ਥਾਣਿਅਾਂ ਦੇ ਬਾਹਰ ਪਏ ਕਰੋੜਾਂ ਦੇ ਵਾਹਨ ਹੋ ਚੁੱਕੇ ਨੇ ਕੰਡਮ

Monday, Jul 23, 2018 - 06:51 AM (IST)

ਲੁਧਿਆਣਾ, (ਤਰੁਣ)- ਲੁਧਿਆਣਾ ਮਹਾਨਗਰ ਦੇ 28 ਥਾਣਿਆਂ ਤੇ 27 ਚੌਕੀਆਂ ਦੇ ਬਾਹਰ ਹਜ਼ਾਰਾਂ ਦੀ ਗਿਣਤੀ  ’ਚ  ਖੜ੍ਹੇ ਵੱਖ–ਵੱਖ ਕੇਸਾਂ ’ਚੋਂ ਬਰਾਮਦ ਹੋਏ ਵਾਹਨ ਕੰਡਮ ਹੋ ਚੁੱਕੇ ਹਨ। ਜ਼ਿਆਦਾਤਰ ਵਾਹਨਾਂ ਤੋਂ ਟਾਇਰਾਂ ਸਮੇਤ ਸਾਰਾ ਸਾਮਾਨ ਗਾਇਬ ਹੈ। ਮਿੱਟੀ ਤੇ ਚਿੱਕਡ਼ ’ਚ ਧਸੇ ਵਾਹਨਾਂ ਦੀ ਹਾਲਾਤ ਬਦ ਤੋਂ ਬਦਤਰ ਹੋੋ ਚੁੱਕੀ ਹੈ।
ਵਿਦੇਸ਼ਾਂ ਦੇ ਥਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਥੇ ਦੇ ਸਿਸਟਮ ਅਤੇ ਪੰਜਾਬ ਦੇ ਥਾਣਿਆਂ ਵਿਚ ਜ਼ਮੀਨ ਆਸਮਾਨ ਦਾ ਫਰਕ ਹੈ। ਇਥੇ ਲਾਅ ਐਂਡ ਆਰਡਰ ਦੀਆਂ ਸ਼ਰੇਆਮ ਧੱਜੀਆਂ ਉਡਦੀਆਂ  ਦੇਖਣ ਨੂੰ ਮਿਲਦੀਆਂ ਹਨ। ਲੁਧਿਆਣਾ ਦੇ ਜ਼ਿਆਦਾਤਰ ਥਾਣਿਆਂ ਦਾ ਬਾਹਰੀ ਦ੍ਰਿਸ਼ ਕਬਾਡ਼ ਦੀ ਦੁਕਾਨ ਨਜ਼ਰ ਆਉਂਦਾ ਹੈ।
ਪੁਲਸ ਦੀ ਲਾਪ੍ਰਵਾਹੀ ਦੀ ਕੀਮਤ ਭਰਦੈ ਵਾਹਨ ਮਾਲਕ PunjabKesari
 ਕੇਸ ਨਾਲ ਸਬੰਧਤ ਵਾਹਨ ਜਦ ਪੁਲਸ ਦੀ ਕਸਟਿਡੀ ’ਚ ਆਉਂਦਾ ਹੈ ਤਾਂ ਖੁਸ਼ਕਿਸਮਤ ਇਨਸਾਨ ਹੀ ਹੁੰਦਾ ਹੈ, ਜਿਸ ਨੂੰ ਵਾਹਨ ਮਿਲ ਜਾਵੇ ਜ਼ਿਆਦਾਤਰ ਕੇਸਾਂ ’ਚ ਚੋਰੀ ਹੋਏ ਵਾਹਨ ਪੁਲਸ ਦੀ ਲਾਪ੍ਰਵਾਹੀ ਦੇ ਕਾਰਨ ਅਸਲੀ ਮਾਲਕ ਤੱਕ ਨਹੀਂ ਪੁੱਜਦੇ। ਚੋਰ, ਲੁਟੇਰੇ ਇਕ ਸ਼ਹਿਰ ਤੋਂ ਵਾਹਨ ਚੋਰੀ ਕਰਦੇ ਹਨ ਤੇ ਦੂਜੇ ਸ਼ਹਿਰ ਵਿਚ ਵੇਚਣ ਨਿਕਲ ਜਾਂਦੇ ਹਨ। ਕਈ ਵਾਰ ਚੋਰ ਜਦ ਵਾਹਨ ਸਮੇਤ ਫਡ਼ੇ ਜਾਂਦੇ ਹਨ ਤਾਂ ਲੰਮੀ ਅਦਾਲਤੀ ਅਤੇ ਪੁਲਸ ਕਾਰਵਾਈ ਦੇ ਕਾਰਨ ਵਾਹਨ ਅਸਲੀ ਮਾਲਕ ਤੱਕ ਨਹੀਂ ਪਹੁੰਚਦਾ।
ਹਾਈਵੋਲਟੇਜ ਤਾਰਾਂ ਤੋਂ ਸਿਰਫ 2 ਇੰਚ ਦੂਰ ਹਨ ਵਾਹਨ 
