ਵਿਜੀਲੈਂਸ ਨੇ ਰਿਸ਼ਵਤ ਲੈਣ ਦੇ ਦੋਸ਼ ’ਚ ਪਨਸਪ ਦਾ ਇੰਸਪੈਕਟਰ ਕੀਤਾ ਗ੍ਰਿਫ਼ਤਾਰ
Wednesday, Oct 05, 2022 - 02:05 AM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ’ਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਬਰਨਾਲਾ ਵਿਖੇ ਤਾਇਨਾਤ ਪਨਸਪ ਦੇ ਇੰਸਪੈਕਟਰ ਰਮਨ ਗੌੜ ਨੂੰ 25000 ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ। ਉਧਰ ਇਕ ਹੋਰ ਮਾਮਲੇ ’ਚ ਪਿੰਡ ਅਜਨੌਦਾ ਖੁਰਦ, ਪਟਿਆਲਾ ਦੀ ਸਾਬਕਾ ਸਰਪੰਚ ਨੂੰ ਪੰਚਾਇਤੀ ਫੰਡਾਂ ’ਚ 5.70 ਲੱਖ ਰੁਪਏ ਦੀ ਹੇਰਾਫੇਰੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਖ਼ਬਰ ਵੀ ਪੜ੍ਹੋ : ਬਰਖਾਸਤ CIA ਇੰਚਾਰਜ ਪ੍ਰਿਤਪਾਲ ਨੂੰ ਲੈ ਕੇ ਵੱਡਾ ਖ਼ੁਲਾਸਾ, ਬਰਾਮਦ ਹੋਇਆ ਇਹ ਸਾਮਾਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਦਰਜ ਐੱਫ.ਆਈ.ਆਰ. ਨੰਬਰ 25/21 ਦੀ ਪੜਤਾਲ ਦੌਰਾਨ ਉਕਤ ਇੰਸਪੈਕਟਰ ਪਨਸਪ ਨੂੰ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਉਸ ’ਤੇ ਦੋਸ਼ ਹਨ ਕਿ ਉਸ ਨੇ ਪਨਸਪ ਦੇ ਇਕ ਹੋਰ ਇੰਸਪੈਕਟਰ ਪੁਖਰਾਜ ਸਿੰਗਲਾ ਨਾਲ ਮਿਲ ਕੇ ਇਕ ਆੜ੍ਹਤੀਏ ਕੋਲੋਂ ਉਸ ਦੇ ਬਿੱਲਾਂ ਦੀ ਅਦਾਇਗੀ ਕਰਨ ਲਈ 25,000 ਰੁਪਏ ਦੀ ਰਿਸ਼ਵਤ ਲਈ ਸੀ। ਇਸ ਮਾਮਲੇ ’ਚ ਪੁਖਰਾਜ ਸਿੰਗਲਾ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਵਿਜੀਲੈਂਸ ਟੀਮ ਨੇ ਤਲਾਸ਼ੀ ਦੌਰਾਨ ਰਮਨ ਗੌੜ ਕੋਲੋਂ 3.40 ਲੱਖ ਰੁਪਏ ਦੀ ਰਕਮ ਬਰਾਮਦ ਕੀਤੀ ਹੈ। ਇਸ ਮਾਮਲੇ ਦੀ ਹੋਰ ਜਾਂਚ ਜਾਰੀ ਹੈ। ਬੁਲਾਰੇ ਨੇ ਅੱਗੇ ਦੱਸਿਆ ਕਿ ਇਕ ਹੋਰ ਕੇਸ ’ਚ ਵਿਜੀਲੈਂਸ ਬਿਊਰੋ ਪਟਿਆਲਾ ਰੇਂਜ ਨੇ ਪਿੰਡ ਅਜਨੌਦਾ ਖੁਰਦ, ਜ਼ਿਲ੍ਹਾ ਪਟਿਆਲਾ ਦੀ ਸਾਬਕਾ ਸਰਪੰਚ ਸੁਖਵਿੰਦਰ ਕੌਰ ਨੂੰ ਉਸ ਦੇ ਕਾਰਜਕਾਲ ਦੌਰਾਨ ਗ੍ਰਾਮ ਪੰਚਾਇਤ ਦੇ ਫੰਡਾਂ ’ਚ 5.70 ਲੱਖ ਰੁਪਏ ਦੇ ਗਬਨ ਦੇ ਦੋਸ਼ਾਂ ਤਹਿਤ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ : IND vs SA, 3rd T20I : 49 ਦੌੜਾਂ ਨਾਲ ਹਾਰਿਆ ਭਾਰਤ, 2-1 ਨਾਲ ਦੱਖਣੀ ਅਫ਼ਰੀਕਾ ਤੋਂ ਜਿੱਤੀ ਸੀਰੀਜ਼