ਲੁਧਿਆਣਾ : ਕੋਰੋਨਾ ਦਾ ਵੱਧਦਾ ਕਹਿਰ ਦੇਖ ''ਵੈਂਟੀਲੇਟਰ'' ਇਕੱਠੇ ਕਰਨ ''ਚ ਜੁੱਟਿਆ ਪ੍ਰਸ਼ਾਸਨ
Tuesday, Apr 07, 2020 - 12:14 PM (IST)

ਲੁਧਿਆਣਾ (ਸਹਿਗਲ) : ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਮੱਦੇਨਜ਼ਰ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਇਸ ਦੇ ਵੱਧਦੇ ਕਹਿਰ ਨੂੰ ਦੇਖ ਕੇ ਦਿਨ-ਰਾਤ ਸੰਭਾਵਿਤ ਮਰੀਜ਼ਾਂ ਦੀ ਸਹੂਲਤ ਲਈ ਨਾ-ਸਿਰਫ ਮਿੱਤਰਾਂ ਦੀ ਗਿਣਤੀ ਵਧਾ ਰਿਹਾ ਹੈ, ਸਗੋਂ ਗੰਭੀਰ ਮਰੀਜ਼ਾਂ ਲਈ ਵੈਂਟੀਲੇਟਰ ਰੂਮ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਨਾਲ ਗੱਲ ਕਰ ਕੇ ਹੁਣ ਤੱਕ 33 ਵੈਂਟੀਲੇਟਰ ਰਾਖਵੇਂ ਕਰ ਲਏ ਗਏ ਹਨ, ਜਦੋਂ ਕਿ ਚਾਰ ਵੈਂਟੀਲੇਟਰ ਸਿਹਤ ਵਿਭਾਗ ਨੇ ਸੀ. ਐੱਮ. ਸੀ. ਹਸਪਤਾਲ 'ਚ ਸਥਾਪਤ ਕਰ ਦਿੱਤੇ ਹਨ। ਸਿਵਲ ਸਰਜਨ ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ 37 ਵੈਂਟੀਲੇਟਰਾਂ ਤੋਂ ਇਲਾਵਾ 10 ਹੋਰ ਵੈਂਟੀਲੇਟਰਾਂ ਦੀ ਵਿਵਸਥਾ ਕਰ ਲਈ ਗਈ ਹੈ, ਜੋ ਕੋਰੋਨਾ ਵਾਇਰਸ ਦੇ ਮਰੀਜ਼ਾਂ ਲਈ ਰਾਖਵੇਂ ਰੱਖ ਲਏ ਗਏ ਹਨ। ਹੁਣ ਤੱਕ ਰਾਜ 'ਚ ਕੋਰੋਨਾ ਵਾਇਰਸ ਦੇ 65 ਮਰੀਜ਼ ਸਾਹਮਣੇ ਆ ਚੁੱਕੇ ਹਨ, ਜਦੋਂ ਕਿ 5 ਵਿਅਕਤੀਆਂ ਦੀ ਇਸ ਨਾਮੁਰਾਦ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ।
ਜ਼ਿਲੇ 'ਚ ਕੁੱਲ 37 ਵੈਂਟੀਲੇਟਰ
ਡੀ. ਐੱਮ. ਸੀ. ਹਸਪਤਾਲ 'ਚ 5 ਵੈਂਟੀਲੇਟਰ
ਮੋਹਨ ਦੇਈ ਓਸਵਾਲ ਹਸਪਤਾਲ 'ਚ 5 ਵੈਂਟੀਲੇਟਰ
