ਵਿਧਾਨ ਸਭਾ ''ਚ ਅਮਨ-ਕਾਨੂੰਨ ਦਾ ਮੁੱਦਾ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ : ਮਜੀਠੀਆ

Sunday, Feb 04, 2018 - 09:55 AM (IST)

ਅੰਮ੍ਰਿਤਸਰ (ਛੀਨਾ) - ਪੰਜਾਬ 'ਚ ਅਮਨ-ਕਾਨੂੰਨ ਦੀ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਹੈ। ਕਾਂਗਰਸ ਸਰਕਾਰ ਵੱਲੋਂ ਰਾਜ ਵਿਚ ਕਾਨੂੰਨ ਵਿਵਸਥਾ ਬਹਾਲ ਰੱਖਣ 'ਚ ਨਾਕਾਮ ਰਹਿਣ ਅਤੇ ਲੋਕ ਮਸਲਿਆਂ ਵੱਲ ਧਿਆਨ ਨਾ ਦੇਣ ਦਾ ਮੁੱਦਾ ਅਕਾਲੀ ਦਲ ਵੱਲੋਂ ਵਿਧਾਨ ਸਭਾ 'ਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਇਆ ਜਾਵੇਗਾ।
ਇਸ ਸਬੰਧੀ ਸਾਬਕਾ ਮੰਤਰੀ ਅਤੇ ਅਕਾਲੀ ਦਲ ਦੇ ਜਨਰਲ ਸਕੱਤਰ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਸਰਕਾਰ ਅਤੇ ਹੁਕਮਰਾਨ ਧਿਰ ਦਾ ਪਹਿਲਾ ਫਰਜ਼ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਣਾ ਹੋਣਾ ਚਾਹੀਦਾ ਹੈ ਪਰ ਇਹ ਲੋਕ ਗੁੰਡਾ ਅਨਸਰਾਂ ਨੂੰ ਸ਼ਹਿ ਦੇਣ 'ਚ ਮਸ਼ਰੂਫ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਮਾਰੇ ਗਏ ਗੈਂਗਸਟਰਾਂ ਦੇ ਪਰਿਵਾਰਕ ਮੈਂਬਰ ਇਹ ਖੁਲਾਸਾ ਕਰ ਚੁੱਕੇ ਹਨ ਕਿ ਉਨ੍ਹਾਂ ਦੇ ਨੌਜਵਾਨ ਬੱਚਿਆਂ ਨੂੰ ਗਲਤ ਰਾਹ ਪਾਉਣ ਵਾਲੇ ਕਾਂਗਰਸ ਦੇ ਆਗੂ ਹੀ ਹਨ।
ਤਰਨਤਾਰਨ ਦੇ ਕਾਂਗਰਸੀ ਵਿਧਾਇਕ ਨੂੰ ਆੜੇ ਹੱਥੀਂ ਲੈਂਦਿਆਂ ਸ. ਮਜੀਠੀਆ ਨੇ ਕਿਹਾ ਕਾਂਗਰਸ ਨੂੰ ਇਹ ਇਕਬਾਲ ਕਰਨਾ ਚਾਹੀਦਾ ਹੈ ਕਿ ਤਰਨਤਾਰਨ ਦੇ ਬਾਜ਼ਾਰਾਂ 'ਚ ਦਿਨ-ਦਿਹਾੜੇ ਗੁਰੂ ਘਰ ਜਾ ਰਹੀਆਂ ਲੜਕੀਆਂ ਦੀ ਕੀਤੀ ਗਈ ਖਿੱਚ-ਧੂਹ ਤੇ ਸੈਂਕੜਿਆਂ ਦੇ ਕਰੀਬ ਦੁਕਾਨਾਂ ਦੀ ਭੰਨ-ਤੋੜ ਕਰਦਿਆਂ ਮਾਲ ਲੁੱਟਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਉਨ੍ਹਾਂ ਦੀ ਸ਼ਹਿ ਸੀ, ਉਨ੍ਹਾਂ ਦੀ ਮਿਲੀਭੁਗਤ ਅਤੇ ਸਮਰਥਨ ਨਾਲ ਹੀ ਇਹ ਸਭ ਗੁੰਡਾਗਰਦੀ ਹੋਈ।
ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਹਰਵਿੰਦਰ ਸਿੰਘ ਭੁੱਲਰ ਕੋਟਲਾ, ਹਰਕੀਰਤ ਸਿੰਘ ਸ਼ਹੀਦ, ਬਲਜੀਤ ਸਿੰਘ ਚੰਦੀ, ਡਾ. ਦਿਲਬਾਗ ਸਿੰਘ ਧੰਜੂ, ਮਨਪ੍ਰੀਤ ਸਿੰਘ ਉੱਪਲ, ਅਨੂਪ ਸੰਧੂ, ਬਲਜੀਤ ਸਰਪੰਚ, ਪ੍ਰੋ. ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ ਆਦਿ ਮੌਜੂਦ ਸਨ।


Related News