ਗੌਂਡਰ ਦੇ ਵਿਦੇਸ਼ ਭੱਜਣ ਦੀ ਖ਼ਬਰ ਸੱਚੀ ਜਾਂ ਕਹਾਣੀ ਕੁਝ ਹੋਰ !
Tuesday, Jul 11, 2017 - 03:55 AM (IST)
ਲੁਧਿਆਣਾ(ਜ.ਬ.)-ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਦੇ ਕਤਲ ਅਤੇ ਨਾਭਾ ਜੇਲ ਬ੍ਰੇਕ ਕਾਂਡ ਦੇ ਮੁੱਖ ਦੋਸ਼ੀ ਗੈਂਗਸਟਰ ਵਿੱਕੀ ਗੌਂਡਰ ਦੇ ਵਿਦੇਸ਼ ਭੱਜਣ ਸਬੰਧੀ ਸੋਸ਼ਲ ਮੀਡੀਆ 'ਤੇ ਫੈਲਾਈ ਜਾ ਰਹੀ ਖ਼ਬਰ ਸੱਚੀ ਹੈ ਜਾਂ ਫਿਰ ਇਸ ਦੇ ਪਿੱਛੇ ਕੋਈ ਹੋਰ ਵਜ੍ਹਾ ਹੈ। ਇਸ ਦਾ ਸੱਚ ਜਾਣਨ ਲਈ ਪੰਜਾਬ ਪੁਲਸ ਦੀਆਂ ਟੀਮਾਂ ਦੇਸ਼ ਦੇ ਹਵਾਈ ਅੱਡਿਆਂ ਨਾਲ ਸੰਪਰਕ ਕਰਨ ਵਿਚ ਅਤੇ ਸਾਇਬਰ ਵਿਭਾਗ ਪੋਸਟ ਦੀ ਵੈਧਤਾ ਵਿਚ ਜੁਟ ਗਈਆਂ ਹਨ। ਬੇਹੱਦ ਸ਼ਾਤਰ ਅਪਰਾਧੀ ਵਿੱਕੀ ਗੌਂਡਰ ਨੇ ਕੁਝ ਦਿਨ ਪਹਿਲਾਂ ਹੀ ਸੋਸ਼ਲ ਮੀਡੀਆ 'ਤੇ ਆਪਣੇ ਕੱਟੜ ਵਿਰੋਧੀ ਗੈਂਗਸਟਰ ਭਗਵਾਨਪੁਰੀਆ ਨੂੰ ਸਬਕ ਸਿਖਾਉਣ ਸਬੰਧੀ ਸੋਸ਼ਲ ਮੀਡੀਆ 'ਤੇ ਪੋਸਟ ਪਾਈ ਸੀ ਅਤੇ ਕਿਹਾ ਸੀ ਕਿ ਬਹੁਤ ਗਾਲ੍ਹਾਂ ਕੱਢਦਾ ਹੈ, ਜਲਦ ਹੀ ਤੈਨੂੰ ਇਸ ਦਾ ਜਵਾਬ ਮਿਲੇਗਾ। ਅਸਲ ਵਿਚ ਵਿੱਕੀ ਗੌਂਡਰ ਉਹੀ ਅਪਰਾਧੀ ਹੈ, ਜਿਸ ਨੇ ਆਪਣੇ ਦੁਸ਼ਮਣ ਅਤੇ ਸ਼ਾਰਪ ਸ਼ੂਟਰ ਸੁੱਖਾ ਕਾਹਲਵਾਂ ਨੂੰ ਮਾਰਨ ਲਈ ਨਾ ਸਿਰਫ ਡੂੰਘੀ ਸਾਜ਼ਿਸ਼ ਰਚੀ ਸਗੋਂ ਉਸ ਨੂੰ ਆਪਣੇ ਸਾਥੀਆਂ ਸਮੇਤ ਉਸ ਸਮੇਂ ਮੌਤ ਦੇ ਘਾਟ ਉਤਾਰਿਆ, ਜਦੋਂ ਪੁਲਸ ਪਾਰਟੀ ਉਸ ਨੂੰ ਜਲੰਧਰ ਦੀ ਅਦਾਲਤ ਵਿਚ ਪੇਸ਼ੀ ਉਪਰੰਤ ਵਾਪਸ ਲੈ ਕੇ ਜਾ ਰਹੀ ਸੀ। ਇਸ ਤੋਂ ਬਾਅਦ ਦੋਸ਼ੀ ਨੇ ਨਾਭਾ ਜੇਲ ਤੋਂ ਹੀ ਆਪਣੀ ਅਤੇ ਆਪਣੇ ਸਾਥੀਆਂ ਦੀ ਫਰਾਰੀ ਦੀ ਸਾਜ਼ਿਸ਼ ਰਚੀ ਅਤੇ ਉਸ ਵਿਚ ਕਾਮਯਾਬ ਰਿਹਾ। ਹਾਲਾਂਕਿ ਇਸ ਵਾਰਦਾਤ ਤੋਂ ਬਾਅਦ ਉਸ ਦੇ ਵਿਸ਼ਵਾਸਪਾਤਰ ਅਤੇ ਨਜ਼ਦੀਕੀ ਗੈਂਗਸਟਰਾਂ ਨੂੰ ਪੰਜਾਬ ਪੁਲਸ ਇਕ-ਇਕ ਕਰਕੇ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਉਸ ਦੀ ਵੀ ਪੁਲਸ ਦੇ ਨਾਲ ਲੁਕਣ-ਮੀਟੀ ਚੱਲ ਰਹੀ ਸੀ। ਸੂਤਰਾਂ ਦੀ ਮੰਨੀਏ ਤਾਂ ਦੋ ਤਿੰਨ ਵਾਰ ਗੌਂਡਰ ਅਤੇ ਪੁਲਸ ਵਿਚ ਸਾਹਮਣਾ ਹੁੰਦੇ-ਹੁੰਦੇ ਬਚਿਆ ਸੀ। ਅਜਿਹੇ ਵਿਚ ਸੋਸ਼ਲ ਮੀਡੀਆ 'ਤੇ ਫੈਲੀ ਉਸ ਦੇ ਵਿਦੇਸ਼ ਭੱਜਣ ਦੀ ਖ਼ਬਰ ਨੂੰ ਪੁਲਸ ਅਧਿਕਾਰੀ ਜ਼ਿਆਦਾਤਰ ਅਫਵਾਹ ਦੇ ਰੂਪ ਵਿਚ ਮੰਨ ਰਹੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਗੌਂਡਰ ਨੇ ਅਜਿਹਾ ਜਾਣਬੁੱਝ ਕੇ ਕੀਤਾ ਹੈ ਤਾਂ ਕਿ ਪੁਲਸ ਦਾ ਧਿਆਨ ਉਸ ਵੱਲੋਂ ਹਟ ਜਾਵੇ ਅਤੇ ਉਹ ਅਗਲੀ ਵਾਰਦਾਤ ਨੂੰ ਅੰਜਾਮ ਦੇ ਸਕੇ। ਸੂਤਰਾਂ ਦੀ ਮੰਨੀਏ ਤਾਂ ਵੱਖ-ਵੱਖ ਪੁਲਸ ਟੀਮਾਂ ਉਸ ਦੇ ਵਿਦੇਸ਼ ਭੱਜਣ ਦੀ ਖ਼ਬਰ ਦੇ ਪਿੱਛੇ ਦਾ ਸੱਚ ਜਾਣਨ ਵਿਚ ਜੁਟ ਗਈਆਂ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਗੌਂਡਰ ਨੂੰ ਵਿਦੇਸ਼ ਤੋਂ ਮਾਲੀ ਮਦਦ ਮਿਲਦੀ ਸੀ ਪਰ ਉਸ ਦਾ ਆਸਾਨੀ ਨਾਲ ਵਿਦੇਸ਼ ਭੱਜ ਜਾਣਾ ਅਧਿਕਾਰੀਆਂ ਦੇ ਗਲੇ ਨਹੀਂ ਉਤਰ ਰਿਹਾ, ਜਿਸ ਕਾਰਨ ਉਸ ਦੇ ਪਿੱਛੇ ਲੱਗੀਆਂ ਪੁਲਸ ਟੀਮਾਂ ਹੋਰ ਵੀ ਚੌਕੰਨੀਆਂ ਹੋ ਗਈਆਂ ਹਨ ਤਾਂ ਕਿ ਜੇਕਰ ਉਹ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਦਾ ਯਤਨ ਕਰੇ ਤਾਂ ਉਸ ਨੂੰ ਦਬੋਚਿਆ ਜਾ ਸਕੇ।
