ਪੀੜਤ ਪਰਿਵਾਰ ਵੱਲੋਂ ਆਤਮਦਾਹ ਦੀ ਕੋਸ਼ਿਸ਼, ‘ਆਪ’ ਇੰਚਾਰਜ ਮੰਜੂ ਰਾਣਾ ''ਤੇ ਲੱਗ ਰਹੇ ਗੰਭੀਰ ਦੋਸ਼

02/01/2023 11:57:54 AM

ਸੁਲਤਾਨਪੁਰ ਲੋਧੀ (ਧੀਰ)-ਆਮ ਆਦਮੀ ਪਾਰਟੀ ਦੀ ਕਪੂਰਥਲਾ ਤੋਂ ਹਲਕਾ ਇੰਚਾਰਜ ਮੰਜੂ ਰਾਣਾ ਆਏ ਦਿਨ ਕਿਸੇ ਨਾ ਕਿਸੇ ਵਿਵਾਦ ’ਚ ਫਸਦੀ ਹੋਈ ਨਜ਼ਰ ਆ ਰਹੀ ਹੈ। ਤਾਜ਼ਾ ਮਾਮਲਾ ਸੁਲਤਾਨਪੁਰ ਲੋਧੀ ਦੇ ਪਿੰਡ ਮੈਰੀਪੁਰ ਦਾ ਹੈ। ਇਥੇ ਆਮ ਆਦਮੀ ਪਾਰਟੀ ਕਪੂਰਥਲਾ ਦੇ ਇੰਚਾਰਜ ਮੈਡਮ ਮੰਜੂ ਰਾਣਾ ਅਤੇ ਪਿੰਡ ਮੈਰੀਪੁਰ ਦੇ ਵਸਨੀਕ ’ਚ ਤਕਰਾਰ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਮੰਗਲਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੈੱਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੁਲਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਪਿੰਡ ਮੈਰੀਪੁਰ ਨੇ ਪ੍ਰੈੱਸ ਕਾਨਫ਼ਰੰਸ ਕੀਤੀ। ਇਥੇ ਪ੍ਰੈੱਸ ਕਾਨਫ਼ਰੰਸ ਦੌਰਾਨ ਕੁਲਵਿੰਦਰ ਸਿੰਘ ਅਤੇ ਉਸ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੰਜੂ ਰਾਣਾ ਤੇ ਆਪਣੇ ਭਰਾ ਅਤੇ ਭਰਜਾਈ ’ਤੇ ਕਥਿਤ ਤੌਰ ’ਤੇ ਗੰਭੀਰ ਦੋਸ਼ ਲਾਏ ਹਨ।

ਉਸ ਨੇ ਦੱਸਿਆ ਕਿ ਉਸ ਦੀ 2 ਕਨਾਲ ਜ਼ਮੀਨ ’ਤੇ ਹਵੇਲੀ ਹੈ ਪਰ ਬੀਤੀ ਰਾਤ ਆਮ ਆਦਮੀ ਪਾਰਟੀ ਕਪੂਰਥਲਾ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਦੀ ਸ਼ਹਿ ’ਤੇ 10-15 ਅਣਪਛਾਤੇ ਵਿਅਕਤੀ ਆਏ ਅਤੇ ਉਨ੍ਹਾਂ ਦੀ ਹਵੇਲੀ ਦੀ ਜਗ੍ਹਾ ’ਤੇ ਜਬਰਦਸਤੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸਾਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ, ਜਿਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ। ਕੁਲਵਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਉਸ ਕੋਲ ਉਕਤ ਹਵੇਲੀ ਦੀ ਰਜਿਸਟਰੀ ਵੀ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਨੂੰ ਮੰਜੂ ਰਾਣਾ ਤੋਂ ਜਾਨ ਦਾ ਖ਼ਤਰਾ ਹੈ ਅਤੇ ਕਿਸੇ ਵੀ ਸਮੇਂ ਮੰਜੂ ਰਾਣਾ ਸਾਡੇ ’ਤੇ ਹਮਲਾ ਕਰਵਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜ਼ਮੀਨ ਦਿੱਲੀ ਕਟੜਾ ਨੈਸ਼ਨਲ ਹਾਈਵੇਅ ’ਚ ਆਉਂਦੀ ਹੈ, ਜਿਸ ਕਾਰਨ ਉਸ ਨੂੰ ਉਸ ਜ਼ਮੀਨ ਦੇ 78 ਲੱਖ ਰੁਪਏ ਮਿਲੇ ਹਨ। ਉਨ੍ਹਾਂ ਕਿਹਾ ਕਿ ਪਰ ਉਸ ਦਾ ਭਰਾ ਬੇਈਮਾਨ ਹੈ ਅਤੇ ਉਸ ਦਾ ਭਰਾ ਮੰਜੂ ਰਾਣਾ ਦੀ ਸ਼ਹਿ ’ਤੇ ਨਾਜਾਇਜ਼ ਤੌਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

