਪ੍ਰਤੀਨਿਧਤਾ ਐਕਟ-1950 ਅਤੇ 1951 'ਚ ਕੀਤੀਆਂ ਸੋਧਾਂ ਸਬੰਧੀ ਜਾਣਕਾਰੀ ਦਿੱਤੀ ਹੈ। ਇਨ੍ਹਾਂ ਪਹਿਲੂਆਂ ਨੂੰ ਸੋਧ 'ਚ ਸ਼ਾਮਲ ਕੀਤਾ ਜਾਵੇਗਾ। ਵੋਟਰ ਰਜਿਸਟ੍ਰੇਸ਼ਨ ਦੇ ਮਕਸਦ ਲਈ ਆਧਾਰ ਕਾਰਡ ਦੀ ਵਰਤੋਂ ਹੋਵੇਗੀ। ਆਧਾਰ ਕਾਰਡ ਚੰਡੀਗੜ੍ਹ ਦੇ ਰਜਿਸਟਰਡ ਵੋਟਰਾਂ ਤੋਂ ਇਕੱਠਾ ਕੀਤਾ ਜਾਵੇਗਾ। ਵੋਟਰ ਸੂਚੀ 'ਚ ਨਾਂ ਦਰਜ ਕਰਵਾਉਣ ਲਈ 4 ਕੁਆਲੀਫਾਇੰਗ ਤਾਰੀਖ਼ਾਂ ਹੋਣਗੀਆਂ, ਜੋ ਕਿ 1 ਜਨਵਰੀ, 1 ਅਪ੍ਰੈਲ, 1 ਜੁਲਾਈ ਅਤੇ 1 ਅਕਤੂਬਰ ਹਨ।

ਇਸ ਤੋਂ ਇਲਾਵਾ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਵੋਟਰ ਸੂਚੀ ਦੇ ਰਵੀਜ਼ਨ ਫੋਟੋ ਇਲੈਕਟ੍ਰੋਲ ਰੋਲ 'ਚ ਨਵੇਂ ਅਪਡੇਟ ਫਾਰਮ ਦੀ ਵਰਤੋਂ ਕੀਤੀ ਜਾਵੇਗੀ। ਨਵੇਂ ਫਾਰਮ ਸਬੰਧੀ ਜਾਣਕਾਰੀ ਸਹਾਇਕ ਚੋਣਕਾਰ ਪੰਚਾਇਤ ਅਧਿਅਕਾਰੀਆਂ ਨੂੰ ਦੇ ਦਿੱਤੀ ਗਈ ਹੈ। ਫਾਰਮ 'ਚ ਸੋਧ ਸਬੰਧੀ ਜਾਣਕਾਰੀ ਵਿਭਾਗ ਦੀ ceochandigarh.gov.in ’ਤੇ ਵੀ ਅਪਲੋਡ ਕੀਤੀ ਜਾਵੇਗੀ, ਤਾਂ ਜੋ ਲੋਕਾਂ ਨੂੰ ਜਾਣਕਾਰੀ ਮਿਲ ਸਕੇ। ਇਸ ਤੋਂ ਇਲਾਵਾ ਚੋਣ ਨਿਯਮਾਂ ਦੀ ਸੋਧ, ਆਈ. ਟੀ. ਅਧਿਕਾਰੀਆਂ ਨੂੰ ਦਰਖ਼ਾਸਤਾਂ ਸਬੰਧੀ ਸਿਖਲਾਈ ਦੇਣ ਦੀਆਂ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ। ਮੁੱਖ ਚੋਣ ਅਧਿਕਾਰੀ ਨੇ ਵੱਖ-ਵੱਖ ਪੱਧਰਾਂ ’ਤੇ ਪੈਂਡਿੰਗ ਪਏ ਫਾਰਮਾਂ ਸਬੰਧੀ ਵੀ ਪੁੱਛ-ਗਿੱਛ ਕੀਤੀ ਅਤੇ ਉਨ੍ਹਾਂ ਦੇ ਜਲਦੀ ਨਿਪਟਾਰੇ ਦੇ ਨਿਰਦੇਸ਼ ਦਿੱਤੇ।
 


Babita

Content Editor

Related News