ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਆਨੰਦਪੁਰ ਸਾਹਿਬ ਦਾ ਨਾਇਬ ਤਹਿਸੀਲਦਾਰ, ਕਰਤੂਤ ਸੁਣ ਰਹਿ ਜਾਓਗੇ ਹੈਰਾਨ

Wednesday, Aug 10, 2022 - 06:29 PM (IST)

ਵਿਜੀਲੈਂਸ ਨੇ ਗ੍ਰਿਫ਼ਤਾਰ ਕੀਤਾ ਆਨੰਦਪੁਰ ਸਾਹਿਬ ਦਾ ਨਾਇਬ ਤਹਿਸੀਲਦਾਰ, ਕਰਤੂਤ ਸੁਣ ਰਹਿ ਜਾਓਗੇ ਹੈਰਾਨ

ਚੰਡੀਗੜ੍ਹ : ਪੰਜਾਬ ਵਿਜੀਲੈਂਸ ਬਿਊਰੋ ਨੇ ਭ੍ਰਿਸ਼ਟਾਚਾਰ ਦੇ ਖ਼ਾਤਮੇ ਵਿਰੁੱਧ ਚਲਾਈ ਮੁਹਿੰਮ ਦੌਰਾਨ ਤਹਿਸੀਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਤਾਇਨਾਤ ਰਘਬੀਰ ਸਿੰਘ ਨਾਇਬ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਉਪਰ ਦੋਸ਼ ਹੈ ਕਿ ਉਸਨੇ ਕੁੱਝ ਪ੍ਰਾਈਵੇਟ ਵਿਅਕਤੀਆਂ ਨਾਲ ਮਿਲੀਭੁਗਤ ਕਰਕੇ ਪਿੰਡ ਕਰੂਰਾ, ਜ਼ਿਲ੍ਹਾ ਰੂਪਨਗਰ ਵਿਖੇ 54 ਏਕੜ ਗੈਰ ਮੁਮਕਿਨ ਪਹਾੜ ਦੀ ਸਰਕਾਰ ਨੂੰ ਕੁਲੈਕਟਰ ਰੇਟ ਨਾਲੋਂ ਵੱਧ ਕੀਮਤ ’ਤੇ ਰਜਿਸਟਰੀ ਕਰਵਾਈ ਹੈ। ਇਸ ਤਰ੍ਹਾਂ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਪੰਜਾਬ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਪਹਿਲਾਂ ਹੀ ਥਾਣਾ ਨੂਰਪੁਰਬੇਦੀ ਜ਼ਿਲ੍ਹਾ ਰੂਪਨਗਰ ਵਿਖੇ ਮੁਕੱਦਮਾ ਨੰਬਰ 69 ਮਿਤੀ 28-06-2022 ਨੂੰ ਆਈ. ਪੀ. ਸੀ. ਦੀ ਧਾਰਾ 420, 465, 467, 468, 471 ਅਤੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7, 7ਏ, 8, 13 ਤਹਿਤ ਉਕਤ ਨਾਇਬ ਤਹਿਸੀਲਦਾਰ ਅਤੇ ਹੋਰਨਾਂ ਵਿਅਕਤੀਆਂ ਖ਼ਿਲਾਫ ਦਰਜ ਹੋਇਆ ਸੀ ਜਿਸ ਦੀ ਤਫਤੀਸ਼ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ : ਦਵਿੰਦਰ ਬੰਬੀਹਾ ਗੈਂਗ ਦਾ ਖ਼ਤਰਨਾਕ ਗੈਂਗਸਟਰ ਗ੍ਰਿਫ਼ਤਾਰ, ਨੀਰਜ ਬਵਾਨਾ ਨੇ ਪੰਜਾਬ ਪੁਲਸ ਨੂੰ ਦਿੱਤੀ ਧਮਕੀ