ਇਹ ਵੀ ਪੜ੍ਹੋ :ਪਹਿਲਾਂ ਕਰਵਾਈ 'ਲਵ ਮੈਰਿਜ', ਹੁਣ ਨਵੀਂ ਵਿਆਹੀ ਨੂੰਹ ਦਾ ਸਾਹਮਣੇ ਆਇਆ ਸੱਚ ਤਾਂ ਸਹੁਰਿਆਂ ਦੇ ਉੱਡੇ ਹੋਸ਼

PunjabKesari

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਜਦੋਂ ਸਾਡੇ ਖ਼ਾਤਿਆਂ ’ਚ ਪੈਸੇ ਪੈਣੇ ਸਨ, ਉਸ ਸਮੇਂ ਵੀ ਸਾਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਸੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਵੱਲੋਂ ਸਿਆਸੀ ਸ਼ਹਿ ਕਾਰਨ ਸਾਨੂੰ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਜੇਕਰ ਸਾਡੇ ਨਾਲ ਧੱਕਾ ਹੋਇਆ ਤਾਂ ਉਹ ਖ਼ੁਦਕੁਸ਼ੀ ਕਰ ਲੈਣਗੇ। ਮੌਕੇ ਦੀ ਵੀਡਿਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਹਨ, ਜਿਸ ਦੌਰਾਨ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਅਤੇ ਪਿੰਡ ਮੈਰੀਪੁਰ ਦੇ ਵਾਸੀਆਂ ਵਿਚਕਾਰ ਕਾਫ਼ੀ ਤਕਰਾਰ ਹੋ ਗਈ ਹੈ। ਉੱਥੇ ਹੀ ਆਮ ਆਦਮੀ ਪਾਰਟੀ ਦੀ ਵਿਧਾਨ ਸਭਾ ਹਲਕਾ ਇੰਚਾਰਜ ਮੰਜੂ ਰਾਣਾ ਦਾ ਗ੍ਰਾਮੀਣਾਂ ਨੇ ਜੰਮ ਕੇ ਵਿਰੋਧ ਕੀਤਾ। ਪਰਿਵਾਰ ਦਾ ਇਲਜ਼ਾਮ ਹੈ ਕਿ ਮੰਜੂ ਰਾਣਾ ਨੇ ਸਾਨੂੰ ਧਮਕਾਇਆ ਸੀ। ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਵੀਡਿਓ ’ਚ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਲੋਕਾਂ ਨਾਲ ਬਹਿਸ ਕਰਦੀ ਨਜ਼ਰ ਆ ਰਹੀ ਹੈ। ਵਾਇਰਲ ਵੀਡੀਓ ’ਚ ਦਿਸ ਰਿਹਾ ਹੈ ਕਿ ਉਕਤ ਪਰਿਵਾਰ ਦਾ ਮੈਂਬਰ ਪੈਟਰੋਲ ਦੀ ਕੈਨੀ ਫੜ ਕੇ ਖ਼ੁਦ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਡੇ ਨਾਲ ਕੁੱਟਮਾਰ ਕੀਤੀ ਗਈ ਹੈ।

ਮੌਕੇ ’ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਉਕਤ ਵਿਅਕਤੀ ਦੇ ਹੱਥੋਂ ਪੈਟਰੋਲ ਦੀ ਕੈਨ ਖੋਹ ਲਈ। ਕੁਲਵਿੰਦਰ ਸਿੰਘ ਨੇ ਕਿਹਾ ਕਿ ਪੰਜਾਬ ’ਚ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ‘ਆਪ’ ਕਪੂਰਥਲਾ ਦੀ ਹਲਕਾ ਇੰਚਾਰਜ ਮੰਜੂ ਰਾਣਾ ਨੂੰ ਬਰਖ਼ਾਸਤ ਕੀਤਾ ਜਾਵੇ ਅਤੇ ਜੋ ਮੁਲਜ਼ਮ ਹਨ, ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਲਾਏ ਗਏ ਦੋਸ਼ ਝੂਠੇ ਤੇ ਬੇਬੁਨਿਆਦ : ਮੰਜੂ ਰਾਣਾ
ਇਸ ਸਬੰਧੀ ਜਦੋਂ ਮੀਡੀਆ ਟੀਮ ਨੇ ਮੈਡਮ ਮੰਜੂ ਰਾਣਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਕਬਜ਼ੇ ਨੂੰ ਲੈ ਕੇ ਸਾਡਾ ਦੋਵਾਂ ਧਿਰਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਮੇਰੇ ਕੋਲ ਇਕ ਔਰਤ ਆਈ ਸੀ। ਉਨ੍ਹਾਂ ਕਿਹਾ ਕਿ ਉਕਤ ਧਿਰ ਨੇ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰ ਕੇ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਗੁੰਮਰਾਹ ਕਰ ਕੇ ਹਵੇਲੀ ਨੂੰ ਕੋਠੀ ਦਿਖਾ ਕੇ ਜੋ ਪੈਸੇ ਜਾਰੀ ਹੋਏ ਹਨ, ਉਸ ’ਚ ਗਬਨ ਕੀਤਾ ਹੈ। ਉਨ੍ਹਾਂ ਆਪਣੇ ’ਤੇ ਲਗਾਏ ਗਏ ਇਲਜ਼ਾਮਾਂ ਨੂੰ ਝੂਠਾ ਅਤੇ ਬੇਬੁਨਿਆਦ ਦੱਸਿਆ ਹੈ। ਉਨ੍ਹਾਂ ਕਿਹਾ ਕਿ ਮੈਂ ਹਮੇਸ਼ਾ ਗਰੀਬਾਂ ਦੀ ਆਵਾਜ਼ ਚੁੱਕਦੀ ਹਾਂ ਤੇ ਚੁੱਕਦੀ ਰਹਾਂਗੀ। ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕਰਾਂਗੀ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਸਰਕਾਰੀ ਖਜ਼ਾਨੇ ਦੀ ਦੁਰਵਰਤੋਂ ਹੁੰਦੀ ਨਹੀਂ ਦੇਖ ਸਕਦੀ।

