ਸਿੱਧਵਾਂ ਨਹਿਰ ''ਚ ਸੁਆਹ ਸੁੱਟਦੇ ਸਾਈਕਲ ਕਾਰੋਬਾਰੀਆਂ ਦਾ ਵੀਡੀਓ ਵਾਇਰਲ

Monday, Jun 11, 2018 - 05:59 AM (IST)

ਲੁਧਿਆਣਾ, (ਬਹਿਲ)- ਪੰਜਾਬ ਦੀ ਉਦਯੋਗਿਕ ਰਾਜਧਾਨੀ ਲੁਧਿਆਣਾ ਦੇ ਪ੍ਰਮੁੱਖ ਸਾਈਕਲ ਕਾਰੋਬਾਰੀਆਂ ਵੱਲੋਂ ਸਿੱਧਵਾਂ ਨਹਿਰ 'ਚ ਸੁਆਹ ਦੇ ਬੋਰੇ ਸੁੱਟਣ ਨਾਲ ਨਹਿਰ ਦਾ ਪਾਣੀ ਕਾਲਾ ਹੋਣ ਦਾ ਵੀਡੀਓ ਪੂਰੇ ਪੰਜਾਬ 'ਚ ਤੇਜ਼ੀ ਨਾਲ ਵਾਇਰਲ ਹੋਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। 
ਮਾਮਲਾ ਨਹਿਰੀ ਵਿਭਾਗ ਨਾਲ ਜੁੜਿਆ ਹੋਣ ਕਾਰਨ ਵਿਭਾਗ ਦੇ ਅਧਿਕਾਰੀਆਂ ਨੇ ਇਸ ਦਾ ਸਖ਼ਤ ਨੋਟਿਸ ਲੈਂਦੇ ਹੋਏ ਸਿੱਧਵਾਂ ਨਹਿਰ 'ਚ ਪ੍ਰਦੂਸ਼ਣ ਫੈਲਾਉਣ ਦੇ ਜ਼ਿੰਮੇਦਾਰ ਵਿਅਕਤੀਆਂ ਖਿਲਾਫ ਸੰਬੰਧਿਤ ਥਾਣਾ ਦੋਰਾਹਾ ਵਿਚ ਕਨਾਲ ਐਕਟ ਅਧੀਨ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ।
ਸਿੱਧਵਾਂ ਕੈਨਾਲ 'ਚ ਕਾਲੀ ਸੁਆਹ ਸੁੱਟਣ ਦਾ ਵਾਇਰਲ ਹੋਇਆ ਵੀਡੀਓ 9 ਜੂਨ ਦਾ ਹੈ, ਜਿਸ ਵਿਚ ਸਫੈਦ ਰੰਗ ਦੀ ਇਕ ਹਾਂਡਾ ਅਮੇਜ਼ ਗੱਡੀ ਵਿਚ ਸਵਾਰ ਹੋ ਕੇ ਆਏ ਵਿਅਕਤੀਆਂ ਵੱਲੋਂ ਸੁਆਹ ਨਾਲ ਭਰੇ ਬੋਰੇ ਨਹਿਰ ਦੇ ਪਾਣੀ 'ਚ ਸੁੱਟਦੇ ਦਿਸ ਰਹੇ ਹਨ। ਉਥੇ 2 ਬੋਰੇ ਕਾਰ ਨੇੜੇ ਪਏ ਦਿਖਾਈ ਦੇ ਰਹੇ ਹਨ।

