ਸਾਂਪਲਾ ਨੂੰ ਅਲਾਟ ਫੈਂਸੀ ਨੰਬਰ ਦਾ ਮਾਮਲਾ ਉਲਝਿਆ

Tuesday, Sep 19, 2017 - 05:09 AM (IST)

ਸਾਂਪਲਾ ਨੂੰ ਅਲਾਟ ਫੈਂਸੀ ਨੰਬਰ ਦਾ ਮਾਮਲਾ ਉਲਝਿਆ

ਜਲੰਧਰ(ਅਮਿਤ)—ਆਰ. ਟੀ. ਏ. ਦਫਤਰ (ਡੀ. ਟੀ. ਓ. ਦਫਤਰ) ਅੰਦਰ ਹਾਲ ਹੀ ਵਿਚ ਇਕ ਫੈਂਸੀ ਨੰਬਰ ਪੀ. ਬੀ. 08 ਏ. ਐੱਫ. 0024 ਜਿਸ ਨੂੰ 2001 'ਚ ਨਕੋਦਰ ਨਿਵਾਸੀ ਸੁਖਦੇਵ ਸਿੰਘ ਦੀ ਫੋਰਡ ਆਈਕਾਨ ਗੱਡੀ ਨੂੰ ਅਲਾਟ ਕੀਤਾ ਗਿਆ ਸੀ ਅਤੇ ਬਾਅਦ ਵਿਚ 2009 ਦੇ ਅੰਦਰ ਇਸੇ ਨੰਬਰ ਨੂੰ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਇਨੋਵਾ ਗੱਡੀ ਨੂੰ ਅਲਾਟ ਕੀਤੇ ਜਾਣ ਦੀ ਗੱਲ ਕੀਤੀ ਜਾ ਰਹੀ ਹੈ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਰੋਜ਼ਾਨਾ ਉਲਝਦਾ ਜਾ ਰਿਹਾ ਹੈ ਕਿਉਂਕਿ 'ਜਗ ਬਾਣੀ' ਟੀਮ ਦੁਆਰਾ ਆਰ. ਟੀ. ਏ. ਦਫਤਰ ਵਿਚ ਸੋਮਵਾਰ ਨੂੰ ਕੀਤੀ ਗਈ ਫੀਲਡ ਪੜਤਾਲ ਵਿਚ ਇਕ ਬੇਹੱਦ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਹੈ, ਜਿਸ ਵਿਚ ਪਤਾ ਲੱਗਾ ਹੈ ਕਿ ਡੀ. ਟੀ. ਓ. ਦਫਤਰ ਅੰਦਰ ਆਫਲਾਈਨ ਅਤੇ ਆਨਲਾਈਨ ਦੋਵਾਂ ਵਿਚ ਹੀ ਵਿਜੇ ਸਾਂਪਲਾ ਦੇ ਨਾਂ 'ਤੇ ਕੋਈ ਰਿਕਾਰਡ ਉਪਲਬਧ ਹੀ ਨਹੀਂ ਹੈ। ਆਫਲਾਈਨ ਰਿਕਾਰਡ ਜੋ ਕਿ ਦਫਤਰ ਵਿਚ ਇਸ ਸੀਰੀਜ਼ ਦਾ ਇਕ ਰਜਿਸਟਰ ਹੈ, ਉਸ ਵਿਚ ਵੀ ਸਿਰਫ ਸੁਖਦੇਵ ਸਿੰਘ ਦਾ ਹੀ ਜ਼ਿਕਰ ਹੈ ਅਤੇ ਜੇਕਰ ਇਸ ਨੰਬਰ ਨੂੰ ਲੈ ਕੇ ਵਾਹਨ ਅਤੇ ਸਾਰਥੀ ਸਾਫਟਵੇਅਰ ਦੇ ਅੰਦਰ ਚੈੱਕ ਕੀਤਾ ਜਾਂਦਾ ਹੈ ਤਾਂ ਵੀ ਸਿਰਫ ਸੁਖਦੇਵ ਸਿੰਘ ਦਾ ਹੀ ਨਾਂ ਸਾਹਮਣੇ ਆਉਂਦਾ ਹੈ। 
ਪੂਰੇ ਡੀ. ਟੀ. ਓ. ਦਫਤਰ ਵਿਚ ਕਿਤੇ ਵੀ ਵਿਜੇ ਸਾਂਪਲਾ ਦੇ ਨਾਂ 'ਤੇ ਕੋਈ ਐਂਟਰੀ ਦਰਜ ਹੀ ਨਹੀਂ ਹੈ। ਅਜਿਹੇ ਵਿਚ ਇਹ ਤੈਅ ਕਰਨਾ ਬਹੁਤ ਮੁਸ਼ਕਲ ਹੈ ਕਿ ਕੇਂਦਰੀ ਮੰਤਰੀ ਨੂੰ ਜਾਰੀ ਕੀਤੀ ਗਈ ਆਰ. ਸੀ. ਕਿਵੇਂ ਅਤੇ ਕਿਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਬਣੀ ਸੀ। ਇੰਨਾ ਹੀ ਨਹੀਂ, ਹਾਲ ਹੀ ਵਿਚ ਪੁਲਸ ਦੇ ਕੋਲ ਭੇਜੀ ਗਈ ਵੈਰੀਫਿਕੇਸ਼ਨ ਵੀ ਕਿਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਕੀਤੀ ਗਈ ਹੈ, ਇਸਨੂੰ ਲੈ ਕੇ ਵੀ ਸ਼ੱਕ ਪੈਦਾ ਹੋਣਾ ਸੁਭਾਵਿਕ ਹੈ। ਇਸ ਪੂਰੇ ਘਟਨਾਕ੍ਰਮ ਵਿਚ ਕਿਸੇ ਵੱਡੀ ਗੜਬੜੀ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਬਾਰੇ ਵਿਚ ਜਦੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨਾਲ ਉਨ੍ਹਾਂ ਦੇ ਫੋਨ 'ਤੇ ਗੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਫੋਨ ਹੀ ਨਹੀਂ ਚੁੱਕਿਆ, ਜਿਸ ਨਾਲ ਉਨ੍ਹਾਂ ਦਾ ਪੱਖ ਪ੍ਰਾਪਤ ਨਹੀਂ ਹੋ ਸਕਿਆ।
ਬਿਨਾਂ ਰਿਕਾਰਡ ਦੇ ਕਿਵੇਂ ਜਾਰੀ ਹੋਈ ਆਰ. ਸੀ.
