ਵਾਹਨ ਮਾਲਕਾਂ ਨੇ ਕੰਮ ਨਾ ਕਰਨ ਦੇ ਦੋਸ਼ ਲਗਾ ਮੋਟਰ ਵ੍ਹੀਕਲ ਇੰਸਪੈਕਟਰ ਦਾ ਕੀਤਾ ਘਿਰਾਓ
Tuesday, Dec 27, 2022 - 10:39 PM (IST)
ਸਾਹਨੇਵਾਲ (ਜਗਰੂਪ) : ਮੋਟਰ ਵ੍ਹੀਕਲ ਇੰਸਪੈਕਟਰ (ਐੱਮਵੀਆਈ) ਲੁਧਿਆਣਾ ਖਿਲਾਫ਼ ਕੰਮ ਨਾ ਕਰਨ ਦੇ ਦੋਸ਼ ਲਾਉਂਦਿਆਂ ਵੱਡੀ ਗਿਣਤੀ ਵਾਹਨ ਮਾਲਕਾਂ ਨੇ ਦਾਣਾ ਮੰਡੀ ਸਾਹਨੇਵਾਲ ’ਚ ਇੰਸਪੈਕਟਰ ਦਾ ਘਿਰਾਓ ਕੀਤਾ। ਉੱਥੇ ਦੂਜੇ ਪਾਸੇ ਵਾਹਨ ਮਾਲਕਾਂ ਦੇ ਰੋਹ ਨੂੰ ਦੇਖਦਿਆਂ ਇੰਸਪੈਕਟਰ ਸਾਹਿਬ ਸਿਹਤ ਖਰਾਬ ਹੋਣ ਦਾ ਕਥਿਤ ਬਹਾਨਾ ਬਣਾਉਣ ਲੱਗੇ ਪਰ ਸਵੇਰੇ ਕਰੀਬ 5 ਵਜੇ ਤੋਂ ਮੋਟਰ ਵ੍ਹੀਕਲ ਇੰਸਪੈਕਟਰ ਦਾ ਇੰਤਜ਼ਾਰ ਕਰ ਰਹੇ ਵਾਹਨ ਮਾਲਕਾਂ ਨੇ ਇੰਸਪੈਕਟਰ ਖਿਲਾਫ਼ ਹੋਰ ਵੀ ਗੰਭੀਰ ਇਲਜ਼ਾਮ ਲਗਾਏ। ਲਗਭਗ 4 ਘੰਟੇ ਚੱਲੇ ਘਿਰਾਓ ਤੋਂ ਬਾਅਦ ਮੌਕੇ ’ਤੇ ਪਹੁੰਚੇ ਥਾਣੇਦਾਰ ਕਰਨੈਲ ਸਿੰਘ ਵੱਲੋਂ ਸਮਝਾਉਣ ਤੋਂ ਬਾਅਦ ਹੱਲ ਨਿਕਲਿਆ ਕਿ ਇੰਸਪੈਕਟਰ ਸਾਹਿਬ ਦੇ ਡਰਾਈਵਰ ਵਾਹਨ ਮਾਲਕਾਂ ਦਾ ਕੰਮ ਕਰਨਗੇ ਅਤੇ ਫਿਰ ਡਰਾਈਵਰ ਨੇ ਇੰਸਪੈਕਟਰ ਦਾ ਚਾਰਜ ਸੰਭਾਲਦਿਆਂ ਕੰਮ ਕਰਨਾ ਸ਼ੁਰੂ ਕੀਤਾ ਤੇ ਅਸਲ ਇੰਸਪੈਕਟਰ ਆਪਣੀ ਬਰੇਜ਼ਾ ਗੱਡੀ ’ਚ ਅਰਾਮ ਫਰਮਾਉਣ ਲੱਗ ਗਏ।
ਇਹ ਵੀ ਪੜ੍ਹੋ : ED ਨੇ ਲੁਧਿਆਣਾ ਦੇ ਨਾਮੀ ਠੇਕੇਦਾਰ ਚੰਨੀ ਬਜਾਜ ਦੇ 11 ਕੰਪਲੈਕਸਾਂ ’ਤੇ ਕੀਤੀ ਛਾਪੇਮਾਰੀ, ਪੜ੍ਹੋ ਪੂਰਾ ਮਾਮਲਾ
ਇਕ ਘੰਟੇ ’ਚ 20 ਗੱਡੀਆਂ ਦਾ ਨਿਰੀਖਣ ਕਰਨ ਤੋਂ ਬਾਅਦ ਕੀਤਾ ਕੰਮ ਬੰਦ : ਅਮਰਜੀਤ, ਰਾਕੇਸ਼ ਜੈਨ