 ਸ਼ਿਮਲਾਪੁਰੀ ਥਾਣੇ ਦੀ ਗੱਲ ਕੀਤੀ ਜਾਵੇ ਤਾਂ ਉਥੇ ਵਾਹਨਾਂ ਨੂੰ ਰੱਖਣ ਲਈ ਜਗ੍ਹਾ ਬਿਲਕੁਲ ਨਹੀਂ ਹੈ। ਥਾਣੇ ਦੇ ਚਾਰੇ ਪਾਸੇ ਵਾਹਨਾਂ ਦੀ ਭਰਮਾਰ ਲੱਗੀ ਹੈ। ਇਕ ਟਰੱਕ ’ਚ ਕਾਰ ਦੇ ਉਪਰ ਕਾਰ ਅਤੇ ਹੋਰ ਵਾਹਨ  15 ਫੁੱਟ ਦੀ ਉਚਾਈ ਤੱਕ ਜਾਂਦੇ ਹਨ, ਜੋ ਕਿ ਬਿਜਲੀ ਦੀਆਂ ਤਾਰਾਂ ਤੋਂ ਸਿਰਫ 2 ਇੰਚ ਦੂਰ ਹਨ, ਜੋ ਕਿਸੇ ਵੱਡੇ ਹਾਦਸੇ ਦਾ ਕਾਰਨ ਬਣ ਸਕਦੇ ਹਨ।
ਪੁਲਸ ਪ੍ਰਸ਼ਾਸਨ ਨੂੰ ਇਸ ਤਰ੍ਹਾਂ ਦੇ ਵਾਹਨਾਂ ਲਈ ਮਿਲਣਾ ਚਾਹੀਦੈ ਖੁੱਲ੍ਹਾ ਮੈਦਾਨ PunjabKesari
 ਸਾਈਂ ਲਾਡੀ ਸ਼ਾਹ ਪਰਿਵਾਰ ਦੇ ਪ੍ਰਧਾਨ ਗਗਨ ਚੋਪਡ਼ਾ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਕੰਡਮ ਵਾਹਨਾਂ ਨਾਲ ਜਿਥੇ ਥਾਣਿਆਂ ਦੇ ਬਾਹਰੀ ਦ੍ਰਿਸ਼ ਦੀ ਸੁੰਦਰਤਾ ’ਚ ਕਮੀ ਆਉਂਦੀ ਹੈ, ਉਥੇ ਆਮ ਪਬਲਿਕ ਸਮੇਤ ਪੁਲਸ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪੁਲਸ ਪ੍ਰਸ਼ਾਸਨ ਨੂੰ  ਇਸ ਤਰ੍ਹਾਂ ਦੇ ਵਾਹਨਾਂ  ਲਈ ਇਕ ਖੁੱਲ੍ਹਾ ਮੈਦਾਨ ਮਿਲਣਾ  ਚਾਹੀਦਾ  ਹੈ, ਜਿਥੇ ਵਾਹਨਾਂ ਨੂੰ ਖੜ੍ਹਾ ਕੀਤਾ ਜਾ ਸਕੇ।
ਵਾਹਨਾਂ ਦਾ ਪੁਲਸ ਵੀ ਕਰਦੀ ਹੈ ਇਸਤੇਮਾਲ 
 ਚੋਰੀ ਹੋਏ ਵਾਹਨ ਤੇ ਧਾਰਾ 207 ’ਚ ਬੰਦ ਹੋਏ ਵਾਹਨਾਂ ਦਾ ਕਈ ਵਾਰ ਪੁਲਸ ਵਲੋਂ ਇਸਤੇਮਾਲ ਕੀਤਾ ਜਾਂਦਾ ਹੈ। ਥਾਣਿਆਂ ਦੇ ਬਾਹਰ ਤੋਂ ਵਾਹਨਾਂ ਦਾ ਸਾਮਾਨ ਚੋਰੀ ਹੋ ਜਾਵੇ ਇਹ ਪੁਲਸ ਦੀ ਮਿਲੀਭੁਗਤ ਦੇ ਬਿਨਾਂ ਤਾਂ ਸੰਭਵ ਨਹੀਂ ਹੈ।
ਕੀ ਕਹਿਣਾ ਹੈ  ਪੁਲਸ ਕਮਿਸ਼ਨਰ ਦਾ 
 ਪੁਲਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਾਹਨ ਚੋਰੀ ਅਤੇ ਦੁਰਘਟਨਾ ਦੇ ਹਨ। ਚੋਰੀ ਹੋਏ ਵਾਹਨਾਂ ਨੂੰ ਅਦਾਲਤ ਵਲੋਂ ਆਰਡਰ ਮਿਲਣ ਦੇ ਬਾਅਦ ਹੀ ਵਾਹਨ ਮਾਲਕ ਨੂੰ ਸੌਂਪਿਆ ਜਾਂਦਾ ਹੈ। ਕਈ ਵਾਰ ਵਾਹਨ ਮਾਲਕਾਂ ਨੂੰ ਸੂਚਨਾ ਦਿੱਤੀ ਜਾਂਦੀ ਹੈ ਪਰ ਉਹ ਲੈਣ ਦੇ ਲਈ ਨਹੀਂ ਆਉਂਦੇ ਹਨ। ਫਿਲਹਾਲ ‘ਜਗ ਬਾਣੀ’ ਵਲੋਂ ਮਿਲੀ ਸੂਚਨਾ ਦੇ ਬਾਅਦ ਉਹ ਇਸ ਖਬਰ ਦਾ ਨੋਟਿਸ ਲੈਣਗੇ ਅਤੇ ਤੁਰੰਤ ਕਾਰਵਾਈ ਦੇ ਹੁਕਮ ਦੇਣਗੇ। 


Related News