ਜੇਕਰ ਡੀ. ਟੀ. ਓ. ਦਫਤਰ ਵਿਚ ਕਿਸੇ ਵਾਹਨ ਦਾ ਕੋਈ ਰਿਕਾਰਡ ਮੌਜੂਦ ਹੀ ਨਹੀਂ ਹੈ ਤਾਂ ਇਹ ਤੈਅ ਕਰਨਾ ਅਸੰਭਵ ਹੈ ਕਿ ਕਿਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਇਸ ਵਾਹਨ ਦੀ ਆਰ. ਸੀ. ਜਾਰੀ ਕੀਤੀ ਗਈ ਸੀ। ਇਸ ਮਾਮਲੇ ਵਿਚ ਵੀ ਜੇਕਰ ਦਫਤਰ ਦੇ ਅੰਦਰ ਕੋਈ ਰਿਕਾਰਡ ਨਹੀਂ ਮਿਲਦਾ ਹੈ ਤਾਂ ਆਰ. ਸੀ. ਦੀ ਸੱਚਾਈ 'ਤੇ ਸਵਾਲ ਉਠਣਾ ਲਾਜ਼ਮੀ ਹੈ।  ਇਸ ਲਈ ਦੂਸਰੀ ਵਾਰ ਜਾਰੀ ਆਰ. ਸੀ. ਕਈ ਸਵਾਲਾਂ ਦੇ ਘੇਰੇ ਵਿਚ ਆ ਚੁੱਕੀ ਹੈ ਕਿਉਂਕਿ ਜੇਕਰ ਆਰ. ਸੀ. ਸਹੀ ਜਾਰੀ ਹੋਈ ਹੈ ਤਾਂ ਫਿਰ ਉਸਦਾ ਰਿਕਾਰਡ ਕਿਉਂ ਮੌਜੂਦ ਨਹੀਂ ਹੈ ਅਤੇ ਜੇਕਰ ਆਰ. ਸੀ.ਗਲਤ ਹੈ ਤਾਂ ਫਿਰ ਉਸਦੀ ਝੂਠੀ ਵੈਰੀਫਿਕੇਸ਼ਨ ਰਿਪੋਰਟ ਕਿਵੇਂ ਦੇ ਦਿੱਤੀ ਗਈ ਹੈ।
7 ਸਾਲ ਬਾਅਦ ਕਿਵੇਂ ਲੱਗਾ ਪੁਰਾਣਾ ਫੈਂਸੀ ਨੰਬਰ
ਇਸ ਮਾਮਲੇ ਵਿਚ ਇਕ ਹੋਰ ਗੱਲ ਹੈਰਾਨ ਕਰਨ ਵਾਲੀ ਜੋ ਸਾਹਮਣੇ ਆਉਂਦੀ ਹੈ, ਉਹ ਇਹ ਕਿ 2001 ਵਿਚ ਫੈਂਸੀ ਨੰਬਰ ਅਲਾਟ ਹੋਇਆ ਅਤੇ 7 ਸਾਲ ਬਾਅਦ ਉਹੀ ਨੰਬਰ ਕਿਵੇਂ ਕਿਸੇ ਹੋਰ ਵਿਅਕਤੀ ਅਤੇ ਦੂਜੀ ਗੱਡੀ ਨੂੰ ਅਲਾਟ ਹੋ ਸਕਦਾ ਹੈ। ਇਥੇ ਦੱਸਣਯੋਗ ਹੈ ਕਿ 0024 ਨੰਬਰ ਫੈਂਸੀ ਨੰਬਰਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਇਸਦੇ ਲਈ ਬਕਾਇਦਾ ਤੌਰ 'ਤੇ ਬੋਲੀ ਦੇਣੀ ਜ਼ਰੂਰੀ ਹੁੰਦੀ ਹੈ। ਡੀ. ਟੀ. ਓ. ਦਫਤਰ ਵਿਚ ਆਮ ਤੌਰ 'ਤੇ ਇਕ ਸਾਲ ਵਿਚ 4 ਸੀਰੀਜ਼ ਦੇ ਫੈਂਸੀ ਨੰਬਰਾਂ ਦੀ ਨਿਲਾਮੀ ਬੜੀ ਆਸਾਨੀ ਨਾਲ ਹੋ ਜਾਂਦੀ ਹੈ ਅਤੇ ਜੇਕਰ ਕੋਈ ਨੰਬਰ ਕਿਸੇ ਕਾਰਨ ਨਹੀਂ ਵਿਕਦਾ ਹੈ ਤਾਂ ਬਾਅਦ ਵਿਚ ਉਸਨੂੰ ਸਰਕਾਰੀ ਘੱਟੋ-ਘੱਟ ਰਕਮ ਦੇ ਕੇ ਖਰੀਦਿਆ ਜਾ ਸਕਦਾ ਹੈ। ਹੁਣ ਸੋਚਣ ਵਾਲੀ ਗੱਲ ਹੈ ਕਿ 7 ਸਾਲ ਤੋਂ ਬਾਅਦ ਕਿਵੇਂ ਪੁਰਾਣਾ ਫੈਂਸੀ ਨੰਬਰ ਦੁਬਾਰਾ ਤੋਂ ਬੋਲੀ ਦੇ ਲਈ ਰੱਖਿਆ ਗਿਆ ਅਤੇ ਵਿਭਾਗ ਵਲੋਂ ਇੰਨੀ ਵੱਡੀ ਕੋਤਾਹੀ ਕਿਵੇਂ ਹੋ ਸਕਦੀ ਹੈ। ਡੀ. ਟੀ. ਓ. ਦਫਤਰ ਨੇ ਮੰਨੀ ਗਲਤੀ, ਕਿਹਾ-ਹੋਇਆ ਕਸੂਰ, ਬਣ ਗਈਆਂ 2 ਆਰ. ਸੀ.ਡੀ. ਸੀ. ਨੇ ਕਮਿਸ਼ਨਰ ਪੁਲਸ ਕੋਲ ਭੇਜੀ ਰਿਪੋਰਟ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਗੱਡੀ ਨੂੰ ਕਿਸੇ ਹੋਰ ਵਿਅਕਤੀ ਦੀ ਗੱਡੀ ਦਾ ਨੰਬਰ ਲਾ ਕੇ ਆਰ. ਸੀ. ਜਾਰੀ ਕਰਨ ਦੇ ਮਾਮਲੇ ਵਿਚ ਡੀ. ਟੀ. ਓ. ਦਫਤਰ ਨੇ ਆਪਣੀ ਗਲਤੀ ਮੰਨ ਲਈ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਡੀ. ਸੀ. ਵਰਿੰਦਰ ਕੁਮਾਰ ਸ਼ਰਮਾ ਨੇ  ਦੱਸਿਆ ਕਿ ਉਨ੍ਹਾਂ ਦੇ ਕੋਲ ਲਿਖਤੀ ਵਿਚ ਆਇਆ ਸੀ ਕਿ ਡੀ. ਟੀ. ਓ. ਦਫਤਰ ਵਲੋਂ ਗਲਤੀ ਨਾਲ ਇਕ ਹੀ ਨੰਬਰ ਵਾਲੀਆਂ 2 ਆਰ. ਸੀ. ਜਾਰੀ ਹੋ ਗਈਆਂ ਸਨ ਕਿਉਂਕਿ ਆਰ. ਸੀ. ਦਾ ਕੰਮ ਸੁਵਿਧਾ ਵਿਚ ਸ਼ਿਫਟ ਹੋਇਆ ਸੀ ਤੇ ਵਿਭਾਗ ਦੇ ਕੋਲ ਰਿਕਾਰਡ ਸੰੰਬੰਧੀ ਪੂਰੀ ਜਾਣਕਾਰੀ ਨਹੀਂ ਸੀ, ਜਿਸ ਕਾਰਨ ਉਕਤ ਗਲਤੀ ਹੋਈ। ਡੀ. ਸੀ. ਨੇ ਕਿਹਾ ਕਿ ਕਿਉਂਕਿ ਪੁਲਸ ਕੋਲ ਪਹਿਲਾਂ ਹੀ ਮਾਮਲੇ ਦੀ ਜਾਂਚ ਚਲ ਰਹੀ ਹੈ, ਇਸ ਲਈ ਉਨ੍ਹਾਂ ਡੀ. ਟੀ. ਓ. ਦਫਤਰ ਵਾਲੀ ਰਿਪੋਰਟ ਕਮਿਸ਼ਨਰ ਪੁਲਸ ਕੋਲ ਭੇਜ ਦਿੱਤੀ ਹੈ। 


Related News