ਇਹ ਸੱਚਾਈ ਆਈ ਸਾਹਮਣੇ
ਸਿੱਧਵਾਂ ਨਹਿਰ 'ਚ ਕਾਲੀ ਸੁਆਹ ਸੁੱਟਣ ਦੇ ਵਾਇਰਲ ਵੀਡੀਓ ਦੀ ਪੜਤਾਲ ਕਰਨ ਦੇ ਬਾਅਦ ਇਹ ਮਾਮਲਾ ਫੋਕਲ ਪੁਆਇੰਟ 'ਚ ਸਾਈਕਲ ਪਾਰਟਸ ਨਿਰਮਾਤਾ ਕੰਪਨੀ ਗਣਪਤੀ ਇਪੈਕਸ ਦੇ ਮਾਲਕ ਸੰਜੀਵ ਜੈਨ ਨਾਲ ਜੁੜਿਆ ਪਾਇਆ ਗਿਆ। 'ਜਗ ਬਾਣੀ' ਵੱਲੋਂ ਸੰਜੀਵ ਜੈਨ ਨਾਲ ਸੰਪਰਕ ਕਰਨ 'ਤੇ ਉਨ੍ਹਾਂ ਨੇ ਮੰਨਿਆ ਕਿ ਸਿੱਧਵਾਂ ਕੈਨਾਲ ਵਿਚ ਉਨ੍ਹਾਂ ਵੱਲੋਂ ਸੁੱਟੀ ਗਈ ਸੁਆਹ ਅਸਲ ਵਿਚ ਹਵਨ ਸਮੱਗਰੀ ਅਤੇ ਪੂਜਾ ਦੀ ਰਾਖ ਹੈ, ਜੋ ਕਿ ਉਨ੍ਹਾਂ ਨੇ ਪੰਡਿਤ ਦੇ ਕਹਿਣ 'ਤੇ ਨਹਿਰ ਵਿਚ ਜਲ ਪ੍ਰਵਾਹ ਕੀਤੀ ਹੈ। ਜਦੋਂ ਸੰਜੀਵ ਜੈਨ ਤੋਂ ਨਹਿਰ ਵਿਚ ਇੰਡਸਟਰੀਅਲ ਵੈਸਟ ਸੁੱਟਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਆਪਣਾ ਪੱਖ ਰੱਖਦੇ ਹੋਏ ਸਪੱਸ਼ਟ ਕੀਤਾ ਕਿ ਇਹ ਸੁਆਹ ਫਲਾਈ ਐਸ਼ ਨਹੀਂ ਹੈ, ਕਿਉਂਕਿ ਉਨ੍ਹਾਂ ਦੀ ਸਾਈਕਲ ਪਾਰਟਸ ਬਣਾਉਣ ਦੀ ਫੈਕਟਰੀ ਹੈ, ਜਿਸ ਵਿਚ ਬੁਆਇਲਰ ਦੀ ਵਰਤੋਂ ਨਹੀਂ ਹੁੰਦੀ ਹੈ। ਇਹ ਸੁਆਹ ਸ਼ਨੀਵਾਰ ਨੂੰ ਉਨ੍ਹਾਂ ਦੇ ਘਰ ਸਿਹਤ ਸਬੰਧੀ ਸਮੱਸਿਆ ਦੇ ਹੱਲ ਲਈ ਕਰਵਾਏ ਗਏ ਹਵਨ ਯੱਗ ਵਿਚ ਵਰਤੋਂ ਕੀਤੀ ਪੂਜਾ ਸਮੱਗਰੀ ਹੈ। ਉਨ੍ਹਾਂ ਕਿਹਾ ਕਿ ਅਣਜਾਣੇ ਵਿਚ ਹੋਈ ਗਲਤੀ ਲਈ ਉਹ ਜਨਤਾ ਅਤੇ ਪ੍ਰਦੂਸ਼ਣ ਵਿਭਾਗ ਤੋਂ ਮੁਆਫੀ ਮੰਗਦੇ ਹਨ।
ਪ੍ਰਦੂਸ਼ਣ ਵਿਭਾਗ ਨੇ ਨਹਿਰੀ ਵਿਭਾਗ ਨੂੰ ਮਾਮਲਾ ਕੀਤਾ ਰੈਫਰ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੀਫ ਇੰਜੀਨੀਅਰ ਅਤੇ ਲੁਧਿਆਣਾ ਵਿਭਾਗ ਦੇ ਪ੍ਰਮੁੱਖ ਪ੍ਰਦੀਪ ਗੁਪਤਾ ਦਾ ਕਹਿਣਾ ਹੈ ਕਿ ਨਹਿਰ ਵਿਚ ਸੁਆਹ ਸੁੱਟ ਕੇ ਪ੍ਰਦੂਸ਼ਣ ਫੈਲਾਉਣ ਦਾ ਮਾਮਲਾ ਨਹਿਰੀ ਵਿਭਾਗ ਨਾਲ ਜੁੜਿਆ ਹੈ, ਕਿਉਂਕਿ ਇਸ ਵਿਚ ਇੰਡਸਟਰੀਅਲ ਵੇਸਟ ਨਹੀਂ ਹੈ, ਇਸ ਲਈ ਐਕਸੀਅਨ ਜੀ. ਐੱਸ. ਗਿੱਲ ਨੂੰ ਸਿੱਧਵਾਂ ਕੈਨਾਲ ਨਾਲ ਸੰਬੰਧਿਤ ਉੱਚ ਅਧਿਕਾਰੀਆਂ ਨੂੰ ਕਨਾਲ ਐਕਟ ਤਹਿਤ ਕੇਸ ਦਰਜ ਕਰਨ ਲਈ ਰੈਫਰ ਕਰ ਦਿੱਤਾ ਗਿਆ।

