ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ : ਵਿਨੀ ਮਹਾਜਨ
Saturday, Aug 28, 2021 - 12:02 PM (IST)
ਰੂਪਨਗਰ/ਚੰਡੀਗੜ੍ਹ (ਵਿਜੇ)-ਮੁੱਖ ਸਕੱਤਰ ਪੰਜਾਬ ਵਿਨੀ ਮਹਾਜਨ ਨੇ ਕਿਹਾ ਅੱਜ ਦੇ ਨੌਜਵਾਨ ਸਾਡਾ ਭਵਿੱਖ ਅਤੇ ਸੂਬੇ ਦੀ ਅਸਲ ਤਾਕਤ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਵਧੇਰੇ ਮਜ਼ਬੂਤ ਅਤੇ ਖੁਸ਼ਹਾਲ ਬਣਾਉਣ ਲਈ ਨੌਜਵਾਨਾਂ ਨੂੰ ਹੋਰ ਸਮਰੱਥ ਬਣਾਉਣ ਲਈ ਵਚਨਬੱਧ ਹੈ। ਉਹ ਪੰਜਾਬ ਸਰਕਾਰ, ਯੂਨੀਸੈਫ ਅਤੇ ਯੁਵਾ (ਜਨਰੇਸ਼ਨ ਅਨਲਿਮਟਿਡ ਇੰਡੀਆ) ਦੀ ਸਾਂਝੀ ਪਹਿਲਕਦਮੀ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦੀ ਪਹਿਲੀ ਵਰ੍ਹੇਗੰਢ ਮਨਾਉਣ ਲਈ ਕਰਵਾਏ ਗਏ ਵਰਚੁਅਲ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ‘ਪੰਜਾਬ ਦਾ ਮਾਣ’ ਪ੍ਰੋਗਰਾਮ ਦਾ ਉਦੇਸ਼ ਪੰਜਾਬ ਦੇ ਨੌਜਵਾਨਾਂ ਨੂੰ ਬਿਹਤਰ ਮੌਕੇ ਪ੍ਰਦਾਨ ਕਰਨਾ ਹੈ । ਨੌਜਵਾਨ ਆਪਣੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਅਤੇ ਨੀਤੀਆਂ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪਿਛਲੇ ਸਾਲ ਅਗਸਤ ਮਹੀਨੇ ਵਿਚ ‘ਪੰਜਾਬ ਦਾ ਮਾਣ’ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਸੀ, ਜਿਸ ਦਾ ਉਦੇਸ਼ ਰਾਜ ਦੇ ਨੌਜਵਾਨਾਂ ਨੂੰ ਨਾਗਰਿਕ ਕਾਰਜਾਂ, ਕਰੀਅਰ ਸੇਧ, ਹੁਨਰ, ਰੋਜ਼ਗਾਰ ਅਤੇ ਉੱਦਮੀ ਸਹਾਇਤਾ ਦੇ ਮੌਕਿਆਂ ਨਾਲ ਜੋੜਨਾ ਹੈ। ਮੁੱਖ ਸਕੱਤਰ ਵਿਨੀ ਮਹਾਜਨ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਹੁਣ ਤੱਕ ਰਾਜ ਦੇ 70,000 ਤੋਂ ਵੱਧ ਨੌਜਵਾਨ ਜੁੜ ਚੁੱਕੇ ਹਨ।
ਇਹ ਵੀ ਪੜ੍ਹੋ: ਜਲੰਧਰ: ਪੁਲਸ ਕਮਿਸ਼ਨਰ ਦਾ ਅਹੁਦਾ ਸੰਭਾਲਣ ਮਗਰੋਂ ਐਕਸ਼ਨ 'ਚ ਡਾ. ਸੁਖਚੈਨ ਗਿੱਲ, ਅਧਿਕਾਰੀਆਂ ਨੂੰ ਦਿੱਤੇ ਸਖ਼ਤ ਨਿਰਦੇਸ਼
