ਵਿਜੀਲੈਂਸ ਦੇ ਵਿਛਾਏ ਜਾਲ ’ਚ ਫਸਿਆ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ., ਰੰਗੇ ਹੱਥੀਂ ਕੀਤਾ ਕਾਬੂ

Monday, Aug 28, 2023 - 03:26 PM (IST)

ਵਿਜੀਲੈਂਸ ਦੇ ਵਿਛਾਏ ਜਾਲ ’ਚ ਫਸਿਆ ਪੀ. ਐੱਸ. ਪੀ. ਸੀ. ਐੱਲ. ਦੇ ਜੇ. ਈ., ਰੰਗੇ ਹੱਥੀਂ ਕੀਤਾ ਕਾਬੂ

ਸ਼੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਕੁਲਦੀਪ ਰਿਣੀ) : ਵਿਜੀਲੈਂਸ ਵਿਭਾਗ ਵੱਲੋਂ ਅੱਜ ਸਤਨਾਮ ਸਿੰਘ ਪੀ. ਐੱਸ. ਪੀ. ਸੀ. ਐੱਲ. ਸ੍ਰੀ ਮੁਕਤਸਰ ਸਾਹਿਬ ਨੂੰ 5 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰ ਲਿਆ ਹੈ। ਇਸ ਜੇ. ਈ. ਨੂੰ ਸ੍ਰੀ ਮੁ਼ਕਤਸਰ ਸਾਹਿਬ ਦੇ ਵਾਸੀ ਗੁਰਭੇਜ ਸਿੰਘ ਪੁੱਤਰ ਪੂਰਨ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਮੁਕੱਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ ਗਿਆ ਹੈ। ਗੁਰਭੇਜ ਸਿੰਘ ਨੇ ਵਿਜੀਲੈਂਸ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਉਸਦਾ ਦਰਵੇਸ਼ ਬੱਸ ਸਰਵਿਸ ਦੇ ਨਾਮ ਪਰ ਟਰਾਂਸਪੋਰਟ ਦਾ ਕੰਮ ਹੈ। ਇਸ ਟਰਾਂਸਪੋਰਟ ਦੀ ਇਕ ਬੱਸ ਬੀਤੀ 7 ਅਗਸਤ ਨੂੰ ਆਦੇਸ਼ ਹਸਤਪਾਲ ਸ੍ਰੀ ਮੁਕਤਸਰ ਸਾਹਿਬ ਦੇ ਸਿੱਖਿਆਰਥੀਆ ਨੂੰ ਬਠਿੰਡਾ ਵਿਖੇ ਲੈ ਕੇ ਗਈ ਸੀ, ਵਾਪਸੀ ਸਮੇਂ ਇਸ ਬੱਸ ਦੀ ਛੱਤ  ਆਦੇਸ਼ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਦੇ ਮੇਨ ਗੇਟ ਦੇ ਬਾਹਰ ਬਿਜਲੀਆ ਦੀ ਤਾਰਾਂ ਵਿਚ ਫਸ ਗਈ ਜਿਸ ਕਾਰਨ ਬਿਜਲੀ ਦੇ ਦੋ ਖੰਬੇ ਟੁੱਟ ਗਏ ਅਤੇ ਬਿਜਲੀ ਦੀ ਸਪਲਾਈ ਬੰਦ ਹੋ ਗਈ। 

ਟਰਾਂਸਪੋਰਟ ਕੰਪਨੀ ਵੱਲੋ ਲੋਕ ਹਿੱਤ ਨੂੰ ਦੇਖਦੇ ਹੋਏ ਦੋਵੇਂ ਖੰਬੇ ਪ੍ਰਾਈਵੇਟ ਤੌਰ ’ਤੇ ਲਗਵਾ ਕੇ ਬਿਜਲੀ ਦੀ ਸਪਲਾਈ ਚਾਲੂ ਕਰਵਾ ਦਿੱਤੀ ਗਈ। ਇਹ ਮਾਮਲਾ ਰਫਾ ਦਫਾ ਕਰਨ ਲਈ ਅਤੇ ਇਸ ਨੁਕਸਾਨੀ ਲਈ ਸਰਕਾਰੀ ਪ੍ਰਾਪਰਟੀ ਸਬੰਧੀ ਕੋਈ ਕਾਰਵਾਈ ਨਾ ਕਰਨ ਦੇ ਬਦਲੇ ਜੇ.ਈ. ਸਤਨਾਮ ਸਿੰਘ ਵੱਲੋਂ ਉਨ੍ਹਾਂ ਪਾਸੋਂ 8 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਅਤੇ 5 ਹਜ਼ਾਰ ਰੁਪਏ ਲੈਣ ਲਈ ਸਹਿਮਤ ਹੋ ਗਿਆ। ਗੁਰਭੇਜ ਸਿੰਘ ਦੀ ਸ਼ਿਕਾਇਤ ਦੀ ਮੁੱਢਲੀ ਪੜਤਾਲ ਉਪਰੰਤ ਵਿਜੀਲੈਂਸ ਬਿਓਰੋ ਨੇ ਜਾਲ ਵਿਛਾਇਆ ਤੇ ਜੇ.ਈ. ਸਤਨਾਮ ਸਿੰਘ ਪੀ.ਐਸ.ਪੀ.ਸੀ.ਐਲ. ਸ੍ਰੀ ਮੁਕਤਸਰ ਸਾਹਿਬ ਨੂੰ ਗੁਰਭੇਜ ਸਿੰਘ ਕੋਲੋਂ 5 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਰਕਮ ਹਾਸਲ ਕਰਦਿਆ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧ ਵਿਚ ਉਕਤ ਮੁਲਜ਼ਮ ਖ਼ਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।


author

Gurminder Singh

Content Editor

Related News