ਆਪਣੀ ਪਿਕਅੱਪ ਬਲੈਰੋ ਗੱਡੀ ਦੀ ਪਾਸਿੰਗ ਕਰਵਾਉਣ ਲਈ ਪਹੁੰਚੇ ਅਮਰਜੀਤ ਸਿੰਘ ਅਤੇ ਪਿਆਗੋ ਗੱਡੀ ਦਾ ਫਿਟਨੈੱਸ ਸਰਟੀਫਿਕੇਟ ਲੈਣ ਆਏ ਰਾਕੇਸ਼ ਜੈਨ ਨੇ ਮੋਟਰ ਵ੍ਹੀਕਲ ਇੰਸਪੈਕਟਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਸਵੇਰੇ ਕਰੀਬ 6 ਵਜੇ ਤੋਂ ਆਪਣੀਆਂ ਗੱਡੀਆਂ ਲੈ ਕੇ ਲਾਈਨ ’ਚ ਲੱਗੇ ਹੋਏ ਹਨ। ਇੰਸ. ਪ੍ਰਿਥੀਪਾਲ ਸਿੰਘ 10 ਵਜੇ ਕੰਮ ਸ਼ੁਰੂ ਕਰਦੇ ਹਨ ਅਤੇ ਫਿਰ ਇਕ ਸਾਈਡ ਤੋਂ ਕਰੀਬ 20 ਗੱਡੀਆਂ ਦੀ ਫਿਟਨੈੱਸ ਚੈੱਕ ਕਰਨ ਤੋਂ ਬਾਅਦ ਕਰੀਬ 11 ਵਜੇ ਤੁਰੰਤ ਕੰਮ ਬੰਦ ਕਰ ਦਿੱਤਾ ਜਾਂਦਾ ਹੈ। ਜਦੋਂ ਵਾਹਨ ਮਾਲਕ ਇਸ ਦਾ ਕਾਰਨ ਪੁੱਛਦੇ ਹਨ ਤਾਂ ਪਹਿਲਾਂ ਕੋਈ ਸੰਤੁਸ਼ਟ ਜਵਾਬ ਨਹੀਂ ਦਿੱਤਾ ਜਾਂਦਾ।
ਇਹ ਵੀ ਪੜ੍ਹੋ : ਮੁੱਖ ਮੰਤਰੀ ਵੱਲੋਂ ਸੈਰ-ਸਪਾਟਾ ਕੇਂਦਰ ਵਜੋਂ ਬਠਿੰਡਾ ਨੂੰ ਉਭਾਰਨ ਲਈ ਝੀਲਾਂ ਦਾ ਮੁਕੰਮਲ ਕਾਇਆ-ਕਲਪ ਕਰਨ ਦਾ ਐਲਾਨ
2 ਦਿਨ ਦੇ ਕੰਮ ’ਚ ਵੀ ਮਨਮਰਜ਼ੀ : ਜਸਵਿੰਦਰ ਸਿੰਘ
ਬਠਿੰਡਾ ਤੋਂ ਆਪਣੀਆਂ 3 ਕਮਰਸ਼ੀਅਲ ਗੱਡੀਆਂ ਦੀ ਫਿਟਨੈੱਸ ਚੈੱਕ ਕਰਵਾਉਣ ਲਈ ਆਏ ਜਸਵਿੰਦਰ ਸਿੰਘ ਨੇ ਕਿਹਾ ਕਿ ਹਫਤੇ ਦੇ ਸੋਮਵਾਰ ਤੇ ਬੁੱਧਵਾਰ ਨੂੰ ਸਿਰਫ 2 ਦਿਨ ਐੱਮ. ਵੀ. ਆਈ. ਸਾਹਿਬ ਕੰਮ ਕਰਦੇ ਹਨ ਪਰ ਇਨ੍ਹਾਂ 2 ਦਿਨਾਂ ’ਚ ਵੀ ਲੋਕਾਂ ਦਾ ਕੰਮ ਤੇਜ਼ੀ ਅਤੇ ਨਿਰਸਵਾਰਥ ਕਰਨ ਦੀ ਥਾਂ ਇੰਸਪੈਕਟਰ ਦੀ ਮਨਮਰਜ਼ੀ ਹੀ ਦਿਖਾਈ ਦਿੰਦੀ ਹੈ। ਕਦੇ ਇਕ ਘੰਟਾ ਤੇ ਕਦੇ ਅੱਧਾ ਘੰਟਾ ਹੀ ਕੰਮ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਨੇ ਖੋਹ ਲਈਆਂ ਘਰ ਦੀਆਂ ਖੁਸ਼ੀਆਂ, ਭਿਆਨਕ ਸੜਕ ਹਾਦਸੇ ਨੇ ਲਈ ਜਾਨ
ਐੱਮ. ਵੀ. ਆਈ. ਕਾਰਨ ਲੱਗੇ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਮੁਰਦਾਬਾਦ ਦੇ ਨਾਅਰੇ
