ਵਿਜੀਲੈਂਸ ਨੇ ਸਹਿਕਾਰੀ ਸਭਾ ਦਾ ਸਹਾਇਕ ਰਜਿਸਟਰਾਰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
Monday, Oct 10, 2022 - 06:30 PM (IST)

ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋਆਪ੍ਰੇਟਿਵ ਅਤੇ ਮਾਰਕੀਟਿੰਗ ਸੋਸਾਇਟੀ, ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਨੂੰ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ ਹੈ। ਅੱਜ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦਵਿੰਦਰ ਕੁਮਾਰ ਨੂੰ ਸ਼ਿਕਾਇਤਕਰਤਾ ਤਜਿੰਦਰ ਸਿੰਘ ਪਿੰਡ ਬੇਰਛਾ, ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਿਕਾਇਤ ’ਤੇ ਗ੍ਰਿਫ਼ਤਾਰ ਕੀਤਾ ਗਿਆ ਹੈ, ਜੋ ਉਸ ਵਿਰੁੱਧ ਚੱਲ ਰਹੀ ਗਬਨ ਦੀ ਪੜਤਾਲ ਉਸ ਦੇ ਹੱਕ ’ਚ ਕਰਨ ਬਦਲੇ ਰਿਸ਼ਵਤ ਮੰਗ ਰਿਹਾ ਸੀ। ਵੇਰਵੇ ਦਿੰਦਿਆਂ ਉਨ੍ਹਾਂ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਐਂਸ ਕੋਲ ਦਿੱਤੀ ਆਪਣੀ ਸ਼ਿਕਾਇਤ ’ਚ ਦੋਸ਼ ਲਾਇਆ ਹੈ ਕਿ ਜਦੋਂ ਉਹ ਬਤੌਰ ਮੈਨੇਜਰ ਕੋਆਪ੍ਰੇਟਿਵ ਸੋਸਾਇਟੀ, ਟਾਂਡਾ ਵਿਖੇ ਤਾਇਨਾਤ ਸੀ ਤਾਂ ਉਸ ਵਕਤ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ, ਕੋਆਪ੍ਰੇਟਿਵ ਸੋਸਾਇਟੀ ਅਤੇ ਮਾਰਕੀਟਿੰਗ ਸੋਸਾਇਟੀ ਦਸੂਹਾ ਹੁਣ ਵਾਧੂ ਚਾਰਜ ਡਿਪਟੀ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀ ਹੁਸ਼ਿਆਰਪੁਰ ਨੇ ਉਸ ਖ਼ਿਲਾਫ ਗਬਨ ਦਾ ਕੇਸ ਬਣਾਇਆ ਸੀ।
ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਫਰਾਰ ਗੈਂਗਸਟਰ ਦੀਪਕ ਟੀਨੂੰ ਦੀ ਗਰਲਫ੍ਰੈਂਡ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ
ਇਸ ਕੇਸ ਦੇ ਖ਼ਿਲਾਫ ਰਜਿਸਟਰਾਰ ਕੋਆਪ੍ਰੇਟਿਵ ਸੋਸਾਇਟੀਜ਼ ਪੰਜਾਬ, ਚੰਡੀਗੜ੍ਹ ਨੂੰ ਦਾਖ਼ਲ ਅਪੀਲ ਦੀ ਪੜਤਾਲ ਉਪਰੰਤ ਫੈਸਲਾ ਉਸ ਦੇ ਹੱਕ ’ਚ ਹੋਣ ਦੇ ਬਾਵਜੂਦ ਉਕਤ ਮੁਲਜ਼ਮ ਦਵਿੰਦਰ ਕੁਮਾਰ, ਸਹਾਇਕ ਰਜਿਸਟਰਾਰ ਨੇ ਉਸ ਨੂੰ ਡਿਊਟੀ ਉਪਰ ਜੁਆਇਨ ਨਹੀਂ ਕਰਵਾਇਆ ਸਗੋਂ ਉਸ ਦੇ ਖ਼ਿਲਾਫ਼ ਇਕ ਹੋਰ ਗਬਨ ਕੇਸ ਦੀ ਰਿਕਵਰੀ ਸਬੰਧੀ ਜਾਂਚ ਖੋਲ੍ਹ ਦਿੱਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਕਤ ਮੁਲਜ਼ਮ ਦਵਿੰਦਰ ਕੁਮਾਰ ਪਹਿਲਾਂ ਵੀ ਉਸ ਕੋਲੋਂ 5,000 ਰੁਪਏ ਬਤੌਰ ਰਿਸ਼ਵਤ ਲੈ ਚੁੱਕਾ ਹੈ ਅਤੇ ਹੁਣ ਇਸ ਗਬਨ ਕੇਸ ਦੀ ਜਾਂਚ ਉਸ ਦੇ ਹੱਕ ’ਚ ਕਰਨ ਬਦਲੇ 50,000 ਰੁਪਏ ਮੰਗ ਰਿਹਾ ਹੈ। ਵਿਜੀਲੈਂਸ ਵੱਲੋਂ ਸ਼ਿਕਾਇਤਕਰਤਾ ਵੱਲੋਂ ਲਾਏ ਦੋਸ਼ਾਂ ਦੀ ਪੜਤਾਲ ਉਪਰੰਤ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਉਕਤ ਮੁਲਜ਼ਮ ਨੂੰ ਸ਼ਿਕਾਇਤਕਰਤਾ ਕੋਲੋਂ 20,000/- ਰੁਪਏ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਗਿਆ। ਇਸ ਸਬੰਧੀ ਮੁਕੱਦਮਾ ਨੰਬਰ 20 ਮਿਤੀ 10.10.2022 ਨੂੰ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਤਹਿਤ ਥਾਣਾ ਵਿਜੀਲੈਂਸ ਬਿਊਰੋ, ਜਲੰਧਰ ਵਿਖੇ ਦਰਜ ਕਰ ਲਿਆ ਹੈ ਅਤੇ ਇਸ ਸਬੰਧੀ ਹੋਰ ਤਫ਼ਤੀਸ਼ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਗਏ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ, ਲਾਸ਼ ਪਿੰਡ ਪਹੁੰਚਣ ’ਤੇ ਫ਼ੈਲੀ ਸੋਗ ਦੀ ਲਹਿਰ