''ਵਿਭਾਗੀ ਜਾਂਚ ਦੇ ਬਹਾਨੇ ਵੈਟਨਰੀ ਇੰਸਪੈਕਟਰਾਂ ਨੂੰ ਜਾਣ-ਬੁੱਝ ਕੇ ਜ਼ਲੀਲ ਕੀਤਾ ਜਾ ਰਿਹਾ''
Friday, Nov 10, 2023 - 01:40 PM (IST)
ਚੰਡੀਗੜ੍ਹ (ਰਮਨਜੀਤ) : ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ਼ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਵਿਰਕ, ਭੁਪਿੰਦਰ ਸਿੰਘ ਸੱਚਰ, ਬਰਿੰਦਰਪਾਲ ਸਿੰਘ ਕੈਰੋਂ ਅਤੇ ਕਿਸ਼ਨ ਚੰਦਰ ਮਹਾਜਨ ਨੇ ਪਸ਼ੂ-ਪਾਲਣ ਵਿਭਾਗ ਦੇ ਅਫ਼ਸਰਾਂ 'ਤੇ ਪਿਛਲੇ ਦਿਨੀਂ ਜਗਰਾਓਂ ਵਿਖੇ ਤਾਇਨਾਤ ਸੀਨੀਅਰ ਵੈਟਨਰੀ ਇੰਸਪੈਕਟਰ ਪਲਵਿੰਦਰ ਸਿੰਘ ਸਿੱਧੂ ਨਾਲ ਬਦਤਮੀਜ਼ੀ ਕਰਨ ਦੇ ਦੋਸ਼ ਲਾਏ ਹਨ। ਇਸ ਬਦਸਲੂਕੀ ਦਾ ਇਨਸਾਫ਼ ਨਾ ਕਰਦੇ ਹੋਏ ਉਲਟਾ ਸੀਨੀਅਰ ਵੈਟਨਰੀ ਇੰਸਪੈਕਟਰ ਅਤੇ ਹੋਰ ਵੈਟਨਰੀ ਇੰਸਪੈਕਟਰਾਂ ਨੂੰ ਬਲੀ ਦਾ ਬੱਕਰਾ ਬਣਾਉਣ ਦੀਆਂ ਵਿਉਂਤਾਂ ਘੜੀਆਂ ਜਾ ਰਹੀਆ ਹਨ।
ਸੱਚਰ, ਵਿਰਕ, ਕੈਰੋਂ ਅਤੇ ਮਹਾਜਨ ਨੇ ਮੁੱਖ ਮੰਤਰੀ ਪੰਜਾਬ ਅਤੇ ਪਸ਼ੂ-ਪਾਲਣ ਵਿਭਾਗ ਦੇ ਮੰਤਰੀ ਤੋਂ ਜ਼ੋਰਦਾਰ ਮੰਗ ਕੀਤੀ ਹੈ ਕਿ ਲੁਧਿਆਣਾ ਜ਼ਿਲ੍ਹੇ ਦੇ ਜੋ ਜਾਂਚ ਅਫ਼ਸਰ ਲਾਏ ਹਨ, ਉਨ੍ਹਾਂ ਨੂੰ ਇਕ ਪਾਸੇ ਕਰਕੇ ਕਿਸੇ ਨਿਰਪੱਖ ਅਧਿਕਾਰੀ ਕੋਲੋਂ ਇਸ ਸਾਰੇ ਮਾਮਲੇ ਦੀ ਜਾਂਚ ਕਰਵਾਈ ਜਾਵੇ ਤਾਂ ਜੋ ਕਿ ਪਸ਼ੂ-ਪਾਲਣ ਵਿਭਾਗ ਦੀ ਰੀੜ੍ਹ ਵੈਟਨਰੀ ਇੰਸਪੈਕਟਰਾਂ ਨੂੰ ਇਨਸਾਫ਼ ਮਿਲ ਸਕੇ।
ਉਨ੍ਹਾਂ ਕਿਹਾ ਕਿ ਜੇਕਰ ਵਿਭਾਗ ਨੇ ਜਲਦਬਾਜ਼ੀ 'ਚ ਕਿਸੇ ਵੀ ਵੈਟਨਰੀ ਇੰਸਪੈਕਟਰ ਦਾ ਨੁਕਸਾਨ ਕੀਤਾ ਤਾ ਸੇਵਾਮੁਕਤ ਵੈਟਨਰੀ ਇੰਸਪੈਕਟਰ ਅਤੇ ਮੌਜੂਦਾ ਵੈਟਨਰੀ ਇੰਸਪੈਕਟਰ ਇਕ ਵੱਡਾ ਅੰਦੋਲਨ ਕਰਨ ਲਈ ਮਜਬੂਰ ਹੋਣਗੇ, ਜਿਸ ਦੀ ਜ਼ਿੰਮੇਵਾਰੀ ਪਸ਼ੂ-ਪਾਲਣ ਵਿਭਾਗ ਦੇ ਉੱਚ ਅਫ਼ਸਰਾਂ ਦੀ ਹੋਵੇਗੀ।