ਇਸ ਆਨਲਾਈਨ ਸਮਾਗਮ ਦੌਰਾਨ ‘ਪੰਜਾਬ ਦਾ ਮਾਣ’ ਪ੍ਰੋਗਰਾਮ ਤਹਿਤ ਨਾਗਰਿਕ ਕਾਰਜਾਂ ਵਿਚ ਬਿਹਤਰੀਨ ਸਰਗਰਮਨ ਭੂਮਿਕਾ ਨਿਭਾਉਣ ਵਾਲੇ 27 ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ ਤਾਂ ਜੋ ਉਨ੍ਹਾਂ ਨੂੰ ਸਮਾਜ ਭਲਾਈ ਦੇ ਹੋਰ ਚੰਗੇ ਕਾਰਜਾਂ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਬਾਕੀ ਲੋਕਾਂ ਵਿਚ ਮਿਸਾਲੀ ਨੌਜਵਾਨਾਂ ਵਜੋਂ ਪੇਸ਼ ਕੀਤਾ ਜਾ ਸਕੇ। ਅੰਮ੍ਰਿਤਸਰ ਦੇ ਇਕ ਨੌਜਵਾਨ ਆਗੂ ਕਰਨਦੀਪ (21) ਜੋ ਆਪਣੇ ਪਿੰਡ ਦੇ ਇਕ ਯੂਥ ਕਲੱਬ ਦੀ ਅਗਵਾਈ ਕਰਦਾ ਹੈ, ਨੇ ਸਫ਼ਾਈ ਅਤੇ ਬੂਟੇ ਲਗਾਉਣ ਦੀਆਂ ਮੁਹਿੰਮਾਂ ਦੀ ਅਗਵਾਈ ਕਰਨ ਲਈ ਅਤੇ ਕੋਵਿਡ ਦੀ ਦੂਜੀ ਲਹਿਰ ਦੇ ਦੌਰਾਨ ਸੰਕਟ ਰਾਹਤ ਕਾਰਜਾਂ ਵਿਚ ਯੋਗਦਾਨ ਪਾਉਣ ਬਾਰੇ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਸਬੰਧੀ ਗੱਲ ਕੀਤੀ। ਇਸ ਪ੍ਰੋਗਰਾਮ ਦੇ ਨੋਡਲ ਮਹਿਕਮਾ ਖੇਡਾਂ ਅਤੇ ਯੁਵਕ ਸੇਵਾਵਾਂ ਮਹਿਕਮਾ, ਪੰਜਾਬ ਅਤੇ ਯੁਵਾ ਨੇ ਸਿਵਲ ਸੋਸਾਇਟੀ ਸੰਸਥਾਵਾਂ ਅਤੇ ਟੀਮ ਫਤਿਹ ਨਾਲ ਮਿਲ ਕੇ ਕੰਮ ਕੀਤਾ ਤਾਂ ਜੋ ਨੌਜਵਾਨਾਂ ਨੂੰ ਨਾਗਰਿਕ ਸਮੱਸਿਆਵਾਂ ਦਾ ਪਤਾ ਲਗਾਉਣ, ਜਾਂਚ ਕਰਨ, ਹੱਲ ਕੱਢਣ ਅਤੇ ਲਾਗੂ ਕਰਨ ਕਰਨ ਸਬੰਧੀ ਜਾਣਕਾਰੀ, ਸਾਧਨਾਂ ਅਤੇ ਹੁਨਰ ਨਾਲ ਲੈਸ ਕੀਤਾ ਜਾ ਸਕੇ।
ਇਹ ਵੀ ਪੜ੍ਹੋ: ਵਿਧਾਨ ਸਭਾ ਚੋਣਾਂ ਲਈ ਸੁਖਬੀਰ ਨੇ ਬਾਘਾਪੁਰਾਣਾ ਤੋਂ ਤੀਰਥ ਸਿੰਘ ਮਾਹਲਾ ਨੂੰ ਐਲਾਨਿਆ ਉਮੀਦਵਾਰ
ਇਸ ਆਨਲਾਈਨ ਸਮਾਗਮ ਵਿਚ ਖੇਡਾਂ ਅਤੇ ਯੁਵਕ ਸੇਵਾਵਾਂ ਮਹਿਕਮਾ ਦੇ ਪ੍ਰਮੁੱਖ ਸਕੱਤਰ ਰਾਜ ਕਮਲ ਚੌਧਰੀ, ਡਾਇਰੈਕਟਰ ਖੇਡਾਂ ਇਤੇ ਯੁਵਕ ਸੇਵਾਵਾਂ ਡੀ. ਪੀ. ਐੱਸ. ਖਰਬੰਦਾ ਅਤੇ ਸੀ. ਓ. ਓ. ਯੁਵਾ ਅਭਿਸ਼ੇਕ ਗੁਪਤਾ ਅਤੇ ਸੂਬਾਈ ਸਰਕਾਰ ਦੇ ਹੋਰ ਸੀਨੀਅਰ ਅਧਿਕਾਰੀਆਂ ਨੇ ਵੀ ਸ਼ਮੂਲੀਅਤ ਕੀਤੀ।
ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