ਹੋਰ ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਕਰੂਰਾ, ਸ੍ਰੀ ਅਨੰਦਪੁਰ ਸਾਹਿਬ ਵਿਖੇ ਗੈਰਮੁਮਕਿਨ ਪਹਾੜ, ਨਦੀ, ਟਿੱਬਾ, ਚੌਆ, ਚੰਗਰ ਟਿੱਬਾ, ਦਰਾਰ ਆਦਿ ਕਿਸਮ ਦਾ 54 ਏਕੜ ਰਕਬਾ ਕਰੂਰਾ ਪਿੰਡ ਵਾਸੀਆਂ ਦੇ ਨਾਮ ਉਪਰ ਸੀ ਜਿਸ ਨੂੰ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ ਐੱਸ. ਏ. ਐੱਸ ਨਗਰ ਵੱਲੋਂ ਖਰੀਦੇ ਜਾਣ ਦੀ ਤਜਵੀਜ਼ ਸੀ। ਇਸ ਸੰਬੰਧੀ ਉਕਤ ਪਿੰਡ ਦੀ ਜ਼ਮੀਨ ਦੀ ਇੰਸਪੈਕਸ਼ਨ ਕਰਨ ਲਈ ਇਕ ਕਮੇਟੀ ਬਣਾਈ ਗਈ ਜਿਸ ਵਿਚ ਅਮਿਤ ਚੌਹਾਨ ਵਣ ਮੰਡਲ ਅਫਸਰ ਰੂਪਨਗਰ, ਜੁਗਰਾਜ ਸਿੰਘ ਰਿਜ਼ਨਲ ਮੈਨੇਜਰ ਮੋਹਾਲੀ, ਅਮਰਜੀਤ ਸਿੰਘ ਹਲਕਾ ਪਟਵਾਰੀ ਨੁਮਾਇੰਦਾ ਦਫਤਰ ਐੱਸ. ਡੀ. ਐੱਮ ਸ੍ਰੀ ਅਨੰਦਪੁਰ ਸਾਹਿਬ, ਜਸਪਾਲ ਸਿੰਘ ਰੇਂਜ ਅਫਸਰ ਬਲਾਕ ਨੂਰਪੁਰਬੇਦੀ, ਨਰਿੰਦਰ ਸਿੰਘ ਤੇ ਰਾਜੇਸ਼ ਕੁਮਾਰ ਦੋਵੇਂ ਵਣ ਗਾਰਡ, ਰਾਮਪਾਲ ਸਿੰਘ ਸਰਪੰਚ ਪਿੰਡ ਕਰੂਰਾ ਅਤੇ ਯੁਗੇਸ਼ ਕੁਮਾਰ ਬਤੌਰ ਕਮੇਟੀ ਮੈਂਬਰ ਸ਼ਾਮਲ ਸਨ।

ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਕਤਲ ਕਰਨ ਵਾਲੇ ਸ਼ਾਰਪ ਸ਼ੂਟਰ ਫ਼ੌਜੀ ਤੇ ਕਸ਼ਿਸ਼ ਬਾਰੇ ਵੱਡੀ ਗੱਲ ਆਈ ਸਾਹਮਣੇ

ਬੁਲਾਰੇ ਨੇ ਦੱਸਿਆ ਕਿ ਦੋ ਪ੍ਰਾਈਵੇਟ ਵਿਅਕਤੀਆਂ ਦਲਜੀਤ ਸਿੰਘ ਭਿੰਡਰ ਅਤੇ ਅਮਰਿੰਦਰ ਸਿੰਘ ਭਿੰਡਰ ਵੱਲੋਂ ਇਕ ਸਾਜ਼ਿਸ਼ ਤਹਿਤ ਮਿਲੀਭੁਗਤ ਕਰਕੇ ਕੁਲੈਕਟਰ ਰੇਟ 90,000 ਰੁਪਏ ਵਾਲੀ ਜ਼ਮੀਨ ਪੰਜਾਬ ਜੰਗਲਾਤ ਕਾਰਪੋਰੇਸ਼ਨ ਲਿਮਟਿਡ ਨੂੰ 9,90,000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਵੇਚ ਦਿੱਤੀ ਜਿਸ ਕਰਕੇ ਮੁਲਜ਼ਮਾਂ ਨੇ ਮਿਲੀਭੁਗਤ ਰਾਹੀਂ ਸਰਕਾਰੀ ਖਜ਼ਾਨੇ ਨੂੰ 48 ਕਰੋੜ ਰੁਪਏ ਦਾ ਚੂਨਾ ਲਾਇਆ ਹੈ। ਵਿਜੀਲੈਂਸ ਵੱਲੋਂ ਕੀਤੀ ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਕਾਰਪੋਰੇਸ਼ਨ ਨੂੰ ਵੇਚਿਆ ਗਿਆ ਇਹ ਰਕਬਾ 54 ਏਕੜ ਦੀ ਬਜਾਏ ਕਰੀਬ 46 ਏਕੜ ਹੀ ਹੈ। ਦਸਤਾਵੇਜ਼ਾਂ ਤੋਂ ਇਹ ਵੀ ਪਾਇਆ ਗਿਆ ਕਿ ਇਸ ਜ਼ਮੀਨ ਦੀ ਰਜਿਸਟਰੀ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਨੂਰਪੁਰਬੇਦੀ ਤਹਿਸੀਲ ਵਿਚ ਜਾ ਕੇ ਮਿਤੀ 01–09–2020 ਨੂੰ ਵਸੀਕਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਉਪਰੰਤ ਇਸ ਮੁਕੱਦਮੇ ਵਿੱਚ ਦੋਸ਼ੀ ਰਘਵੀਰ ਸਿੰਘ ਨਾਇਬ ਤਹਿਸੀਲਦਾਰ ਉਕਤ ਨੂੰ ਵਿਜੀਲੈਂਸ ਬਿਊਰੋ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। 

ਇਹ ਵੀ ਪੜ੍ਹੋ : ਅਕਾਲੀ ਦਲ ’ਚ ਘਮਸਾਣ ਤੇਜ਼, ਵਿਰੋਧੀ ਧੜੇ ਦੀ ਮੀਟਿੰਗ ਤੋਂ ਬਾਅਦ ਸੁਖਬੀਰ ਬਾਦਲ ਨੇ ਚੁੱਕਿਆ ਵੱਡਾ ਕਦਮ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।

 


author

Gurminder Singh

Content Editor

Related News