ਮਿੱਡੂਖੇੜਾ ਕਤਲਕਾਂਡ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਭੁੱਪੀ ਰਾਣਾ ਤੇ 5 ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

Tuesday, Jul 26, 2022 - 01:20 PM (IST)

ਮਿੱਡੂਖੇੜਾ ਕਤਲਕਾਂਡ : ਮੋਹਾਲੀ ਪੁਲਸ ਵੱਲੋਂ ਗੈਂਗਸਟਰ ਭੁੱਪੀ ਰਾਣਾ ਤੇ 5 ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ

ਮੋਹਾਲੀ (ਵੈੱਬ ਡੈਸਕ, ਪਰਦੀਪ) : ਵਿੱਕੀ ਮਿੱਡੂਖੇੜਾ ਕਤਲ ਕੇਸ 'ਚ ਮੋਹਾਲੀ ਪੁਲਸ ਨੇ ਸੋਮਵਾਰ ਨੂੰ ਭੂਪੀ ਰਾਣਾ ਅਤੇ ਪੰਜ ਸ਼ਾਰਪ ਸ਼ੂਟਰਾਂ ਖ਼ਿਲਾਫ਼ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਕਤਲ ਕੇਸ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਵੱਲੋਂ ਚਾਰਜਸ਼ੀਟ ਪੇਸ਼ ਕੀਤੀ ਗਈ ਹੈ। ਅਨਿਲ ਕੁਮਾਰ ਉਰਫ਼ ਲੱਠ, ਸੱਜਣ ਸਿੰਘ ਉਰਫ਼ ਭੋਲੂ, ਅਜੇ ਕੁਮਾਰ ਉਰਫ਼ ਸੰਨੀ 'ਖੱਬੋ ਨਿਸ਼ਾਨੇਬਾਜ਼', ਅਮਿਤ ਡਾਗਰ, ਕੌਸ਼ਲ ਚੌਧਰੀ ਅਤੇ ਭੁਪਿੰਦਰ ਸਿੰਘ ਉਰਫ਼ ਭੂਪੀ ਰਾਣਾ ਖ਼ਿਲਾਫ਼ ਦੋਸ਼ ਪੱਤਰ ਦਾਇਰ ਕੀਤਾ ਗਿਆ ਹੈ। ਪੁਲਸ ਨੇ ਇਨ੍ਹਾਂ 'ਤੇ ਕਤਲ (302), ਸਾਜ਼ਿਸ਼ (120-ਬੀ) ਅਤੇ ਭਾਰਤੀ ਦੰਡਾਵਲੀ (ਆਈ. ਪੀ. ਸੀ.) ਦੀ ਸਾਂਝੀ ਤੀਬਰਤਾ ਨਾਲ ਅਪਰਾਧ (34) ਅਤੇ ਸਥਾਨਕ ਅਦਾਲਤ 'ਚ ਅਸਲਾ ਐਕਟ ਦੇ ਦੋਸ਼ ਲਾਏ ਹਨ।

ਇਹ ਵੀ ਪੜ੍ਹੋ : 'ਪੰਜਾਬ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ' ਵੱਲੋਂ ਫਾਰਮੇਸੀ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ

