ਵਿੱਕੀ ਗੌਂਡਰ ਦਾ ਮਾਮਲਾ : ਸ਼ੇਰਾ ਖੁੱਬਣ ਗਰੁੱਪ ਨੇ ਸੱਚਾਈ ਪੇਸ਼ ਕਰਨ ਲਈ ਫੇਸਬੁੱਕ ''ਤੇ ਪਾਈਆਂ ਵਿਦੇਸ਼ੀ ਤਸਵੀਰਾਂ

07/12/2017 12:30:39 AM

ਪਟਿਆਲਾ (ਜੋਸਨ) - ਖਤਰਨਾਕ ਗੈਂਗਸਟਰ ਵਿੱਕੀ ਗੌਂਡਰ ਦੇ ਵਿਦੇਸ਼ ਭੱਜਣ ਦੀ ਗੱਲ ਨਕਾਰਨ ਵਾਲੀ ਪੰਜਾਬ ਪੁਲਸ ਨੂੰ ਸਚਾਈ ਪੇਸ਼ ਕਰਨ ਵਾਸਤੇ ਸੋਸ਼ਲ ਮੀਡੀਆ 'ਤੇ ਵਿਦੇਸ਼ੀ ਤਸਵੀਰਾਂ ਪਾਈਆਂ ਜਾ ਰਹੀਆਂ ਹਨ। ਇਹ ਤਸਵੀਰਾਂ ਸ਼ੇਰਾ ਖੁੱਬਣ ਗਰੁੱਪ ਨੇ ਵਿੱਕੀ ਗੌਂਡਰ ਦੀਆਂ ਆਪਣੇ ਫੇਸਬੁੱਕ ਪੇਜ 'ਤੇ ਪੋਸਟ ਕੀਤੀਆਂ ਹਨ। ਫੋਟੋਆਂ ਪਾ ਕੇ ਦਾਅਵਾ ਕੀਤਾ ਗਿਆ ਹੈ ਕਿ ਇਹ ਵਿਦੇਸ਼ ਦੀਆਂ ਹਨ। ਸ਼ੇਰਾ ਖੁੱਬਣ ਗਰੁੱਪ ਨੇ ਲਿਖਿਆ ਹੈ ''ਸਾਰੇ ਮੇਰੇ ਵੀਰਾਂ ਤੇ ਭੈਣਾਂ ਨੂੰ ਆਪਣੇ ਵੀਰ ਵਿੱਕੀ ਗੌਂਡਰ ਵੱਲੋਂ ਭੇਜੀਆਂ ਗਈਆਂ ਕੁਝ ਤਸਵੀਰਾਂ, ਉਹ ਬਿਲਕੁਲ ਸਹੀ-ਸਲਾਮਤ ਆਪਣੇ ਟਿਕਾਣੇ 'ਤੇ ਪਹੁੰਚ ਗਿਆ ਹੈ। ਤੁਹਾਡੇ ਸਾਰਿਆਂ ਦੀਆਂ ਦੁਆਵਾਂ ਨਾਲ ਹੁਣ ਆਪਣਾ ਵੀਰ ਸੁਰੱਖਿਅਤ ਹੈ। ਬਾਕੀ ਆਪਣੇ ਵੀਰ ਦੀ ਨਵੀਂ ਲੁਕ ਜਲਦੀ ਹੀ ਤੁਹਾਨੂੰ ਦਿਖਾਵਾਂਗੇ, ਲਵ ਯੂ ਆਲ''।  
ਦੂਜੇ ਪਾਸੇ ਪੁਲਸ ਅਧਿਕਾਰੀਆਂ ਦਾ ਅਜੇ ਵੀ ਕਹਿਣਾ ਹੈ ਕਿ ਗੈਂਗਸਟਰਾਂ ਵੱਲੋਂ ਫੇਸਬੁੱਕ 'ਤੇ ਸਭ ਪੁਲਸ ਦਾ ਧਿਆਨ ਭਟਕਾਉਣ ਲਈ ਲਿਖਿਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਪਿਛਲੇ ਸਮੇਂ ਸ਼ੇਰਾ ਖੁੱਬਣ ਦੇ ਗਰੁੱਪ ਨੇ ਫੇਸਬੁੱਕ 'ਤੇ ਵਿੱਕੀ ਗੌਂਡਰ ਦੇ ਵਿਦੇਸ਼ ਜਾਣ ਬਾਰੇ ਦਾਅਵਾ ਕੀਤਾ ਸੀ। ਉਦੋਂ ਤੋਂ ਹੀ ਉਨ੍ਹਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਗੈਂਗਸਟਰ ਵਿੱਕੀ ਗੌਂਡਰ ਨੇ ਜੇਲ 'ਚੋਂ ਐੈੱਸ. ਐੈੱਸ. ਪੀ. ਸਵਪਨ ਸ਼ਰਮਾ ਨੂੰ ਫੇਸਬੁੱਕ 'ਤੇ ਸ਼ਰੇਆਮ ਧਮਕਾਇਆ ਸੀ। ਪੁਲਸ ਉਦੋਂ ਵੀ ਗੌਂਡਰ ਦਾ ਕੁਝ ਨਹੀਂ ਵਿਗਾੜ ਸਕੀ ਸੀ। ਇੰਨਾ ਹੀ ਨਹੀਂ, ਗੈਂਗਸਟਰ ਸ਼ਰੇਆਮ ਕਤਲ ਕਰਦੇ ਹਨ ਅਤੇ ਸੋਸ਼ਲ ਮੀਡੀਆ 'ਤੇ ਲਾਈਵ ਕਰਦੇ ਹਨ। ਇਸ ਤੋਂ ਇਲਾਵਾ ਬਹੁਤ ਬੁਰੇ ਤਰੀਕੇ ਨਾਲ ਕੁੱਟਮਾਰ ਕਰਨ ਦੀਆਂ ਵੀ ਕਈ ਕਲਿੱਪਾਂ ਵਾਇਰਲ ਹੁੰਦੀਆਂ ਹਨ। ਇਸ ਤੋਂ ਪੁਲਸ ਬਿਲਕੁਲ ਅਣਜਾਣ ਬਣ ਜਾਂਦੀ ਹੈ।


Related News