ਕੰਡਿਆਲੀ ਤਾਰ ਨੇੜੇ ਸ਼ੱਕੀ ਹਾਲਤ 'ਚ ਘੁੰਮਦਾ ਵਿਅਕਤੀ ਬੀ. ਐੱਸ. ਐੱਫ. ਨੇ ਦਬੋਚਿਆ
Friday, Jan 17, 2020 - 12:45 PM (IST)
![ਕੰਡਿਆਲੀ ਤਾਰ ਨੇੜੇ ਸ਼ੱਕੀ ਹਾਲਤ 'ਚ ਘੁੰਮਦਾ ਵਿਅਕਤੀ ਬੀ. ਐੱਸ. ਐੱਫ. ਨੇ ਦਬੋਚਿਆ](https://static.jagbani.com/multimedia/2017_12image_15_02_554270000arest.jpg)
ਵਲਟੋਹਾ (ਗੁਰਮੀਤ ਸਿੰਘ, ਰਮਨ) : ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਸੈਕਟਰ ਖੇਮਕਰਨ ਅਧੀਨ ਆਉਂਦੀ ਸਰਹੱਦੀ ਚੌਕੀ ਮੀਆਂਵਾਲਾ ਦੇ ਇਲਾਕੇ 'ਚੋਂ ਇਕ ਸ਼ੱਕੀ ਵਿਅਕਤੀ ਨੂੰ ਬੀ. ਐੱਸ. ਐੱਫ. ਦੇ ਜਵਾਨਾਂ ਨੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਇਹ ਸ਼ੱਕੀ ਨਜ਼ਦੀਕੀ ਪਿੰਡ ਦਾ ਵਸਨੀਕ ਦੱਸਿਆ ਜਾ ਰਿਹਾ ਹੈ, ਜਿਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸ ਸਬੰਧੀ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਦੇਸ਼ ਦੀ ਰੱਖਿਆ ਲਈ ਤਾਇਨਾਤ ਬੀ. ਐੱਸ. ਐੱਫ. ਦੇ 14 ਬਟਾਲੀਅਨ ਦੇ ਜਵਾਨ ਸਰਹੱਦ 'ਤੇ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ 15 ਜਨਵਰੀ ਦੀ ਦਰਮਿਆਨੀ ਰਾਤ ਬੀ. ਓ. ਪੀ. ਮੀਆਂਵਾਲਾ ਉਤਾੜ ਨਜ਼ਦੀਕ ਕੰਡਿਆਲੀ ਤਾਰ ਕੋਲ ਇਕ ਸ਼ੱਕੀ ਹਾਲਤ 'ਚ ਵਿਅਕਤੀ ਦਿਖਾਈ ਦਿੱਤਾ, ਜਿਸ ਨੂੰ ਤੁਰੰਤ ਬੀ. ਐੱਸ. ਐੱਫ. ਦੇ ਜਵਾਨਾਂ ਨੇ ਘੇਰਾਬੰਦੀ ਕਰਕੇ ਕਾਬੂ ਕਰ ਲਿਆ, ਜਿਸ ਦੀ ਪਛਾਣ ਜ਼ੋਰਾ ਸਿੰਘ ਪੁੱਤਰ ਬਗੀਚਾ ਸਿੰਘ ਵਾਸੀ ਮਹਿੰਦੀਪੁਰ ਥਾਣਾ ਖੇਮਕਰਨ ਵਜੋਂ ਹੋਈ ਹੈ। ਬੀ. ਐੱਸ. ਐੱਫ. ਅਤੇ ਹੋਰ ਸੁਰੱਖਿਆ ਏਜੰਸੀਆਂ ਵਲੋਂ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਸਾਰੀ ਜਾਂਚ ਮੁਕੰਮਲ ਹੋਣ ਤੋਂ ਬਾਅਦ ਹੀ ਇਹ ਪੁਸ਼ਟੀ ਹੋ ਸਕੇਗੀ ਕਿ ਇਹ ਵਿਅਕਤੀ ਕਿਉਂ ਅਤੇ ਕਿਸ ਲਈ ਸਰਹੱਦ 'ਤੇ ਆਇਆ ਸੀ।