ਫੋਰਟਿਸ ਹਸਪਤਾਲ 'ਚ 7 ਵੈਂਟੀਲੇਟਰ
ਦੀਪਕ ਹਸਪਤਾਲ 'ਚ 2 ਵੈਂਟੀਲੇਟਰ
ਐੱਸ. ਪੀ. ਐੱਸ. ਹਸਪਤਾਲ 'ਚ 6 ਵੈਂਟੀਲੇਟਰ
ਦੀਪ ਹਸਪਤਾਲ 'ਚ 3 ਵੈਂਟੀਲੇਟਰ
ਸੀ. ਐੱਮ. ਸੀ. ਹਸਪਤਾਲ 'ਚ 4 ਵੈਂਟੀਲੇਟਰ
ਜੀ. ਟੀ. ਬੀ. ਹਸਪਤਾਲ 'ਚ 1 ਵੈਂਟੀਲੇਟਰ
ਸਿਵਲ ਹਸਪਤਾਲ 'ਚ 4 ਵੈਂਟੀਲੇਟਰ
ਕਦੋਂ ਅਤੇ ਕਿੰਨੇ ਜ਼ਰੂਰੀ ਹਨ ਵੈਂਟੀਲੇਟਰ
ਜਿਨ੍ਹਾਂ ਮਰੀਜ਼ਾਂ ਦੀ ਹਾਲਤ ਗੰਭੀਰ ਹੁੰਦੀ ਹੈ, ਵੈਂਟੀਲੇਟਰ ਉਨ੍ਹਾਂ ਦੀ ਜਾਨ ਬਚਾਉਣ 'ਚ ਮਦਦ ਕਰਦਾ ਹੈ। ਵੈਂਟੀਲੇਟਰ ਇਕ ਅਜਿਹੀ ਮਸ਼ੀਨ ਹੈ, ਜੋ ਕਿਸੇ ਮਰੀਜ਼ ਦੀ ਸਾਹ ਲੈਣ 'ਚ ਮਦਦ ਕਰਦੀ ਹੈ। ਇਹ ਫੇਫੜਿਆਂ 'ਚ ਆਕਸੀਜਨ ਪਾਉਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਬਾਹਰ ਕੱਢਦੀ ਹੈ। ਵੈਂਟੀਲੇਟਰ ਨੂੰ ਲਾਈਫ ਸੇਵਿੰਗ ਮਸ਼ੀਨ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹ ਉਸ ਸਮੇਂ ਵਰਤੀ ਜਾਂਦੀ ਹੈ, ਜਦੋਂ ਮਰੀਜ਼ ਦੇ ਫੇਫੜੇ ਕੰਮ ਕਰਨਾ ਬਹੁਤ ਘੱਟ ਕਰ ਦਿੰਦੇ ਹਨ। ਕੋਰੋਨਾ ਵਾਇਰਸ ਸੰਕ੍ਰਮਣ ਦੇ ਗੰਭੀਰ ਮਾਮਲਿਆਂ 'ਚ ਵਾਇਰਸ ਫੇਫੜਿਆਂ ਨੂੰ ਨੁਕਸਾਨ ਪਹੁੰਚਾਉਣ ਲੱਗਦਾ ਹੈ। ਇਨਸਾਨ ਦੇ ਫੇਫੜੇ ਸਰੀਰ 'ਚ ਉਹ ਜਗ੍ਹਾ ਹੈ, ਜਿਥੋਂ ਆਕਸੀਜਨ ਸਰੀਰ 'ਚ ਪੁੱਜਣਾ ਸ਼ੁਰੂ ਹੁੰਦੀ ਹੈ ਅਤੇ ਕਾਰਬਨ ਡਾਈਆਕਸਾਈਡ ਸਰੀਰ ’ਚੋਂ ਬਾਹਰ ਨਿਕਲਦੀ ਹੈ। ਜੇਕਰ ਇਹ ਵਾਇਰਸ ਤੁਹਾਡੇ ਮੂੰਹ ਤੋਂ ਹੁੰਦੇ ਹੋਏ ਸਾਹ ਦੀ ਨਲੀ 'ਚ ਦਾਖਲ ਹੁੰਦਾ ਹੈ ਅਤੇ ਫਿਰ ਤੁਹਾਡੇ ਫੇਫੜਿਆਂ ਤਕ ਪੁੱਜਦਾ ਹੈ ਤਾਂ ਫੇਫੜਿਆਂ 'ਚ ਛੋਟੇ-ਛੋਟੇ ਏਅਰਸੈਕ ਬਣਾ ਦਿੰਦਾ ਹੈ। ਕੋਰੋਨਾ ਦੇ ਬਣਾਏ ਛੋਟੇ-ਛੋਟੇ ਏਅਰਸੈਕ 'ਚ ਫਾਈਬਰ ਦੀ ਮਾਤਰਾ ਵਧ ਜਾਂਦੀ ਹੈ, ਜਿਸ ਨਾਲ ਸਾਹ ਲੈਣ 'ਚ ਕਠਿਨਾਈ ਹੋਣ ਲੱਗਦੀ ਹੈ ਅਤੇ ਤੁਸੀਂ ਲੰਮਾ ਸਾਹ ਨਹੀਂ ਲੈ ਪਾਉਂਦੇ। ਇਸ ਸਟੇਜ 'ਚ ਮਰੀਜ਼ ਨੂੰ ਵੈਂਟੀਲੇਟਰ ਦੀ ਜ਼ਰੂਰਤ ਪੈਂਦੀ ਹੈ।
ਹਸਪਤਾਲ ਨਹੀਂ ਖੋਲ੍ਹੇਗਾ ਓ. ਪੀ. ਡੀ. ਤਾਂ ਹੋਵੇਗਾ ਲਾਇਸੈਂਸ ਰੱਦ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਨੋਟਿਸ 'ਚ ਇਹ ਗੱਲ ਸਾਹਮਣੇ ਆਈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਕਾਰਨ ਕੁਝ ਹਸਪਤਾਲਾਂ ਨੇ ਆਪਣੀ ਓ. ਪੀ. ਡੀ. ਬੰਦ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਹੜੇ ਹਸਪਤਾਲ ਆਪਣੀ ਓ. ਪੀ. ਡੀ. ਬੰਦ ਕਰਨਗੇ ਅਤੇ ਮਰੀਜ਼ਾਂ ਦਾ ਇਲਾਜ ਕਰਨ ਤੋਂ ਭੱਜਣਗੇ, ਉਨ੍ਹਾਂ ਦਾ ਲਾਇਸੈਂਸ ਰੱਦ ਕਰ ਦੇਣਗੇ। ਕਿਸੇ ਨੇ ਕਿਹਾ ਕਿ ਇਹ ਉਸੇ ਤਰ੍ਹਾਂ ਹੈ ਕਿ ਜਿਵੇਂ ਜੰਗ 'ਚ ਕੋਈ ਫੌਜੀ ਮੈਦਾਨ ਛੱਡ ਭੱਜ ਜਾਣ ਅਤੇ ਇਸ ਤਰ੍ਹਾਂ ਦੇ ਲੋਕਾਂ ਲਈ ਸਿਰਫ ਗੋਲੀ ਮਾਰਨ ਦਾ ਆਰਡਰ ਹੁੰਦਾ ਹੈ ਤਾਂ ਇਸ ਸਮੇਂ ਵਿਚ ਜਦ ਕੋਰੋਨਾ ਦੀ ਮਹਾਮਾਰੀ ਰਾਜ ਵਿਚ ਆਪਣੇ ਪੈਰ ਪਸਾਰ ਰਹੀ ਹੈ ਤਾਂ ਹਸਪਤਾਲਾਂ ਨੂੰ ਓ. ਪੀ. ਡੀ. ਬੰਦ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਇਸ ਲਈ ਹਸਪਤਾਲਾਂ ਨੂੰ ਚਾਹੀਦਾ ਹੈ ਕਿ ਉਹ ਜਲਦ ਤੋਂ ਜਲਦ ਆਪਣੀ ਓ. ਪੀ. ਡੀ. ਸ਼ੁਰੂ ਕਰ ਦੇਣ।