ਵੀਡੀਓ ਕਾਨਫਰੰਸ ਰਾਹੀਂ ਜੱਗੀ ਜੌਹਲ ਅਦਾਲਤ 'ਚ ਪੇਸ਼

Tuesday, Jan 08, 2019 - 10:25 AM (IST)

ਵੀਡੀਓ ਕਾਨਫਰੰਸ ਰਾਹੀਂ ਜੱਗੀ ਜੌਹਲ ਅਦਾਲਤ 'ਚ ਪੇਸ਼

ਮੋਗਾ (ਸੰਦੀਪ) : ਦੋ ਸਾਲ ਪਹਿਲਾਂ ਥਾਣਾ ਬਾਘਾਪੁਰਾਣਾ ਵਿਖੇ ਹਿੰਦੂ ਨੇਤਾਵਾਂ ਦੀ ਹੱਤਿਆ ਦੇ ਕਥਿਤ ਦੋਸ਼ਾਂ 'ਚ ਨਾਮਜ਼ਦ ਕੀਤੇ ਗਏ ਵਿਅਕਤੀਆਂ ਦੀ ਵੀਡੀਓ ਕਾਨਫਰੰਸ ਰਾਹੀਂ ਸਥਾਨਕ ਜ਼ਿਲਾ ਅਤੇ ਵਧੀਕ ਸੈਸ਼ਨ ਜੱਜ ਚਰਨਜੀਤ ਅਰੋੜਾ ਦੀ ਅਦਾਲਤ ਵਿਚ ਪੇਸ਼ੀ ਕਰਵਾਈ ਗਈ।

ਮਾਣਯੋਗ ਅਦਾਲਤ ਵੱਲੋਂ ਅੱਜ ਦੀ ਕਾਰਵਾਈ ਤੋਂ ਬਾਅਦ ਅਗਲੀ ਸੁਣਵਾਈ 21 ਜਨਵਰੀ ਨੂੰ ਕੀਤੀ ਜਾਵੇਗੀ। ਜਾਣਕਾਰੀ ਮੁਤਾਬਕ ਥਾਣਾ ਬਾਘਾਪੁਰਾਣਾ ਪੁਲਸ ਵੱਲੋਂ 17 ਦਸੰਬਰ, 2016 ਨੂੰ ਇਕ ਮਾਮਲਾ ਦਰਜ ਕਰ ਕੇ ਇਸ ਵਿਚ ਹਿੰਦੂ ਨੇਤਾਵਾਂ ਦੀ ਮਿੱਥ ਕੇ ਹੱਤਿਆ ਕਰਨ ਵਾਲੇ 9 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਅਕਤੀਆਂ ਖਿਲਾਫ ਪਹਿਲਾਂ ਵੀ ਸੂਬੇ ਦੇ ਦੂਸਰੇ ਜ਼ਿਲਿਆਂ ਦੇ ਵੱਖ-ਵੱਖ ਥਾਣਿਆਂ ਵਿਚ ਪੁਲਸ ਵੱਲੋਂ ਮਾਮਲੇ ਦਰਜ ਕੀਤੇ ਗਏ ਸਨ।
ਇਸ ਮਾਮਲੇ ਵਿਚ ਪੁਲਸ ਵੱਲੋਂ ਖਾਲਸਾ ਲਿਬਰੇਸ਼ਲ ਫੋਰਸ ਦੇ ਮੁਖੀ ਹਰਮੰਦਰ ਸਿੰਘ ਮਿੰਟੂ ਸਮੇਤ ਧਰਮਿੰਦਰ ਸਿੰਘ ਗੁਗਨੀ, ਜਗਤਾਰ ਸਿੰਘ ਜੱਗੀ ਜੌਹਲ, ਹਰਦੀਪ ਸਿੰਘ ਸ਼ੇਰਾ, ਰਮਨਦੀਪ ਸਿੰਘ ਰਮਨਾ, ਅਨਿਲ ਕੁਮਾਰ, ਦਲਜੀਤ ਸਿੰਘ ਜਿੰਮੀ, ਤਰਲੋਕ ਸਿੰਘ, ਜਗਜੀਤ ਸਿੰਘ ਆਦਿ ਨੂੰ ਸ਼ਾਮਲ ਕੀਤਾ ਗਿਆ ਸੀ। ਇਸ ਮਾਮਲੇ ਵਿਚ ਨਾਮਜ਼ਦ ਹਰਮੰਦਰ ਸਿੰਘ ਮਿੰਟੂ, ਜੋ ਨਾਭਾ ਜੇਲ ਵਿਚ ਬੰਦ ਸੀ, ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਜਗਜੀਤ ਸਿੰਘ ਅਤੇ ਤਰਲੋਕ ਸਿੰਘ ਵਗੈਰਾ ਦੀ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਮਨਜ਼ੂਰ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਸਮੇਤ ਦੂਸਰੇ ਨਾਮਜ਼ਦ ਵਿਅਕਤੀਆਂ ਦੀ ਅੱਜ ਮਾਣਯੋਗ ਅਦਾਲਤ ਵਿਚ ਵੀਡੀਓ ਕਾਨਫਰੰਸ ਰਾਹੀਂ ਪੇਸ਼ੀ ਕਰਵਾਈ ਗਈ। ਅਦਾਲਤ ਵੱਲੋਂ ਕੁੱਝ ਗਵਾਹਾਂ ਦੀਆਂ ਗਵਾਹੀਆਂ ਵੀ ਦਰਜ ਕਰਨ ਤੋਂ ਬਾਅਦ ਅਗਲੀ ਤਰੀਕ ਲਈ 21 ਜਨਵਰੀ ਸੁਣਵਾਈ ਲਈ ਨਿਸ਼ਚਿਤ ਕੀਤੀ ਗਈ ਹੈ।


author

Shyna

Content Editor

Related News