ਹਾਲਾਂਕਿ ਪੁਲਸ ਅਜੇ ਤੱਕ ਅਰਮੀਨੀਆ ਆਧਾਰਿਤ ਗੈਂਗਸਟਰ ਗੌਰਵ ਪਡਿਆਲ ਉਰਫ਼ ਲੱਕੀ ਪਡਿਆਲ ਦੇ ਖ਼ਿਲਾਫ਼ ਚਾਰਜਸ਼ੀਟ ਦਾਇਰ ਨਹੀਂ ਕਰ ਸਕੀ ਹੈ, ਜੋ ਕਿ ਗੌਰਵ-ਬੰਬੀਹਾ ਗੈਂਗ ਨੂੰ ਚਲਾ ਰਿਹਾ ਹੈ। ਇਸ ਮਾਮਲੇ ਸਬੰਧੀ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਦੀ ਭਾਲ 'ਚ ਦਿੱਲੀ ਪੁਲਸ ਵੱਲੋਂ ਉਸ ਦੇ ਮੋਹਾਲੀ ਸਥਿਤ ਘਰ 'ਤੇ ਛਾਪੇਮਾਰੀ ਕੀਤੀ ਗਈ ਸੀ। ਇਸ ਤੋਂ ਕੁੱਝ ਦਿਨ ਬਾਅਦ ਉਹ ਆਸਟ੍ਰੇਲੀਆ ਭੱਜ ਗਿਆ ਸੀ। ਪੁਲਸ ਦਾ ਕਹਿਣਾ ਹੈ ਕਿ ਗ੍ਰਿਫ਼ਤਾਰ ਕਰਨ ਤੋਂ ਬਾਅਦ ਉਸ ਖ਼ਿਲਾਫ਼ ਵੀ ਚਾਰਜਸ਼ੀਟ ਦਾਇਰ ਕੀਤੀ ਜਾਵੇਗੀ। ਤਿੰਨਾਂ ਸ਼ਾਰਪ ਸ਼ੂਟਰਾਂ ਨੇ ਦਾਅਵਾ ਕੀਤਾ ਕਿ ਸ਼ਗਨਪ੍ਰੀਤ ਸਿੰਘ ਨੇ ਚੌਥੇ ਅਣਪਛਾਤੇ ਸ਼ਾਰਪ ਸ਼ੂਟਰ ਨੂੰ ਉਨ੍ਹਾਂ ਨਾਲ ਮਿਲਵਾਇਆ ਸੀ ਅਤੇ ਉਨ੍ਹਾਂ ਸਾਰਿਆਂ ਨੇ ਵਿੱਕੀ ਮਿੱਡੂਖੇੜਾ ਦੇ ਘਰ ਦੀ ਰੇਕੀ ਲਈ ਸ਼ਗਨਪ੍ਰੀਤ ਦੀ ਕਾਰ ਦੀ ਵਰਤੋਂ ਕੀਤੀ ਸੀ।

ਇਹ ਵੀ ਪੜ੍ਹੋ : ਅਧਿਆਪਕਾਂ ਦੇ ਸੰਘਰਸ਼ ਅੱਗੇ ਝੁਕਿਆ ਸਿੱਖਿਆ ਵਿਭਾਗ, ਜਾਰੀ ਕੀਤੇ ਪੱਕੇ ਕਰਨ ਦੇ ਆਰਡਰ

ਦੱਸਣਯੋਗ ਹੈ ਕਿ ਸ਼ਗਨਪ੍ਰੀਤ ਇਸ ਵੇਲੇ ਆਸਟ੍ਰੇਲੀਆ 'ਚ ਹੈ। ਮੋਹਾਲੀ ਪੁਲਸ ਨੇ ਦੱਸਿਆ ਕਿ ਮਿੱਡੂਖੇੜਾ 'ਤੇ ਹਮਲਾ ਕਰਨ ਤੋਂ ਇਕ ਰਾਤ ਪਹਿਲਾਂ ਸ਼ਗਨਪ੍ਰੀਤ ਨੇ ਵਿੱਕੀ ਮਿੱਡੂਖੇੜਾ ਦੇ ਕਾਤਲਾਂ ਨੂੰ ਜਲਵਾਯੂ ਵਿਹਾਰ ਵਿਖੇ ਪਨਾਹ ਦਿੱਤੀ ਸੀ। ਇਸ ਮਾਮਲੇ ਨੂੰ ਦਿੱਲੀ ਪੁਲਸ ਦੀ ਕਾਊਂਟਰ ਇੰਟੈਲੀਜੈਂਸ ਯੂਨਿਟ ਨੇ ਸੁਲਝਾਇਆ ਸੀ, ਜਿਸ ਨੇ ਵਿੱਕੀ ਮਿੱਡੂਖੇੜਾ ਦੇ ਤਿੰਨ ਕਾਤਲਾਂ ਸਮੇਤ 12 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਜ਼ਿਕਰਯੋਗ ਹੈ ਕਿ ਵਿੱਕੀ ਮਿੱਡੂਖੇੜਾ ਦਾ 7 ਅਗਸਤ, 2021 ਨੂੰ ਮੋਹਾਲੀ ਦੇ ਸੈਕਟਰ-71 'ਚ ਉਸ ਸਮੇਂ ਕਤਲ ਕਰ ਦਿੱਤਾ ਗਿਆ ਸੀ, ਜਦੋਂ ਉਹ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਤੋਂ ਬਾਹਰ ਆ ਰਿਹਾ ਸੀ ਅਤੇ ਆਪਣੀ SUV 'ਚ ਬੈਠਣ ਲੱਗਾ ਸੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News