ਵਿਜੀਲੈਂਸ ਬਿਊਰੋ ਨੇ ਸੂਬੇ ''ਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਚੁੱਕੀ ਸਹੁੰ
Tuesday, Oct 27, 2020 - 08:15 PM (IST)
ਚੰਡੀਗੜ੍ਹ : ਸਮਾਜ 'ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਏ. ਡੀ. ਜੀ.ਪੀ-ਕਮ-ਚੀਫ ਡਾਇਰੈਕਟਰ ਵਿਜੀਲੈਂਸ ਬਿਊਰੋ ਪੰਜਾਬ ਵੱਲੋਂ ਅੱਜ ਵਿਜੀਲੈਂਸ ਜਾਗਰੂਕਤਾ ਹਫਤੇ ਦੇ ਪਹਿਲੇ ਦਿਨ ਪੰਜਾਬ ਵਿਜੀਲੈਂਸ ਭਵਨ, ਐਸ. ਏ. ਐਸ. ਨਗਰ ਵਿਖੇ ਬਿਊਰੋ ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਸਹੁੰ ਚੁਕਾਈ ਗਈ। ਇਸ ਮੌਕੇ ਸੰਬੋਧਨ ਕਰਦਿਆਂ ਬੀ.ਕੇ. ਉੱਪਲ ਨੇ ਕਿਹਾ ਕਿ ਸਮਾਜ 'ਚੋਂ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਵਿਜੀਲੈਂਸ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਫਰਜਾਂ ਪ੍ਰਤੀ ਜਾਗਰੂਕ ਕਰਨਾ ਸਾਡਾ ਨੈਤਿਕ ਫਰਜ਼ ਹੈ ਤਾਂ ਜੋ ਉਹ ਇਸ ਬੁਰਾਈ ਨੂੰ ਜੜੋਂ ਖਤਮ ਕਰਨ ਦੀਆਂ ਕੋਸ਼ਿਸ਼ਾਂ 'ਚ ਬਿਊਰੋ ਨੂੰ ਸਹਾਇਤਾ ਦੇ ਸਕਣ। ਉਨ੍ਹਾਂ ਸਮੂਹ ਅਧਿਕਾਰੀਆਂ/ਕਰਮਚਾਰੀਆਂ ਨੂੰ ਕਿਹਾ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਣ ਤਾਂ ਜੋ ਸਮਾਜ ਵਿੱਚੋਂ ਭ੍ਰਿਸ਼ਟਾਚਾਰ ਦੀ ਬਿਮਾਰੀ ਨੂੰ ਖਤਮ ਕੀਤਾ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਕਿਹਾ ਕਿ ਸਾਰੇ ਮਾਮਲਿਆਂ ਦੀ ਜਾਂਚ ਸਹੀ ਅਤੇ ਸਮੇਂ ਸਿਰ ਮੁਕੰਮਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭ੍ਰਿਸ਼ਟਾਚਾਰੀਆਂ ਵਿਰੁੱਧ ਜਲਦ ਤੋਂ ਜਲਦ ਸਜ਼ਾ ਯੋਗ ਕਾਰਵਾਈ ਆਰੰਭੀ ਜਾ ਸਕੇ।