ਨਹਿਰੀ ਪਾਣੀ 'ਚ ਕਿਸੇ ਤਰ੍ਹਾਂ ਦੀ ਸਮੱਗਰੀ ਸੁੱਟਣ 'ਤੇ ਹੈ ਪਾਬੰਦੀ
ਨਹਿਰ ਵਿਭਾਗ ਦੇ ਐੱਸ. ਈ. ਵਰਿੰਦਰ ਪਾਲ ਸਿੰਘ ਦਾ ਕਹਿਣਾ ਹੈ ਕਿ ਨਹਿਰ ਦੇ ਪਾਣੀ ਵਿਚ ਕਿਸੇ ਤਰ੍ਹਾਂ ਦੀ ਸਮੱਗਰੀ ਸੁੱਟ ਕੇ ਇਸ ਨੂੰ ਪ੍ਰਦੂਸ਼ਿਤ ਕਰਨਾ ਸਜ਼ਾਯੋਗ ਅਪਰਾਧ ਹੈ ਤੇ ਕੈਨਾਲ ਐਕਟ ਤਹਿਤ ਇਸ 'ਤੇ ਪੂਰੀ ਪਾਬੰਦੀ ਹੈ। ਲੁਧਿਆਣਾ ਵਿਚ ਫੇਸਬੁੱਕ ਅਤੇ ਵਟਸਐਪ 'ਤੇ ਇਹ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਦੋ ਵਿਅਕਤੀ ਸਿੱਧਵਾਂ ਨਹਿਰ 'ਚ ਕਾਲੀ ਸੁਆਹ ਸੁੱਟਦੇ ਦਿਖਾਏ ਗਏ ਹਨ। ਇਸ ਤੋਂ ਇਲਾਵਾ ਉਨ੍ਹਾਂ ਦੀ ਕਾਰ ਦਾ ਨੰਬਰ ਵੀ ਸਪੱਸ਼ਟ ਦਿਖਾਈ ਦੇ ਰਿਹਾ ਹੈ। ਨਹਿਰੀ ਵਿਭਾਗ ਵੱਲੋਂ ਅਸੀਂ ਥਾਣਾ ਦੋਰਾਹਾ ਦੇ ਅਧਿਕਾਰੀਆਂ ਨੂੰ ਕੈਨਾਲ ਐਕਟ ਦੀ ਧਾਰਾ -70 (5) ਅਧੀਨ ਸਬੰਧਿਤ ਦੋਸ਼ੀ ਵਿਅਕਤੀਆਂ 'ਤੇ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਦੱਸ ਦੇਈਏ ਕਿ ਸਿੱਧਵਾਂ ਨਹਿਰ 'ਚ ਰੋਜ਼ਾਨਾ ਸੈਂਕੜੇ ਲੋਕਾਂ ਵੱਲੋਂ ਪੂਜਾ ਸਮੱਗਰੀ, ਕੂੜਾ-ਕਰਕਟ, ਸੁੱਟ ਕੇ ਇਸ ਨੂੰ ਪ੍ਰਦੂਸ਼ਿਤ ਕੀਤਾ ਜਾਂਦਾ ਹੈ ਅਤੇ ਨਹਿਰ ਵਿਚ ਗੰਦਗੀ ਦੇ ਢੇਰ ਲੱਗੇ ਪਏ ਹਨ, ਕੀ ਪ੍ਰਸ਼ਾਸਨ ਦਾ ਇਸ ਵੱਲ ਧਿਆਨ ਜਾਵੇਗਾ।


Related News