ਪੋਪਲੀ ਦੇ ਘਰੋਂ ਮਿਲਿਆ ਸੋਨਾ-ਚਾਂਦੀ ਕਿੱਥੋਂ ਖਰੀਦਿਆ ਗਿਆ ਸੀ, ਪਤਾ ਲਾਉਣ ’ਚ ਲੱਗੀ ਵਿਜੀਲੈਂਸ

Thursday, Jun 30, 2022 - 02:24 PM (IST)

ਚੰਡੀਗੜ੍ਹ( ਰਮਨਜੀਤ ਸਿੰਘ) : ਭ੍ਰਿਸ਼ਟਾਚਾਰ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਦੇ ਘਰੋਂ ਮਿਲੇ ਕਰੋੜਾਂ ਦੇ ਸੋਨੇ-ਚਾਂਦੀ ਦਾ ਸਰੋਤ ਪਤਾ ਲਗਾਉਣ ਵਿਚ ਵਿਜੀਲੈਂਸ ਲੱਗੀ ਹੋਈ ਹੈ। ਵਿਜੀਲੈਂਸ ਵਲੋਂ ਇਹ ਪਤਾ ਲਗਾਇਆ ਜਾ ਰਿਹਾ ਹੈ ਕਿ ਕਿਸ ਸੁਨਿਆਰੇ ਦੀ ਦੁਕਾਨ ਤੋਂ ਉਕਤ ਸੋਨੇ ਦੀਆਂ ਇੱਟਾਂ, ਬਿਸਕੁਟ ਅਤੇ ਸਿੱਕੇ ਅਤੇ ਚਾਂਦੀ ਦੀ ਖਰੀਦ ਕੀਤੀ ਗਈ ਸੀ ਤਾਂ ਜੋ ਮਾਮਲੇ ਨੂੰ ਅੱਗੇ ਵਧਾਇਆ ਜਾ ਸਕੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਵਲੋਂ ਸੋਨੇ ਦੀਆਂ ਇੱਟਾਂ, ਬਿਸਕੁਟਾਂ ਆਦਿ ’ਤੇ ਲੱਗੇ ਹੋਏ ਮਾਰਕੇ ਰਾਹੀਂ ਗਹਿਣਿਆਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਵਿਜੀਲੈਂਸ ਵਲੋਂ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ ਆਈ. ਏ. ਐੱਸ. ਅਧਿਕਾਰੀ ਸੰਜੇ ਪੋਪਲੀ ਤੋਂ ਵੀ ਇਸ ਸਬੰਧੀ ਪੁੱਛਗਿਛ ਕੀਤੀ ਗਈ ਸੀ ਪਰ ਸੂਤਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇਸ ਸਬੰਧੀ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਫਿਰੋਜ਼ਪੁਰ ਤੋਂ ਵੱਡੀ ਖ਼ਬਰ, ਪਾਕਿਸਤਾਨ ਤੋਂ ਆਏ ਡਰੋਨ ਜ਼ਰੀਏ ਸਾਢੇ 17 ਕਰੋੜ ਰੁਪਏ ਦੀ ਹੈਰੋਇਨ ਬਰਾਮਦ

ਹੁਣ ਵਿਜੀਲੈਂਸ ਬਿਊਰੋ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਗਹਿਣਿਆਂ ਦੇ ਕਾਰੋਬਾਰ ਨਾਲ ਜੁੜੇ ਲੋਕਾਂ ਰਾਹੀਂ ਇਹ ਸੋਨਾ ਕਿੱਥੋਂ ਖਰੀਦਿਆ ਗਿਆ ਹੈ। ਵਿਜੀਲੈਂਸ ਟੀਮ ਵਲੋਂ ਗਹਿਣਿਆਂ ਦਾ ਪਤਾ ਲਗਾਉਣ ਤੋਂ ਬਾਅਦ ਟੈਕਸ ਸਬੰਧੀ ਜਾਂਚ ਵੀ ਕੀਤੀ ਜਾਵੇਗੀ ਅਤੇ ਵੱਖ-ਵੱਖ ਟੈਕਸ ਵਿਭਾਗਾਂ ਦੀ ਮਦਦ ਵੀ ਲਈ ਜਾਵੇਗੀ। ਪਤਾ ਲੱਗਾ ਹੈ ਕਿ ਨੋਟਬੰਦੀ ਦੇ ਸਮੇਂ ਇਸ ਸੋਨੇ ਦਾ ਬਹੁਤ ਸਾਰਾ ਹਿੱਸਾ ਖਰੀਦਿਆ ਗਿਆ ਸੀ ਤਾਂ ਜੋ ਕੇਂਦਰ ਸਰਕਾਰ ਵਲੋਂ ਬੰਦ ਕਰ ਦਿੱਤੀ ਗਈ ਕਰੰਸੀ ਦੇ ਬਦਲੇ ‘ਹਮੇਸ਼ਾ’ ਚੱਲਣ ਵਾਲਾ ਸੋਨਾ ਖਰੀਦ ਕੇ ਰੱਖਿਆ ਜਾਵੇ।ਧਿਆਨ ਰਹੇ ਕਿ ਬੀਤੀ 24 ਜੂਨ ਨੂੰ ਸੰਜੇ ਪੋਪਲੀ ਦੀ ਗ੍ਰਿਫਤਾਰੀ ਤੋਂ ਚਾਰ ਦਿਨ ਬਾਅਦ ਵਿਜੀਲੈਂਸ ਬਿਊਰੋ ਨੇ ਸੈਕਟਰ 11 ਚੰਡੀਗੜ੍ਹ ਵਿਚ ਉਸ ਦੇ ਘਰ ਦੇ ਸਟੋਰ ਰੂਮ ਵਿਚੋਂ 12 ਕਿਲੋ ਸੋਨਾ, 3 ਕਿਲੋ ਚਾਂਦੀ, ਚਾਰ ਐਪਲ ਆਈਫੋਨ, ਇਕ ਸੈਮਸੰਗ ਫੋਲਡ ਫੋਨ ਅਤੇ 2 ਸੈਮਸੰਗ ਸਮਾਰਟ ਵਾਚਾਂ ਬਰਾਮਦ ਕੀਤੀਆਂ ਸਨ। ਭਾਰੀ ਬਰਾਮਦਗੀ ਦੇ ਉਸੇ ਦਿਨ ਹੀ ਸੰਜੇ ਪੋਪਲੀ ਦੇ ਪੁੱਤਰ ਦੇ ਗੋਲੀ ਲੱਗੀ ਸੀ, ਜਿਸ ਨੂੰ ਪੁਲਸ ਵਲੋਂ ਖੁਦਕੁਸ਼ੀ ਦੱਸਿਆ ਜਾ ਰਿਹਾ ਹੈ ਜਦਕਿ ਪਰਿਵਾਰ ਦਾ ਦਾਅਵਾ ਹੈ ਕਿ ਉਸ ਦੇ ਪੁੱਤਰ ਕਾਰਤਿਕ ਪੋਪਲੀ ਦਾ ਕਤਲ ਵਿਜੀਲੈਂਸ ਟੀਮ ਨੇ ਕੀਤਾ ਸੀ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News