ਦਾਣਾ ਮੰਡੀ ਸਾਹਨੇਵਾਲ ’ਚ ਲੱਗੀਆਂ ਵਾਹਨਾਂ ਦੀਆਂ ਲੰਬੀਆਂ ਲਾਈਨਾਂ ਅਤੇ ਦੁਖੀ ਹੋਏ ਵਾਹਨ ਮਾਲਕਾਂ ਨੂੰ ਐੱਮ. ਵੀ. ਆਈ. ਦੀ ਕਥਿਤ ਮਨਮਰਜ਼ੀ ਦਾ ਸਾਹਮਣਾ ਕਰਦਿਆਂ ਖੱਜਲ-ਖੁਆਰ ਹੋਣਾ ਪਿਆ ਪਰ ਇੰਸਪੈਕਟਰ ਸਾਹਿਬ ਦੀ ਮਨਮਰਜ਼ੀ ਕਾਰਨ ਪੰਜਾਬ ਸਰਕਾਰ ਅਤੇ ਟਰਾਂਸਪੋਰਟ ਮੰਤਰੀ ਮੁਰਦਾਬਾਦ ਦੇ ਨਾਅਰੇ ਕਾਫੀ ਦੇਰ ਤੱਕ ਸੁਣਾਈ ਦਿੱਤੇ। ਇਸ ਤੋਂ ਬਾਅਦ ਵੀ ਨਾ ਤਾਂ ਸਰਕਾਰ ਦੇ ਕਿਸੇ ਨੁਮਾਇੰਦੇ ਤੇ ਨਾ ਹੀ ਪ੍ਰਸ਼ਾਸਨਿਕ ਅਧਿਕਾਰੀ ਨੇ ਲੋਕਾਂ ਦੀ ਮੁਸ਼ਕਿਲ ਨੂੰ ਹੱਲ ਕਰਨ ਦੀ ਜਹਿਮਤ ਉਠਾਈ। ਪੰਜਾਬ ਪੁਲਸ ਦੇ ਇਕ ਥਾਣੇਦਾਰ ਨੇ ਐੱਮ. ਵੀ. ਆਈ. ਦੀ ਸਿਹਤ ਪ੍ਰਤੀ ਚਿੰਤਾ ਜਤਾਉਂਦਿਆਂ ਲੋਕਾਂ ਨੂੰ ਸਮਝਾਇਆ, ਜਿਸ ਤੋਂ ਬਾਅਦ ਐੱਮ. ਵੀ. ਆਈ. ਦਾ ਡਰਾਈਵਰ ਲੋਕਾਂ ਦਾ ਕੰਮ ਕਰਨ ਲੱਗਾ ਤੇ ਐੱਮ. ਵੀ. ਆਈ. ਆਪਣੀ ਗੱਡੀ ’ਚ ਅਰਾਮ ਫਰਮਾਉਣ ਲੱਗੇ।
ਇਹ ਵੀ ਪੜ੍ਹੋ : ਮੋਬਾਈਲ ਖੋਹ ਕੇ ਭੱਜ ਰਹੇ ਸਨ ਲੁਟੇਰੇ, ਲੋਕਾਂ ਨੇ ਲਏ ਦਬੋਚ, ਸ਼ਰੇਆਮ ਕੀਤੀ ਛਿੱਤਰ ਪਰੇਡ ਤੇ ਫਿਰ...
ਵਿਭਾਗ ਨੂੰ ਸਿਹਤ ਪ੍ਰਤੀ ਲਿਖ ਕੇ ਦਿੱਤਾ ਪਰ ਨਹੀਂ ਕੋਈ ਸੁਣਵਾਈ : ਐੱਮ. ਵੀ. ਆਈ.
ਇਸ ਮੌਕੇ ਜਦੋਂ ਐੱਮ. ਵੀ. ਆਈ. ਪ੍ਰਿਥੀਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਰਿਟਾਇਰਮੈਂਟ ’ਚ 3 ਮਹੀਨੇ ਦਾ ਸਮਾਂ ਬਾਕੀ ਹੈ। ਉਨ੍ਹਾਂ ਨੇ ਆਪਣੀ ਸਿਹਤ ਪ੍ਰਤੀ ਸਮੱਸਿਆਵਾਂ ਬਾਰੇ ਵਿਭਾਗ ਨੂੰ ਲਿਖਤੀ ਤੌਰ ’ਤੇ ਅਪੀਲ ਕੀਤੀ ਹੈ ਪਰ ਉਸ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ। ਅੱਜ ਵੀ ਸਿਹਤ ਵਿਗੜਨ ਕਾਰਨ ਹੀ ਕੰਮ ਬੰਦ ਕਰਨਾ ਪਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।