ਪੁਲਸ ਵੱਲੋਂ ਮਾਮਲੇ ਦੀ ਜਾਂਚ ਜਾਰੀ : ਏ. ਐੱਸ. ਆਈ. ਦਾ
ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ। ਏ. ਐੱਸ. ਆਈ. ਸੁਬੇਗ ਸਿੰਘ ਨੇ ਦੱਸਿਆ ਕਿ ਕਬਜ਼ੇ ਸਬੰਧੀ ਕੁਝ ਵੀ ਸਾਹਮਣੇ ਨਹੀਂ ਆਇਆ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਦੋਵਾਂ ਧਿਰਾਂ ਨੂੰ ਘਰ ਜਾਣ ਲਈ ਕਹਿ ਦਿੱਤਾ ਹੈ।

PunjabKesari

ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਵੀ ‘ਆਪ’ ਦੀ ਹਲਕਾ ਇੰਚਾਰਜ ’ਤੇ ਚੁੱਕੇ ਸਵਾਲ
ਇਸ ਮਾਮਲੇ ਨੂੰ ਲੈ ਕੇ ਸਿਆਸਤ ਵੀ ਕਾਫ਼ੀ ਗਰਮਾ ਰਹੀ ਹੈ। ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਕਿਹਾ ਕਿ ਕਿਸੇ ਵੀ ਹਲਕਾ ਇੰਚਾਰਜ ਨੂੰ ਕਿਸੇ ਹੋਰ ਹਲਕੇ ’ਚ ਦਖਲ ਦੇਣ ਦਾ ਕੋਈ ਅਧਿਕਾਰ ਨਹੀਂ ਹੈ। ਜੇਕਰ ਸਰਕਾਰ ਦਾ ਕੋਈ ਨੁਮਾਇੰਦਾ ਹੈ ਤਾਂ ਸਰਕਾਰ ਦੇ ਨੁਮਾਇੰਦਿਆਂ ਨੂੰ ਉਥੇ ਜਾ ਕੇ ਦੋਵਾਂ ਧਿਰਾਂ ਨੂੰ ਇਕੱਠੇ ਬੈਠਾ ਕੇ ਫੈਸਲਾ ਕਰਵਾਉਣਾ ਹੁੰਦਾ ਹੈ ਪਰ ਉਨ੍ਹਾਂ ਕਿਹਾ ਕਿ ਇਥੇ ਆਮ ਆਦਮੀ ਪਾਰਟੀ ਦੀ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਖੁਦ ਧੱਕੇਸ਼ਾਹੀ ਕਰਵਾ ਰਹੀ ਹੈ। ਉਨ੍ਹਾਂ ਕਿਹਾ ਕਿ ਰਾਣਾ ਗਰੀਬ ਪਰਿਵਾਰ ਦੇ ਨਾਲ ਹੈ ਤੇ ਕਿਸੇ ਨਾਲ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂ ਜੋ ਵੀ ਕਬਜ਼ਾ ਕਰਵਾਉਣ ਆਏ ਸੀ, ਉਹ ਨਿੰਦਣਯੋਗ ਹੈ।

ਇਹ ਵੀ ਪੜ੍ਹੋ : ਹੱਸਦਾ-ਖੇਡਦਾ ਉਜੜਿਆ ਪਰਿਵਾਰ, ਬਲਾਚੌਰ ਵਿਖੇ ਮਾਪਿਆਂ ਦੇ 4 ਸਾਲਾ ਇਕਲੌਤੇ ਪੁੱਤ ਦੀ ਛੱਤ ਤੋਂ ਡਿੱਗਣ ਕਾਰਨ ਮੌਤ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


shivani attri

Content Editor

Related News