ਆਖਿਰ ਕਦੋਂ ਹੋਵੇਗਾ ਨਸ਼ਿਆਂ ਦਾ ਖਾਤਮਾ, ਹੈਰੋਇਨ ਵੇਚਦੀ ਨਾਬਾਲਗ ਕੁੜੀ ਦੀ ਵੀਡੀਓ ਵਾਇਰਲ
Sunday, Sep 03, 2023 - 01:13 AM (IST)
ਨਡਾਲਾ (ਸ਼ਰਮਾ) : ਮੁੱਖ ਮੰਤਰੀ ਭਗਵੰਤ ਮਾਨ ਤੇ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ’ਚੋਂ ਨਸ਼ਿਆਂ ਨੂੰ ਖਤਮ ਕਰਨ ਲਈ ਪੂਰਾ ਜ਼ੋਰ ਲਾਇਆ ਜਾ ਰਿਹਾ ਹੈ। ਪੁਲਸ ਨੇ ਨਸ਼ਾ ਸਮੱਗਲਰਾਂ ਖ਼ਿਲਾਫ਼ ਸਖਤ ਮੁਹਿੰਮ ਵੀ ਵਿੱਢੀ ਹੋਈ ਹੈ, ਜਿਸ ਤਹਿਤ ਪੁਲਸ ਨੇ ਨਸ਼ਿਆਂ ਦੀ ਸਪਲਾਈ ਕਰਨ ਵਾਲੇ ਕਈ ਵੱਡੇ ਮਗਰਮੱਛਾਂ ਨੂੰ ਗ੍ਰਿਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟਿਆ ਹੈ। ਅਜੇ ਵੀ ਸੂਬੇ ’ਚੋਂ ਨਸ਼ਾ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਪੁਲਸ ਦੀਆਂ ਹੀ ਕਾਲੀਆਂ ਭੇਡਾਂ ਦੀ ਮਿਲੀਭੁਗਤ ਨਾਲ ਕਈ ਥਾਵਾਂ ’ਤੇ ਨਸ਼ਾ ਸ਼ਰੇਆਮ ਵਿਕ ਰਿਹਾ ਹੈ। ਇਸ ਦਾ ਅੰਦਾਜ਼ਾ ਜ਼ਿਲ੍ਹਾ ਕਪੂਰਥਲਾ ਦੀ ਇਕ ਨਾਬਾਲਗ ਲੜਕੀ ਵੱਲੋਂ ਹੈਰੋਇਨ ਵੇਚਦੀ ਦੀ ਵਾਇਰਲ ਹੋਈ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ। ਫਿਲਹਾਲ ਪੁਲਸ ਨੇ ਮਾਮਲੇ ’ਚ 3 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਇਹ ਵੀ ਪੜ੍ਹੋ : ਮਾਮਲਾ 2 ਭਰਾਵਾਂ ਦੀ ਖੁਦਕੁਸ਼ੀ ਦਾ, ਇਕ ਦੀ ਮਿਲੀ ਲਾਸ਼, ਥਾਣੇਦਾਰ ਤੋਂ ਤੰਗ ਆ ਕੇ ਚੁੱਕਿਆ ਸੀ ਖ਼ੌਫਨਾਕ ਕਦਮ
ਜਾਣਕਾਰੀ ਅਨੁਸਾਰ ਮੁੱਖ ਅਫ਼ਸਰ ਥਾਣਾ ਸੁਭਾਨਪੁਰ ਹਰਦੀਪ ਸਿੰਘ ਦੀ ਅਗਵਾਈ ਹੇਠ ਸਬ-ਇੰਸਪੈਕਟਰ ਬਲਜੀਤ ਸਿੰਘ ਪੁਲਸ ਪਾਰਟੀ ਸਣੇ ਭੈੜੇ ਪੁਰਸ਼ਾਂ ਦੀ ਤਲਾਸ਼ 'ਚ ਥਾਣਾ ਸੁਭਾਨਪੁਰ ਤੋਂ ਪਿੰਡ ਬੂਟਾਂ, ਪਹਾੜੀਪੁਰ, ਬਾਦਸ਼ਾਹਪੁਰ ਆਦਿ ਨੂੰ ਜਾ ਰਹੇ ਸਨ। ਇਸ ਦੌਰਾਨ ਜਦੋਂ ਪੁਲਸ ਪਾਰਟੀ ਬਾਦਸ਼ਾਹਪੁਰ ਸਕੂਲ ਨੇੜੇ ਪੁੱਜੀ ਤਾਂ ਸਬ-ਇੰਸਪੈਕਟਰ ਬਲਜੀਤ ਸਿੰਘ ਦੇ ਵਟਸਐਪ ਨੰਬਰ ’ਤੇ ਇਕ ਵੀਡੀਓ ਪ੍ਰਾਪਤ ਹੋਈ, ਜਿਸ ਵਿੱਚ ਇਕ ਨਾਬਾਲਗ ਲੜਕੀ ਹੈਰੋਇਨ ਨੂੰ ਕੰਡੇ ਨਾਲ ਤੋਲ ਕੇ ਛੋਟੀਆਂ-ਛੋਟੀਆਂ ਪੁੜੀਆਂ ਬਣਾ ਕੇ ਵੇਚ ਰਹੀ ਹੈ।
ਇਹ ਵੀ ਪੜ੍ਹੋ : ਪੱਥਰ ਦਿਲ ਮਾਂ, ਡੇਢ ਮਹੀਨੇ ਦੀ ਮਾਸੂਮ ਬੱਚੀ ਨੂੰ ਝਾੜੀਆਂ 'ਚ ਸੁੱਟਿਆ
ਇਸ ਦੌਰਾਨ ਤੁਰੰਤ ਐਕਸ਼ਨ ’ਚ ਆਈ ਪੁਲਸ ਪਾਰਟੀ ਨੇ ਉਕਤ ਲੜਕੀ ਦੀ ਪਛਾਣ ਕਰ ਲਈ। ਪਤਾ ਲੱਗਾ ਕਿ ਉਕਤ ਲੜਕੀ ਪਿੰਡ ਬਾਦਸ਼ਾਹਪੁਰ ਡੇਰੇ ਥਾਣਾ ਸੁਭਾਨਪੁਰ ਦੀ ਰਹਿਣ ਵਾਲੀ ਹੈ, ਜੋ ਆਪਣੇ ਘਰ 'ਚ ਨਸ਼ਾ ਰੱਖ ਕੇ ਉਸ ਦੀ ਵਿਕਰੀ ਗਾਹਕਾਂ ਨੂੰ ਕਰ ਰਹੀ ਹੈ। ਨਸ਼ਾ ਵੇਚਣ ’ਚ ਇਸ ਦੀ ਮਾਤਾ ਤੇ ਭਰਾ ਬਾਦਸ਼ਾਹਪੁਰ ਡੇਰੇ ਦਾ ਪੂਰਾ ਸਾਥ ਹੈ।
ਇਸ ਦੌਰਾਨ ਜਦ ਪੁਲਸ ਪਾਰਟੀ ਨੇ ਉਕਤ ਜਗ੍ਹਾ ’ਤੇ ਰੇਡ ਕੀਤੀ ਤਾਂ ਲੜਕੀ ਦੇ ਭਰਾ ਗੁਰਜੰਟ ਸਿੰਘ ਜੰਟ ਨੂੰ ਮੌਕੇ ’ਤੇ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ, ਜਿਸ ਕੋਲੋਂ ਇਕ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਥਾਣਾ ਸੁਭਾਨਪੁਰ ਵਿਖੇ ਹੋਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਭੁਲੱਥ ਭਰਤ ਭੂਸ਼ਣ ਸੈਣੀ ਨੇ ਦੱਸਿਆ ਕਿ ਉਕਤ ਮੁਲਜ਼ਮਾਂ ਖ਼ਿਲਾਫ਼ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ, ਜਿਨ੍ਹਾਂ ’ਚੋਂ ਇਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਬਾਕੀਆਂ ਦੀ ਭਾਲ ਜਾਰੀ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8