ਪੰਜਾਬ ਸਰਕਾਰ ਦਾ ਨਸ਼ਾ ਤਸਕਰਾਂ ਖ਼ਿਲਾਫ ਵੱਡਾ ਐਕਸ਼ਨ, ਕੋਟਕਪੂਰਾ ''ਚ ਪੰਜ ਮਕਾਨਾਂ ''ਤੇ ਚੱਲਿਆ ਪੀਲਾ ਪੰਜਾ

Saturday, Mar 15, 2025 - 04:03 PM (IST)

ਪੰਜਾਬ ਸਰਕਾਰ ਦਾ ਨਸ਼ਾ ਤਸਕਰਾਂ ਖ਼ਿਲਾਫ ਵੱਡਾ ਐਕਸ਼ਨ, ਕੋਟਕਪੂਰਾ ''ਚ ਪੰਜ ਮਕਾਨਾਂ ''ਤੇ ਚੱਲਿਆ ਪੀਲਾ ਪੰਜਾ

ਕੋਟਕਪੂਰਾ (ਨਰਿੰਦਰ ਬੈੜ) : ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਨਸ਼ਾ ਤਸਕਰਾਂ ਖ਼ਿਲਾਫ ਕੀਤੀ ਜਾ ਰਹੀ ਕਾਰਵਾਈ ਦੌਰਾਨ ਅੱਜ ਕੋਟਕਪੂਰਾ ਵਿਚ ਪੰਜ ਮਕਾਨਾਂ 'ਤੇ ਪੀਲਾ ਪੰਜਾ ਚੱਲਿਆ। ਸਿਵਲ ਪ੍ਰਸ਼ਾਸਨ ਅਤੇ ਪੁਲਸ ਵੱਲੋਂ ਕੀਤੀ ਗਈ ਇਸ ਕਾਰਵਾਈ ਦੀ ਲੋਕਾਂ ਵੱਲੋਂ ਜ਼ੋਰਦਾਰ ਸ਼ਲਾਘਾ ਕੀਤੀ ਗਈ। ਜ਼ਿਲ੍ਹਾ ਪੁਲਸ ਮੁਖੀ ਡਾਕਟਰ ਪ੍ਰਗਿਆ ਜੈਨ ਆਈ.ਪੀ.ਐੱਸ ,ਜਸਮੀਤ ਸਿੰਘ ਐੱਸ.ਪੀ ਫਰੀਦਕੋਟ ,ਜਤਿੰਦਰ ਸਿੰਘ ਡੀ.ਐੱਸ.ਪੀ ਕੋਟਕਪੂਰਾ ,ਇੰਸਪੈਕਟਰ ਮਨੋਜ ਕੁਮਾਰ ਸ਼ਰਮਾ ਐੱਸ .ਐੱਚ. ਓ ਥਾਣਾ ਸਿਟੀ ਕੋਟਪੂਰਾ ਅਤੇ ਚਮਕੌਰ ਸਿੰਘ ਐੱਸ.ਆਈ ਐੱਸ.ਐੱਚ.ਓ ਥਾਣਾ ਸਦਰ ਕੋਟਕਪੂਰਾ ਸਮੇਤ ਵੱਡੀ ਗਿਣਤੀ ਵਿਚ ਪੁਲਸ ਫੋਰਸ ਅੱਜ 11 ਵਜੇ ਦੇ ਕਰੀਬ ਸਥਾਨਕ ਜਲਾਲੇਆਣਾ ਰੋਡ 'ਤੇ ਸਥਿਤ ਇੰਦਰਾ ਕਲੋਨੀ ਵਿਖੇ ਪੁੱਜੀ। ਇਸ ਦੌਰਾਨ ਸਿਵਲ ਪ੍ਰਸ਼ਾਸਨ ਵੱਲੋਂ ਵਰਿੰਦਰ ਸਿੰਘ ਐੱਸ.ਡੀ.ਐੱਮ ਕੋਟਕਪੂਰਾ ਤੋਂ ਇਲਾਵਾ ਤਹਿਸੀਲਦਾਰ ਕੋਟਕਪੂਰਾ. ਕਾਰਜ ਸਾਧਕ ਅਫਸਰ ਕੋਟਕਪੂਰਾ ਅਤੇ ਹੋਰ ਅਧਿਕਾਰੀ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। 

ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਤੋਂ ਬਾਅਦ ਪੁਲਸ ਦੀ ਸੁਰੱਖਿਆ ਹੇਠ ਇੱਥੇ ਪੰਜ ਮਕਾਨਾਂ 'ਤੇ ਪੀਲਾ ਪੰਜਾ ਚੱਲਿਆ ਅਤੇ ਇਨ੍ਹਾਂ ਮਕਾਨਾਂ ਦਾ ਕਾਫੀ ਹਿੱਸਾ ਢਾਹ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਪੁਲਸ ਮੁਖੀ ਡਾਕਟਰ ਪ੍ਰਗਿਆ ਜੈਨ ਆਈ.ਪੀ.ਐਸ ਨੇ ਦੱਸਿਆ ਕਿ ਸਿਵਲ ਪ੍ਰਸ਼ਾਸਨ ਵੱਲੋਂ ਕੀਤੀ ਗਈ ਨਿਸ਼ਾਨਦੇਹੀ ਤੋਂ ਬਾਅਦ ਇਹ ਮਕਾਨ ਢਾਹ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮਕਾਨਾਂ ਦੇ ਮਾਲਕਾਂ ਖ਼ਿਲਾਫ ਐੱਨ.ਡੀ.ਪੀ.ਐੱਸ ਤਹਿਤ ਕਈ ਮਾਮਲੇ ਦਰਜ ਹਨ ਅਤੇ ਇਹ ਨਸ਼ਾ ਤਸਕਰੀ ਵਿਚ ਲੱਗੇ ਹੋਏ ਹਨ। 

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਵੀ ਇਹ ਕਾਰਵਾਈ ਜਾਰੀ ਰੱਖੀ ਜਾਵੇਗੀ ਅਤੇ ਨਸ਼ੇ ਦੇ ਕਾਰੋਬਾਰ ਵਿਚ ਲੱਗੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।


author

Gurminder Singh

Content Editor

Related News