ਵਿਜੀਲੈਂਸ ਮੁਖੀ ਨੇ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਸਾਰੇ ਦਰਜ ਕੇਸਾਂ ਦੀ ਮੁਕੰਮਲ ਪੜਤਾਲ ਉਪਰੰਤ ਨਿਰਧਾਰਤ ਸਮੇਂ ਅੰਦਰ ਅਦਾਲਤਾਂ 'ਚ ਚਲਾਣ ਪੇਸ਼ ਕੀਤੇ ਜਾਣ। ਉਨ੍ਹਾਂ ਰਿਸ਼ਵਤਖੋਰਾਂ ਨੂੰ ਵਿਜੀਲੈਂਸ ਹਵਾਲੇ ਕਰਨ ਵਾਲਿਆਂ ਨੂੰ ਸਮੇਂ ਸਿਰ ਸਹੀ ਜਾਣਕਾਰੀ ਦੇਣ ਤੋਂ ਇਲਾਵਾ ਜਨਤਕ ਸੇਵਾ ਪ੍ਰਦਾਨ ਕਰਨ ਦੀ ਵਿਧੀ ਤੇ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਸਵੈਚਾਲਨ, ਆਈ.ਟੀ ਤਕਨੀਕਾਂ ਅਤੇ ਕੁਸ਼ਲ ਜਾਂਚ ਵਿਧੀ ਦੀ ਵਰਤੋਂ ਕਰਨ 'ਤੇ ਜ਼ੋਰ ਦਿੱਤਾ। ਇਸ ਤੋਂ ਇਲਾਵਾ, ਉਨ੍ਹਾਂ ਰਿਸ਼ਵਤਖੋਰਾਂ ਨੂੰ ਵਿਜੀਲੈਂਸ ਹਵਾਲੇ ਕਰਨ ਵਾਲਿਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਰੇ ਐਸ.ਐਸ.ਪੀਜ਼ ਨੂੰ ਹਦਾਇਤ ਕੀਤੀ ਕਿ ਉਹ ਅਜਿਹੇ ਵਿਅਕਤੀਆਂ ਨੂੰ ਪ੍ਰਸੰਸਾ ਪੱਤਰ ਦਿਵਾਉਣ ਲਈ ਨਾਮ ਪ੍ਰਸਤਾਵਿਤ ਕਰਨ। ਵਧੇਰੇ ਜਾਣਕਾਰੀ ਦਿੰਦਿਆਂ ਬੀ.ਕੇ. ਉੱਪਲ ਨੇ ਕਿਹਾ ਇਸ ਹਫ਼ਤੇ ਦੌਰਾਨ ਵਿਜੀਲੈਂਸ ਵੱਲੋਂ ਸੂਬੇ ਭਰ ਵਿੱਚ ਖਾਸਕਰ ਵਿੱਦਿਅਕ ਅਦਾਰਿਆਂ ਵਿੱਚ ਬੈਨਰਾਂ ਅਤੇ ਪੋਸਟਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ ਤਾਂ ਜੋ ਨੌਜਵਾਨਾਂ ਨੂੰ ਭ੍ਰਿਸ਼ਟਾਚਾਰ ਦੇ ਮਾੜੇ ਪ੍ਰਭਾਵਾਂ ਅਤੇ ਬਿਊਰੋ ਵੱਲੋਂ ਸਰਕਾਰੀ ਦਫਤਰਾਂ ਵਿਚ ਭ੍ਰਿਸ਼ਟਾਚਾਰ ਨੂੰ ਰੋਕਣ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਗਰੂਕ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾਇਰੈਕਟਰ-ਕਮ-ਆਈਜੀ ਐਲ.ਕੇ. ਯਾਦਵ, ਆਈਜੀ ਈ.ਓ.ਡਬਲਯੂ ਵਿਭੂ ਰਾਜ, ਡੀਆਈਜੀ ਸੁਰਜੀਤ ਸਿੰਘ ਗਰੇਵਾਲ, ਜੁਆਇੰਟ ਡਾਇਰੈਕਟਰ ਕ੍ਰਾਈਮ ਪਰਮਜੀਤ ਸਿੰਘ ਵਿਰਕ, ਜੁਆਇੰਟ ਡਾਇਰੈਕਟਰ ਪ੍ਰਸ਼ਾਸ਼ਨ ਐਚਐਸ ਭੁੱਲਰ, ਏਆਈਜੀ ਫਲਾਇੰਗ ਸਕੁਐਡ ਅਸ਼ੀਸ਼ ਕਪੂਰ ਅਤੇ ਏਆਈਜੀ ਈ.ਓ.ਡਬਲਯੂ ਗੁਰਸ਼ਰਨਦੀਪ ਸਿੰਘ ਗਰੇਵਾਲ ਅਤੇ ਸੰਯੁਕਤ ਡਾਇਰੈਕਟਰ ਵਰਿੰਦਰ ਸਿੰਘ ਬਰਾੜ ਵੀ ਹਾਜਰ ਸਨ।